(ਸਮਾਜ ਵੀਕਲੀ) ਪਲੇਟਫਾਰਮ ਤੇ ਗੱਡੀ ਪੁਹੰਚਦਿਆਂ ਹੀ ਮੈਂ ਉਸ ‘ਚ ਸਵਾਰ ਹੋ ਗਿਆ l ਕੁਝ ਦੇਰ ਬਾਅਦ ਮੇਰੇ ਸਾਹਮਣੇ ਵਾਲੀ ਸੀਟ ‘ਤੇ ਇਕ ਸਰਦਾਰ ਜੀ ਆ ਕੇ ਬੈਠ ਗਏ l ਲੰਮਾ ਸਫ਼ਰ ਹੋਣ ਕਾਰਨ ਮੈਂ ਉਸ ਵੱਲ ਦੋਸਤੀ ਦਾ ਹੱਥ ਵਧਾਇਆ l ਅਸੀਂ ਛੋਟੇ -ਮੋਟੇ ਵਿਸ਼ਿਆਂ ਤੇ ਗੱਲਬਾਤ ਕਰਦੇ ਗਏ l ਪਰ ਮੈਨੂੰ ਉਸ ਨਾਲ ਗੱਲ ਕਰਦਿਆਂ ਅਜ਼ੀਬ ਜਿਹੀ ਹੈਰਾਨੀ ਮਹਿਸੂਸ ਹੋ ਰਹੀ ਸੀ ਕਿ ਉਹ ਭਾਈ ਸਾਹਿਬ ਸਰਦਾਰ ਹੁੰਦੇ ਹੋਏ ਵੀ ਹਿੰਦੀ ਬੋਲ ਰਹੇ ਸੀ l ਖੈਰ ! ਸਾਡੀ ਵਾਰਤਾਲਾਪ ਚਲਦੀ ਰਹੀ l
ਕਈ ਸਟੇਸ਼ਨ ਲੰਘਦੇ ਗਏ l ਇੰਨੇ ਨੂੰ ਮੇਰੀ ਅੱਖ ਲੱਗ ਗਈ l ਗੱਡੀ ਰੁਕੀ ਤਾ ਸਰਦਾਰ ਜੀ ਪਲੇਟਫਾਰਮ ਤੇ ਚਾਹ ਪੀਣ ਲਈ ਉਤਰ ਗਏ l ਜਦੋਂ ਗੱਡੀ ਚੱਲੀ ਤਾ ਅਚਾਨਕ ਮੈਨੂੰ ਝਗੜੇ ਦੀ ਆਵਾਜ਼ ਸੁਣਾਈ ਦਿਤੀ l ਮੇਰੀ ਨੀਂਦ ਖੁਲ ਗਈ l
ਮੈਂ ਵੇਖਿਆ ਇਕ ਭਈਆ ਸਰਦਾਰ ਜੀ ਨਾਲ ਤਿੱਖੇ ਸਵਰ ‘ਚ ਲੜ ਰਿਹਾ ਸੀ l ਮੈਨੂੰ ਪਤਾ ਲੱਗਾ ਕੇ ਸਰਦਾਰ ਜੀ ਹੇਠਾਂ ਉਤਰੇ ਸੀ ਤਾ ਇਕ ਭਈਆ ਉਨ੍ਹਾਂ ਦੀ ਸੀਟ ‘ਤੇ ਆ ਬੈਠਾ ਸੀ l ਭਈਆ ਬੜੇ ਤੇਜ ਸਵਰ ‘ਚ ਸਰਦਾਰ ਜੀ ਨਾਲ ਝਗੜ ਰਿਹਾ ਸੀ l ਝਗੜਾ ਕਾਫੀ ਦੇਰ ਚਲਦਾ ਰਿਹਾ l ਇੰਨੇ ਨੂੰ ਮੈਂ ਮਹਿਸੂਸ ਕੀਤਾ ਕਿ ਸਰਦਾਰ ਜੀ ਹੁਣ ਬੜੀ ਤੇਜ਼ੀ ਨਾਲ ਪੰਜਾਬੀ ਬੋਲ ਰਹੇ ਸੀ l ਸ਼ਾਇਦ ਹਿੰਦੀ ਭਾਸ਼ਾ ਨਾਲ ਉਹ ਖੁੱਲ੍ਹ ਕੇ ਆਪਣੀ ਗੱਲ ਵਿਅਕਤ ਨਹੀਂ ਕਰ ਸਕੇ ਸੀ l ਹਾਰ ਕੇ ਭਈਆ ਉੱਠ ਕੇ ਚਲਾ ਗਿਆ l ਸਰਦਾਰ ਜੀ ਜਿੱਤ ਦੀ ਖੁਸ਼ੀ ‘ਚ ਸੀਟ ‘ਤੇ ਬੈਠ ਗਏ ਤੇ ਬੋਲੇ, “ਸ਼ੁਕਰ ਹੈ ! ਉਸ ਭਈਆ ਸੇ ਜਾਨ ਛੁੱਟੀ l”ਸੁਣਦੇ ਹੀ ਮੈਂ ਹੱਕਾਂ -ਬੱਕਾ ਰਹਿ ਗਿਆ l
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ.ਏ, ਬੀ. ਐੱਡ । ਫ਼ਿਰੋਜ਼ਪੁਰ ਸ਼ਹਿਰ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly