(ਸਮਾਜ ਵੀਕਲੀ)
ਅੱਜ ਅਪ੍ਰੈਲ ਮਹੀਨੇ ਦੀ ਦੋ ਤਰੀਕ ਸੀ। ਸਵੇਰ ਤੋਂ ਹੀ ਵੱਖ ਵੱਖ ਕਲਾਸਾਂ ਵਿੱਚ ਦਾਖਲ ਹੋਣ ਲਈ ਵਿਦਿਆਰਥੀ ਆਪਣੇ ਮਾਤਾ ਪਿਤਾ ਨਾਲ ਸਕੂਲ ਆ ਰਹੇ ਸਨ। ਸਕੂਲ ਮੁਖੀ ਨੇ ਮੈਨੂੰ ਦਫਤਰ ਵਿੱਚ ਬੁਲਾਇਆ ਤੇ ਦਫਤਰ ‘ਚ ਬੈਠੇ ਮੁਸਕਰਾਉਂਦੇ ਹੋਏ ਸ਼ਖਸ ਵੱਲ ਇਸ਼ਾਰਾ ਕਰਕੇ ਆਖਿਆ,” ਚੋਪੜਾ ਸਾਹਿਬ, ਇਹ ਸਾਡੇ ਪਿੰਡ ਦੇ ਮਨਜੀਤ ਸਿੰਘ ਆ। ਇਨ੍ਹਾਂ ਦੀ ਲੜਕੀ ਨੇ ਨੌਵੀਂ ਕਲਾਸ ਤਾਂ ਭਾਵੇਂ ਕਿਸੇ ਹੋਰ ਸਕੂਲ ਤੋਂ ਪਾਸ ਕੀਤੀ ਆ, ਪਰ ਨੰਬਰ ਕਾਰਡ ਵੇਖ ਕੇ ਪਤਾ ਲੱਗਦੈ ਕਿ ਉਹ ਪੜ੍ਹਨ ਨੂੰ ਬੜੀ ਚੰਗੀ ਆ।ਪਲੀਜ਼ ਉਸ ਨੂੰ ਦਸਵੀਂ ਕਲਾਸ ਵਿੱਚ ਦਾਖਲ ਕਰ ਲਉ।”
ਮੈਂ ਦਾਖਲਾ ਫਾਰਮ ਲਿਆ ਤੇ ਇਸ ਨੂੰ ਭਰਨ ਲਈ ਮਨਜੀਤ ਸਿੰਘ ਤੋਂ ਲੋੜੀਂਦੇ ਦਸਤਾਵੇਜ਼ ਤੇ ਦਸਵੀਂ ਕਲਾਸ ਦੀ ਬਣਦੀ ਦਾਖਲਾ ਫੀਸ ਲੈ ਲਈ। ਆਪਣੀ ਲੜਕੀ ਨੂੰ ਦਸਵੀਂ ਕਲਾਸ ਵਿੱਚ ਦਾਖਲ ਕਰਵਾ ਕੇ ਸਕੂਲ ਮੁਖੀ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਮਨਜੀਤ ਸਿੰਘ ਦਫਤਰ ਤੋਂ ਬਾਹਰ ਚਲਾ ਗਿਆ।ਉਸ ਦੇ ਜਾਣ ਪਿੱਛੋਂ ਸਕੂਲ ਮੁਖੀ ਨੇ
ਮੈਨੂੰ ਉਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ,” ਚੋਪੜਾ ਸਾਹਿਬ, ਇਦ੍ਹੇ ਦਸ ਕਿੱਲੇ ਜ਼ਮੀਨ ਦੇ ਆ। ਬੜੀ ਸੋਹਣੀ ਕੋਠੀ ਬਣਾਈ ਹੋਈ ਆ। ਆਪ ਵੀ ਬੰਗਾ ਵਿੱਚ ਕਿਸੇ ਬੈਂਕ ‘ਚ ਕੈਸ਼ੀਅਰ ਲੱਗਾ ਹੋਇਐ। ਜਦ ਵੀ ਮਿਲਦੈ, ਹੱਸ ਕੇ ਮਿਲਦੈ। ਇਦ੍ਹੇ ਵਿਚਾਰੇ ਦੇ ਤਿੰਨ ਕੁੜੀਆਂ ਆਂ, ਮੁੰਡਾ ਕੋਈ ਨ੍ਹੀ। ਬੱਸ ਇਹੀ ਘਾਟ ਆ। ਇਦ੍ਹੇ ਪਿੱਛੋਂ ਇਦ੍ਹੀ ਏਨੀ ਜਾਇਦਾਦ ਸੰਭਾਲਣ ਵਾਲਾ ਕੋਈ ਨ੍ਹੀ।”
ਮੈਂ ਸਕੂਲ ਮੁਖੀ ਵੱਲੋਂ ਦਿੱਤੀ ਜਾਣਕਾਰੀ ਸੁਣ ਕੇ ਚੁੱਪ ਰਿਹਾ ਤੇ ਸੋਚਣ ਲੱਗ ਪਿਆ ਕਿ ਜਿਨ੍ਹਾਂ ਦੇ ਸਿਰਫ਼ ਕੁੜੀਆਂ ਹੁੰਦੀਆਂ ਹਨ, ਉਹ ਵਿਚਾਰੇ ਕਿਉਂ ਹੁੰਦੇ ਹਨ?
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly