ਪੰਜਾਬ ਮਾਡਲ ਬਾਰੇ ਪਰਗਟ ਦੇ ਸਿੱਧੂ ਨਾਲ ਇਕਮਤ ਨਾ ਹੋਣ ਦੇ ਚਰਚੇ

ਜਲੰਧਰ (ਸਮਾਜ ਵੀਕਲੀ):  ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬੜੇ ਜ਼ੋਰ-ਸ਼ੋਰ ਨਾਲ ‘ਪੰਜਾਬ ਮਾਡਲ’ ਲੋਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਸ੍ਰੀ ਸਿੱਧੂ ਹਾਲ ਦੀ ਘੜੀ ਇਕੱਲੇ ਹੀ ਨਜ਼ਰ ਆ ਰਹੇ ਹਨ। ਨਵਜੋਤ ਸਿੰਘ ਸਿੱਧੂ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਇੱਕੋ ਸਮੇਂ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਦੋਵੇਂ ਹੀ ਇੱਕਜੁਟ ਨਜ਼ਰ ਆਉਂਦੇ ਰਹੇ ਸਨ, ਪਰ ਪਿਛਲੇ ਦਿਨਾਂ ਵਿੱਚ ਤੇਜ਼ੀ ਨਾਲ ਵਾਪਰੀਆਂ ਘਟਨਾਵਾਂ ਦੌਰਾਨ ਸਿੱਧੂ ਤੇ ਪਰਗਟ ਸਿੰਘ ਵਿੱਚ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਸਿੱਧੂ ਪੰਜਾਬ ਦਾ ਮਾਡਲ ਪੇਸ਼ ਕਰਨ ਸਮੇਂ ਹਮੇਸ਼ਾ ਇਕੱਲੇ ਨਜ਼ਰ ਆਉਂਦੇ ਹਨ ਤੇ ਉਨ੍ਹਾਂ ਨਾਲ ਹੁਣ ਕਾਂਗਰਸ ਹਾਈਕਮਾਂਡ ਵੱਲੋਂ ਥਾਪੇ ਚਾਰ ਕਾਰਜਕਾਰੀ ਪ੍ਰਧਾਨ ਵੀ ਨਜ਼ਰ ਨਹੀਂ ਆਉਂਦੇ। ਪਰਗਟ ਸਿੰਘ ਦਾ ਮੰਤਰੀ ਬਣਨ ਤੋਂ ਬਾਅਦ ਸਿਆਸੀ ਕੱਦ ਵਧਿਆ ਹੈ ਤੇ ਪਾਰਟੀ ਵਿੱਚ ਵੀ ਉਨ੍ਹਾਂ ਦੀ ਪਕੜ ਮਜ਼ਬੂਤ ਹੋਈ ਹੈ।

ਸਿੱਧੂ ਤੇ ਪਰਗਟ ਸਿੰਘ ਵਿਚਾਲੇ ਦੂਰੀਆਂ ਵਧਣ ਦਾ ਮੁੱਢ ਲੰਘੀ 17 ਦਸੰਬਰ ਨੂੰ ਉਦੋਂ ਬੱਝਾ ਸੀ ਜਦੋਂ ਪਰਗਟ ਸਿੰਘ ਦੇ ਵਿਧਾਨ ਸਭਾ ਹਲਕੇ ਵਿੱਚ ਰੱਖੀ ਇੱਕ ਚੋਣ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਹੀਂ ਪਹੁੰਚੇ ਸਨ ਜਦਕਿ ਪਰਗਟ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਸਿੱਧੂ ਦੇ ਆਉਣ ਦੀ ਪੁਸ਼ਟੀ ਕੀਤੀ ਸੀ। ਸਟੇਜ ’ਤੇ  ਲੱਗੀਆਂ ਫਲੈਕਸਾਂ ’ਤੇ ਸਿੱਧੂ ਦੀਆਂ ਤਸਵੀਰਾਂ ਬੜੀ ਪ੍ਰਮੁੱਖਤਾ ਨਾਲ ਲਗਾਈਆਂ ਗਈਆਂ ਸਨ। ਕਾਂਗਰਸੀ ਆਗੂਆਂ ਦਾ ਮੰਨਣਾ ਸੀ ਕਿ ਜੇ ਉਸ ਦਿਨ ਨਵਜੋਤ ਸਿੰਘ ਸਿੱਧੂ ਰੈਲੀ ਵਿੱਚ ਆ ਜਾਂਦੇ ਤੇ ਕਾਂਗਰਸ ਦੀ ਏਕਤਾ ਦਾ ਸੁਨੇਹਾ ਜਾਣਾ ਸੀ ਕਿਉਂਕਿ ਇਸ  ਰੈਲੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਸੁਨੀਲ ਜਾਖੜ ਤੇ ਹੋਰ ਆਗੂ ਹਾਜ਼ਰ ਸਨ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੇਸ਼ ਕੀਤੇ ਜਾ ਰਹੇ ਪੰਜਾਬ ਮਾਡਲ ਦੀ ਪਰਗਟ ਸਿੰਘ ਨੇ ਡਟ ਕੇ ਹਮਾਇਤ ਨਹੀਂ ਕੀਤੀ। ਪਰਗਟ ਸਿੰਘ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਕੋਲ ਅਜਿਹਾ ਕੋਈ ਆਗੂ ਨਹੀਂ ਜਿਹੜਾ ਰਾਤੋ-ਰਾਤ ਪੰਜਾਬ ਦੀ ਸਥਿਤੀ ਨੂੰ ਬਦਲ ਸਕਦਾ ਹੈ।

ਸਿੱਧੂ ਖ਼ੁਦ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪ੍ਰਚਾਰਨ ਲੱਗੇ

ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਫੇਸਬੁੱਕ ਪੇਜ ‘ਜਿੱਤੇਗਾ ਪੰਜਾਬ’ ਉੱਤੇ ਇਸ਼ਾਰਾ ਕੀਤਾ ਗਿਆ ਹੈ ਕਿ ਸੂਬੇ ’ਚ ਅਗਲੀ ਸਰਕਾਰ ਸਿੱਧੂ ਦੀ ਆਵੇਗੀ। ਸਿੱਧੂ ਨੇ ਸੁਨੇਹੇ ’ਚ ਲਿਖਿਐ, ‘‘ਸਾਫ਼ ਤੇ ਪਾਕ ਕਿਰਦਾਰ ਆਵੇਗੀ ਸਿੱਧੂ ਸਰਕਾਰ, ਜਿੱਤੇਗਾ ਪੰਜਾਬ ਇਸ ਵਾਰ।’’ ਚੇਤੇ ਰਹੇ ਕਿ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਅਗਾਮੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਮੰਗ ਕਰ ਰਹੇ ਹਨ। ਹਾਲਾਂਕਿ ਕਈ ਕਾਂਗਰਸੀ ਆਗੂ ਚੋਣਾਂ ਤੋਂ ਪਹਿਲਾਂ ਅਜਿਹਾ ਕੋਈ ਐਲਾਨ ਕੀਤੇ ਜਾਣ ਦੇ ਹੱਕ ਵਿੱਚ ਨਹੀਂ ਹਨ। ਕਾਂਗਰਸ ਪਾਰਟੀ ਨੇ ਆਪਣੀ ਰਵਾਇਤ ਤੋਂ ਉਲਟ ਸਾਲ 2017 ਵਿੱਚ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਗਜ਼ ਦੇ ਪਰਚੇ ਦੀਆਂ ਵੀ ਦੋ ਪਰਤਾਂ ਹੁੰਦੀਆਂ ਹਨ
Next articleਬਟਾਲਾ: ਖ਼ੁਦਕੁਸ਼ੀ ਨੋਟ ਵਾਇਰਲ ਕਰਨ ਬਾਅਦ ਨੌਜਵਾਨ ਨੇ ਲਿਆ ਫਾਹਾ, ਭਰਾ ’ਤੇ ਤੰਗ ਕਰਨ ਦਾ ਦੋਸ਼