ਸਾਨੂੰ ਆਪਣੀ ਦਸ਼ਾ ਸੁਧਾਰਨ ਲਈ, ਦਿਸ਼ਾ ਨੂੰ ਮਿੱਥਣਾ ਪਵੇਗਾ- ਡਾ. ਰਾਮ ਮੂਰਤੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕੁੱਝ ਸ਼ੈਤਾਨ ਲੋਕਾਂ ਨੇ ਵਰਣ ਵੰਡ, ਜਾਤ-ਪਾਤ ਦੇ ਨਿਯਮ ਆਪਣੀ ਚੌਧਰ ਨੂੰ ਕਾਇਮ ਰੱਖਣ ਲਈ ਬਣਾਏ ਸੀ । ਜਿਸ ਨਾਲ ਦੇਸ਼ ਵਿਚ ਰਹਿ ਰਹੇ ਬਹੁਜਨ ਸਮਾਜ ਦੇ ਲੋਕਾਂ ਦਾ ਸੋਸ਼ਣ ਹਜਾਰਾਂ ਸਾਲਾਂ ਤੋਂ ਹੋ ਰਿਹਾ ਹੈ। ਇਹ ਸ਼ਬਦ ਸਾਹਿਤਕਾਰ ਡਾ. ਰਾਮ ਮੂਰਤੀ ਨੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਰਜਿ ਰੇਲ ਕੋਚ ਫੈਕਟਰੀ ਕਪੂਰਥਲਾ ਵਲੋਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਚਾਰੇ ਸ਼ਬਦ ਬੇਗਮ ਪੁਰਾ ਸਹਰ ਕੋ ਨਾਉ।। ਤੇ ਲੰਗਰ ਹਾਲ ਵਿੱਚ ਕਰਵਾਈ ਗਈ ਵਿਚਾਰ ਗੋਸ਼ਟੀ ਦੇ ਮੌਕੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਹੋਇਆ ਕਹੇ। ਮੰਚ ਸੰਚਾਲਨ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਝਲਮਣ ਸਿੰਘ ਨੇ ਕਿਹਾ ਕਿ ਵਿਚਾਰ ਗੋਸ਼ਟੀ ਵਿਚ ਗੁਰੂ ਰਵਿਦਾਸ ਜੀ ਦੇ ਕ੍ਰਾਂਤੀਕਾਰੀ ਵਿਚਾਰਧਾਰਾ ਪ੍ਰਤੀ ਸਮਾਜ ਨੂੰ ਜਾਗਰੂਕ ਕਰਨਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਯਤਨ ਜਾਰੀ ਰਹਿਣਗੇ।
ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦੇ ਹੋਏ ਡਾ. ਰਾਮ ਮੂਰਤੀ ਨੇ ਕਿਹਾ ਕਿ ਜਿਸ ਸਿਧਾਂਤ ਦੀ ਗੱਲ ਅੱਜ ਦੇ ਮਾਰਕਸੀ ਵਿਚਾਰਧਾਰਾ ਦੇ ਲੋਕ ਕਰ ਰਹੇ ਹਨ ਇਹ ਸਿਧਾਂਤ ਤਾਂ ਸਾਡੇ ਪੁਰਖੇ ਸ਼੍ਰੀ ਗੁਰੂ ਰਵਿਦਾਸ ਜੀ ਨੇ ਅੱਜ ਤੋਂ 600 ਸਾਲ ਪਹਿਲਾ ਹੀ ਦੇ ਦਿੱਤਾ ਸੀ। ਸਾਨੂੰ ਆਪਣੀ ਦਸ਼ਾ ਸੁਧਾਰਨ ਲਈ, ਦਿਸ਼ਾ ਨੂੰ ਮਿੱਥਣਾ ਪਵੇਗਾ। ਜਿਸ ਸਮਾਜ ਨੂੰ ਸਾਡੇ ਮਹਾਪੁਰਸ਼ਾਂ ਨੇ ਭਰਮ ਭੁਲੇਖਿਆਂ ਵਿੱਚ ਕੱਢਿਆ ਅੱਜ ਤੱਕ ਉਸੇ ਦਲਦਲ ਵਿੱਚ ਫਸੇ ਪਏ ਹਾਂ। ਗੁਰੂ ਰਵਿਦਾਸ ਜੀ ਦੇ ਦਰਸਾਏ ਗਏ ਮਾਰਗ ਬੇਗਮਪੁਰਾ ਤੋਂ ਬਹੁਤ ਦੂਰ ਹਾਂ। ਜਦੋਂ ਅਸੀ ਸੰਕਲਪ ਕਰ ਲਿਆ ਤਾਂ ਬੇਗਮ ਪੁਰਾ ਸਹਰ ਦੀ ਜਰੂਰ ਸਥਾਪਨਾ ਹੋਵੇਗੀ। ਸਮਾਜ ਵਿੱਚ ਸਮਾਜਿਕ ਸਥਿਤੀ, ਆਰਥਿਕ ਅਸਮਾਨਤਾ, ਦਿਨੋਂ ਦਿਨ ਵੱਧ ਰਹੀ ਗੁਰੂ ਜੀ ਬਿਨਾ ਗਮ, ਚਿੰਤਾ ਮੁਕਤ, ਬਿਨਾ ਟੈਕਸ, ਕਿਸੇ ਪ੍ਰਕਾਰ ਦਾ ਡਰ ਭੈਅ, ਸਭ ਦਾ ਮਾਨ ਸਨਮਾਨ ਦਾ ਜੀਵਨ ਬਸਰ ਕਰਨ, ਗਰੀਬ ਅਮੀਰ ਦਾ ਪਾੜਾ ਨਾ ਹੋਵੇ ਆਦਿ ਚਾਹੁੰਦੇ ਸਨ।
ਅੱਜ ਪੂਰੀ ਦੁਨੀਆਂ ਗਰੀਬੀ ਭੁੱਖਮਰੀ, ਬੇਕਾਰੀ ਆਦਿ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੀ ਹੈ।ਲੋਕ ਕੰਗਲੀ ਭਰਿਆ ਜੀਵਨ ਬਤੀਤ ਕਰ ਰਹੇ ਹਨ ਅਤੇ ਮਨੁੱਖ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨਹੀਂ, ਲੋਕਾਂ ਅੰਦਰ ਦਲਿੱਦਰ, ਡਰ, ਭੈਅ, ਟੈਕਸ, ਗੁੰਡਾਗਰਦੀ, ਲੁੱਟ ਖੋਹ ਆਦਿ ਦਾ ਬੋਲਬਾਲਾ ਹੈ। ਗੁਰੂ ਜੀ ਨੇ ਜਿਸ ਮੁਕਤੀ ਦੀ ਗੱਲ ਕੀਤੀ ਸੀ ਉਸ ਤੋਂ ਸਾਨੂੰ ਭਰਮ ਭੁਲੇਖਿਆਂ ਵਿੱਚ ਪਾ ਕੇ ਕਿਸੇ ਹੋਰ ਮੁਕਤੀ ਦੀ ਗੱਲ ਕੀਤੀ ਜਾ ਰਹੀ ਹੈ, ਜੋ ਗੁਰੂ ਰਵਿਦਾਸ ਦੀ ਵਿਚਾਰਧਾਰਾ ਦੇ ਉਲਟ ਹੈ ਅੰਤ ਵਿੱਚ ਉਨ੍ਹਾਂ ਨੇ ਕਿਹਾ ਕੇ ਬ੍ਰਹਮ ਗਿਆਨੀ ਉਹ ਹੁੰਦਾ ਹੈ ਜਿਸ ਨੇ ਬ੍ਰਹਮੰਡ ਨੂੰ ਜਾਣ ਲਿਆ ਹੈ। ਅੱਜ ਜਣਾਖਣਾ ਬ੍ਰਹਮ ਗਿਆਨੀ ਬਣਿਆ ਹੋਇਆ ਹੈ। ਅਗਰ ਗੁਰੂ ਰਵਿਦਾਸ ਦੀ ਬਾਣੀ ਨੂੰ ਸਮਝਣਾ ਹੈ ਤਾਂ ਸਾਨੂੰ ਆਪਣੇ ਵਿਵੇਕ ਨੂੰ ਜਗਾਉਣਾ ਪਵੇਗਾ।
ਇਸ ਮੌਕੇ ਤੇ ਡਾ. ਪਰਮਜੀਤ ਸਿੰਘ ਮਾਨਸਾ, ਡਾ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮ ਪਾਲ ਪੈਂਥਰ,ਅਮਰਜੀਤ ਸਿੰਘ ਮੱਲ, ਬੁੱਧੀਜੀਵੀ ਨਿਰਵੈਰ ਸਿੰਘ, ਐਸ ਸੀ/ਐਸਟੀ ਰੇਲਵੇ ਕਰਮਚਾਰੀ ਅਸੋਸੀਏਸ਼ਨ ਦੇ ਜੋਨਲ ਸਕੱਤਰ ਸੋਹਣ ਬੈਠਾ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਗੁਰੂ ਰਵਿਦਾਸ ਦੀ ਮਾਨਵਵਾਦੀ ਵਿਚਾਰਧਾਰਾ ਮਨੂੰਵਾਦੀ ਵਿਵਸਥਾ ਖਿਲਾਫ ਸੀ । ਗੁਰੂ ਜੀ ਨੇ ਸਾਂਝੇ ਸਮਾਜਿਕ ਹਿਤਾਂ ਦੀ ਗੱਲ ਕੀਤੀ ਪਰ ਇਸ ਦੇਸ਼ ਦੀ ਮਨੂੰਵਾਦੀ ਵਿਵਸਥਾ ਨੇ ਆਪਣੇ ਨਿੱਜੀ ਹਿਤਾਂ ਦੀ ਗੱਲ ਕੀਤੀ। ਗੁਰੂ ਜੀ ਨੇ ਜਿਸ ਰਾਜਭਾਗ ਅਰਥਾਤ ਬੇਗਮਪੁਰਾ ਦੀ ਗੱਲ ਕੀਤੀ ਉਸ ਨੂੰ ਸਿਰਜਣ ਲਈ ਸਾਂਝੇ ਯਤਨਾਂ ਦੀ ਜਰੂਰਤ ਹੈ।
ਸਭਾ ਦੇ ਪ੍ਰਧਾਨ ਹਰਦੀਪ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਵਿਸੇਸ਼ ਤੌਰ ਤੇ ਗੁਰੂ ਰਵਿਦਾਸ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਨਿਊਟਨ, ਮਾ ਗੁਰਬਚਨ ਰਾਮ, ਹਰੀ ਰਾਮ, ਪ੍ਰਸ਼ੋਤਮ ਲਾਲ, ਭਾਰਤੀਆ ਬੋਧ ਮਹਾਸਭਾ ਪੰਜਾਬ ਦੇ ਜਨਰਲ ਸਕੱਤਰ ਸੁਰੇਸ਼ ਚੰਦਰ ਬੋਧ ਤੋਂ ਇਲਾਵਾ ਗੁਰੂ ਰਵਿਦਾਸ ਸੁਖਮਨੀ ਸੇਵਾ ਸੁਸਾਇਟੀ ਬੀਬੀਆਂ ਦੇ ਅਹੁਦੇਦਾਰ ਸ਼ਾਮਿਲ ਹੋਏ। ਸਭਾ ਵੱਲੋਂ ਡਾ. ਰਾਮ ਮੂਰਤੀ ਅਤੇ ਡਾ. ਪਰਮਜੀਤ ਸਿੰਘ ਮਾਨਸਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਵਿਚਾਰ ਗੋਸ਼ਟੀ ਨੂੰ ਸਫਲ ਬਣਾਉਣ ਲਈ ਸੀਨੀਅਰ ਉਪ ਪ੍ਰਧਾਨ ਨਰੇਸ਼ ਕੁਮਾਰ, ਕੈਸ਼ੀਅਰ ਰੂਪ ਲਾਲ ਸਾਬਕਾ ਪ੍ਰਧਾਨ ਕ੍ਰਿਸ਼ਨ ਸਿੰਘ, ਐਡੀਟਰ ਪ੍ਰਨੀਸ਼ ਕੁਮਾਰ, ਕੁਲਵਿੰਦਰ ਸਿੰਘ ਸੀਵੀਆ, ਰਾਜਿੰਦਰ ਸਿੰਘ, ਜਸਵੀਰ ਸਿੰਘ ਖਾਲਸਾ, ਮੰਗਲ ਸਿੰਘ, ਰਾਮ ਸ਼ਰਨ,ਮਨਜੀਤ ਸਿੰਘ ਕੈਲਪੁਰ, ਸਮਾਜ ਸੇਵਕ ਦੇਸ ਰਾਜ, ਧਰਮਵੀਰ ਅੰਬੇਡਕਰੀ, ਮਨਮੋਹਨ ਲਾਲ ਅਤੇ ਮਹਿੰਦਰ ਸਿੰਘ ਆਦਿ ਨੇ ਭਰਪੂਰ ਯੋਗਦਾਨ ਪਾਇਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly