ਅੰਬੇਡਕਰ ਭਵਨ ਵਿਖੇ ਵਿਚਾਰ ਚਰਚਾ ਅਤੇ ਸਨਮਾਨ ਸਮਾਰੋਹ

ਫੋਟੋ ਕੈਪਸ਼ਨ: ਸ਼੍ਰੀ ਐਸ.ਆਰ. ਦਾਰਾਪੁਰੀ ਦਾ ਸਨਮਾਨ ਕਰਦੇ ਹੋਏ ਅੰਬੇਡਕਰ ਭਵਨ ਟਰੱਸਟ ਦੇ ਅਹੁਦੇਦਾਰ 

ਅੰਬੇਡਕਰ ਭਵਨ ਵਿਖੇ ਵਿਚਾਰ ਚਰਚਾ ਅਤੇ ਸਨਮਾਨ ਸਮਾਰੋਹ
ਗਰੀਬਾਂ ਨੂੰ ਫਰੀ ਰਾਸ਼ਨ ਨਹੀਂ ਰੋਜ਼ਗਾਰ ਚਾਹੀਦੈ – ਐੱਸ. ਆਰ. ਦਾਰਾਪੁਰੀ

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਭਵਨ ਟਰੱਸਟ (ਰਜਿ.) ਵੱਲੋਂ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਅਤੇ ਸਮਤਾ ਸੈਨਿਕ ਦਲ ਪੰਜਾਬ ਯੂਨਿਟ ਦੇ ਸਹਿਯੋਗ ਨਾਲ ਅੰਬੇਡਕਰ ਭਵਨ ਜਲੰਧਰ ਵਿਖੇ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਆਲ ਇੰਡੀਆ ਪੀਪਲ ਰੈਡੀਕਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਮਾਨਯੋਗ ਅਤੇ ਅਣਖੀਲੇ ਪੰਜਾਬੀ ਸ੍ਰੀ ਐਸ ਆਰ ਦਾਰਾਪੁਰੀ ਜੀ ਦੀ ਪੰਜਾਬ ਫੇਰੀ ਦੌਰਾਨ ਦੇਸ਼ ਦੇ ਵਰਤਮਾਨ ਹਾਲਾਤ ਤੇ ਇੱਕ ਵਿਚਾਰ ਚਰਚਾ ਅਤੇ ਉਹਨਾਂ ਦੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਦਾਰਾਪੁਰੀ ਜੀ ਨੇ ਆਪਣੇ ਬਚਪਨ, ਵਿਦਿਆਰਥੀ ਵਜੋਂ ਜਲੰਧਰ ਦੇ ਪ੍ਰਸਿੱਧ ਪਿੰਡ ਬਿਲਗਾ ਅਤੇ ਰਾਮਗੜੀਆ ਕਾਲਜ ਫਗਵਾੜਾ ਤੋਂ ਕਰਮਵਾਰ ਮੈਟਰਿਕ ਅਤੇ ਬੀਐਸਸੀ ਦੀ ਡਿਗਰੀ ਪ੍ਰਾਪਤ ਕਰਕੇ ਵਿਭਿੰਨ ਕੇਂਦਰੀ ਮੰਤਰਾਲਿਆਂ ਵਿੱਚ ਸਰਵਿਸ ਕਰਨ ਉਪਰੰਤ 1972 ਵਿੱਚ ਆਈਪੀਐਸ ਵਜੋਂ ਯੂਪੀ ਕੇਡਰ ਤੋਂ 32 ਸਾਲ ਦੀ ਸਰਵਿਸ ਬਾਅਦ ਡੀਜੀਪੀ ਵਜੋਂ ਸੇਵਾ ਮੁਕਤ ਹੋਣ ਅਤੇ ਇਸ ਲੰਮੇ ਅਰਸੇ ਦੌਰਾਨ ਉੱਚ ਪੁਲਿਸ ਅਧਿਕਾਰੀ ਵਜੋਂ ਲੋਕ ਕਲਿਆਣ ਹਿਤ ਪਾਏ ਯੋਗਦਾਨ ਦਾ ਵਿਸਤਰਿਤ ਜ਼ਿਕਰ ਕੀਤਾ। ਬੇਸ਼ੱਕ ਉਹ ਲਖਨਊ ਦੇ ਪੱਕੇ ਵਸਨੀਕ ਬਣ ਗਏ ਹਨ ਪਰ ਆਪਣੀ ਜੰਮਣ ਭੋਏਂ, ਪਿੰਡ ਦਾਰਾਪੁਰ, ਤਹਿਸੀਲ ਫਿਲੌਰ ਦੀਆਂ ਯਾਦਾਂ ਨੂੰ ਸਦੀਵੀ ਬਣਾਏ ਰੱਖਣ ਲਈ ਸ੍ਰੀ ਐਸ. ਆਰ. ਦਾਰਾਪੁਰੀ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਵਾਂ ਨਾਲ ਦਾਰਾਪੁਰੀ ਸ਼ਬਦ ਨੂੰ ਪੱਕੇ ਤੌਰ ਤੇ ਜੋੜ ਲਿਆ ਹੈ। ਐੱਸ.ਆਰ. ਦਾਰਾਪੁਰੀ ਨੇ ਕਿਹਾ ਕਿ ਪੁਲਿਸ ਵਿਭਾਗ ਵਿੱਚ ਸਰਬ ਉੱਚ ਪ੍ਰਸ਼ਾਸਨਿਕ ਅਹੁਦੇ ਉੱਤੇ ਕਾਰਜਸ਼ੀਲ ਅਤੇ ਸੇਵਾ ਮੁਕਤ ਹੋਣ ਦਾ ਸਿਹਰਾ ਭਾਰਤੀ ਸੰਵਿਧਾਨ ਦੇ ਨਿਰਮਾਤਾ, ਇਸਤਰੀ ਸਮਾਜ ਅਤੇ ਕਰੋੜਾਂ ਗਰੀਬ ਭਾਰਤੀਆਂ ਦੇ ਮੁਕਤੀ ਦਾਤਾ ਬਾਬਾ ਸਾਹਿਬ ਡਾ. ਅੰਬੇਡਕਰ ਦੇ ਸਿਰ ਬੱਝਦਾ ਹੈ। ਉਹਨਾਂ ਦੇ ਜੀਵਨ ਸੰਘਰਸ਼ ਨੇ ਹਜ਼ਾਰਾਂ ਸਾਲਾਂ ਬਾਅਦ ਭਾਰਤ ਦੇ ਦੱਬੇ, ਦਰੜੇ, ਪਿਛੜੇ ਅਤੇ ਗੁਲਾਮੀ ਦਾ ਜੀਵਨ ਬਤੀਤ ਕਰਨ ਵਾਲੇ ਲੋਕਾਂ ਦੀ ਤਕਦੀਰ ਬਦਲ ਕੇ ਰੱਖ ਦਿੱਤੀ ।

                            S R Darapuri
                         Sohan Lal DPI

ਸ੍ਰੀ ਦਾਰਾਪੁਰੀ ਨੇ ਕਿਹਾ ਕਿ ਡਾਕਟਰ ਸਾਹਿਬ ਦੇ ਫਲਸਫੇ ਤੋਂ ਰੋਸ਼ਨੀ ਲੈ ਕੇ ਉਹਨਾਂ ਨੇ ਯੂਪੀ ਦੇ ਦਬਾਏ ਤੇ ਸਤਾਏ ਹੋਏ ਗਰੀਬਾਂ ਵਿੱਚ ਸਵੈ ਵਿਸ਼ਵਾਸ ਪੈਦਾ ਕਰਨ ਦਾ ਯਤਨ ਕੀਤਾ। ਯੂਪੀ ਦੇ ਬੇਜਮੀਨੇ ਗਰੀਬਾਂ ਤੇ ਕਿਸਾਨਾਂ ਦੀ ਦੁਰਦਸ਼ਾ ਨੂੰ ਦੇਖਦਿਆਂ ਆਪਣੀ ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਉਪਰੰਤ ਉਹ ਇਹਨਾਂ ਦੇ ਕਲਿਆਣ ਹਿੱਤ ਨਿਰੰਤਰ ਸੰਘਰਸ਼ਸ਼ੀਲ ਰਹੇ। ਉਨ੍ਹਾਂ ਨੇ ਹਿੰਸਾਤਮਕ ਕਾਰਵਾਈਆਂ ਵਿੱਚ ਲਿਪਤ ਬੇਰੁਜ਼ਗਾਰਾਂ ਅਤੇ ਬੇਜਮੀਨਿਆਂ ਨੂੰ ਦੇਸ਼ ਦੀ ਮੁੱਖਧਾਰਾ ਵਿੱਚ ਲਿਆਉਣ ਅਤੇ ਸੰਵਿਧਾਨਿਕ ਢੰਗਾਂ ਰਾਹੀਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਨ ਲਈ 2013 ਵਿੱਚ ਆਲ ਇੰਡੀਆ ਪੀਪਲ ਰੈਡੀਕਲ ਫਰੰਟ ਨਾਂ ਦੀ ਜਥੇਬੰਦੀ ਦੀ ਸਿਰਜਣਾ ਕੀਤੀ। ਇਹ ਸੰਸਥਾ ਬੇਜ਼ਮੀਨਿਆਂ ਦੇ ਜਮੀਨ ਪ੍ਰਾਪਤੀ ਅਤੇ ਮਜ਼ਦੂਰਾਂ ਲਈ ਮਨਰੇਗਾ ਰਾਹੀਂ ਜਮਹੂਰੀ ਅਧਿਕਾਰਾਂ ਲਈ ਹਾਈਕੋਰਟਾਂ ਵਿੱਚ ਲੋਕ-ਹਿੱਤ ਰਿੱਟ (ਪੀਆਈਐਲ) ਪਾ ਕੇ ਲਗਾਤਾਰ ਕਾਰਜ-ਸ਼ੀਲ ਹੈ। ਭਾਰਤ ਦੀ ਵਰਤਮਾਨ ਆਰਥਿਕ ਤੇ ਰਾਜਨੀਤਿਕ ਸਥਿਤੀ ਦਾ ਜਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਬੀਜੇਪੀ ਦਾ ਹਿੰਦੂਤਵ ਅਸਲ ਵਿੱਚ ਕਾਰਪੋਰੇਟ ਸੈਕਟਰ ਵੱਲੋਂ ਪ੍ਰਦਾਨ ਕੀਤੇ ਜਾ ਰਹੇ ਆਰਥਿਕ ਸਰੋਤਾਂ ਕਾਰਨ ਅੱਗੇ ਵਧ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਭਾਰਤ ਵਿੱਚੋਂ ਸੰਸਦੀ ਲੋਕਤੰਤਰ ਖਤਮ ਕਰਕੇ ਫਾਸ਼ੀਵਾਦ ਅਤੇ ਤਾਨਾਸ਼ਾਹੀ ਨੂੰ ਬੜ੍ਹਾਵਾ ਦੇਣਾ ਹੈ। ਭਾਰਤ ਦੀਆਂ ਘੱਟ ਗਿਣਤੀਆਂ, ਕਮਿਉਨਿਸਟਾਂ ਅਤੇ ਸੈਕੂਲਰ ਸੋਚ ਰੱਖਣ ਵਾਲਿਆਂ ਉੱਪਰ ਤਸ਼ਦਦ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਡਾ. ਅੰਬੇਡਕਰ ਸਾਹਿਬ ਦੁਆਰਾ ਬਣਾਏ ਸੰਵਿਧਾਨ ਨੂੰ ਖਤਮ ਕਰਕੇ ਮਨੂਵਾਦ ਦਾ ਰਾਜ ਸਥਾਪਤ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਦੇਸ਼ ਵਿੱਚ ਕਿਸਾਨੀ ਨਾਲ ਹੋ ਰਿਹਾ ਵਿਤਕਰਾ 80 ਕਰੋੜ ਲੋਕਾਂ ਨੂੰ ਫਰੀ-ਰਾਸ਼ਨ ਦੇ ਕੇ ਵਿਹਲੜ ਬਣਾ ਕੇ ਐਲਾਨ ਕੀਤਾ ਜਾ ਰਿਹਾ ਕਿ ਭਾਰਤ ਵਿੱਚੋਂ ਗਰੀਬੀ ਖਤਮ ਹੋ ਰਹੀ ਹੈ ਅਤੇ ਸਿਰਫ ਪੰਜ ਪ੍ਰਤੀਸ਼ਤ ਲੋਕ ਹੀ ਗਰੀਬ ਰਹਿ ਗਏ ਹਨ। ਭਾਰਤ ਵਿੱਚ ਮਨੁੱਖੀ ਅਧਿਕਾਰਾਂ, ਸਿੱਖਿਆ, ਸਿਹਤ ‘ਤੇ ਰੋਜ਼ਗਾਰ ਦਾ ਘਾਣ ਹੋ ਰਿਹੈ । ਲੋਕ ਭਲਾਈ ਦਾ ਬਜਟ ਲਗਾਤਾਰ ਘਟਾਇਆ ਜਾ ਰਿਹਾ ਹੈ। ਉਹਨਾਂ ਨੇ ਭਾਰਤ ਦੇ ਸੰਸਦੀ ਲੋਕਤੰਤਰ ਅਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਪ੍ਰਗਤੀਸ਼ੀਲ ਅਤੇ ਮਾਨਵਵਾਦੀ ਸੋਚ ਰੱਖਣ ਵਾਲਿਆਂ ਨੂੰ ਇੱਕ ਮੰਚ ਤੇ ਆਉਣ ਦੀ ਲੋੜ ਤੇ ਜੋਰ ਦਿੱਤਾ। ਸ਼੍ਰੀ ਦਾਰਾਪੁਰੀ ਨੇ ਭਖਦੇ ਮਸਲਿਆਂ ਸਬੰਧੀ ਸਰੋਤਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ।

                            Dr G C Kaul

ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ ਜੀ ਸੀ ਕੌਲ ਨੇ ਆਏ ਹੋਏ ਸਾਰੇ ਸਾਥੀਆਂ ਦਾ ਸਵਾਗਤ ਕਰਦਿਆਂ ਸ਼੍ਰੀ ਐੱਸ.ਆਰ. ਦਾਰਾਪੁਰੀ ਜੀ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਪ੍ਰਦਾਨ ਕੀਤੀਆਂ ਅਤੇ ਸਟੇਜ ਸੰਚਾਲਨ ਬਾਖੂਬੀ ਕੀਤਾ। ਸਮਾਗਮ ਦੇ ਆਖਿਰ ਵਿੱਚ ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਸ਼੍ਰੀ ਸੋਹਨ ਲਾਲ ਨੇ ਮੁੱਖ ਬੁਲਾਰੇ ਦਾਰਾਪੁਰੀ ਜੀ ਅਤੇ ਇਸ ਵਿਚਾਰ ਚਰਚਾ ਵਿੱਚ ਸ਼ਾਮਿਲ ਸਰੋਤਿਆਂ ਦਾ ਧੰਨਵਾਦ ਕਰਦਿਆਂ ਇਸ ਗੱਲ ਤੇ ਵਿਸ਼ੇਸ਼ ਜੋਰ ਦਿੱਤਾ ਕਿ ਅਜੋਕੀਆਂ ਸੰਕਟਮਈ ਸਥਿਤੀਆਂ ਵਿੱਚ ਭਾਰਤ ਦੇ ਹਰ ਨਾਗਰਿਕ ਨੂੰ ਸੁਚੇਤ ਹੋਣਾ ਚਾਹੀਦੈ। ਭਾਰਤ ਵਿੱਚ ਸੰਸਦੀ ਲੋਕਤੰਤਰ ਨੂੰ ਕਾਇਮ ਰੱਖਣ ਲਈ ਡਾਕਟਰ ਅੰਬੇਡਕਰ ਜੀ ਦੁਆਰਾ ਲੋਕਤੰਤਰ ਦੀ ਸਫਲਤਾ ਲਈ ਦਰਸਾਏ ਗਏ ਨੁਕਤਿਆਂ ਨੂੰ ਅਮਲੀ ਤੌਰ ਤੇ ਲਾਗੂ ਕਰਵਾਉਣ ਦੀ ਲੋੜ ਹੈ। ਇਸ ਮੌਕੇ ਤੇ ਅੰਬੇਡਕਰ ਭਵਨ ਟਰਸਟ ਵੱਲੋਂ ਸ੍ਰੀ ਐਸ.ਆਰ. ਦਾਰਾਪੁਰੀ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਯਾਦਗਾਰੀ ਸਮਾਗਮ ਵਿੱਚ ਸਰਬਸ਼੍ਰੀ ਚਰਨ ਦਾਸ ਸੰਧੂ, ਹਰਮੇਸ਼ ਜਸਲ, ਡਾ. ਰਾਹੁਲ, ਡਾ. ਮਹਿੰਦਰ ਸੰਧੂ, ਪ੍ਰੋਫੈਸਰ ਬਲਬੀਰ, ਬਲਦੇਵ ਰਾਜ ਭਾਰਦਵਾਜ, ਜਸਵਿੰਦਰ ਵਰਿਆਣਾ, ਰਾਜ ਕੁਮਾਰ, ਤਿਲਕ ਰਾਜ, ਹਰਭਜਨ ਦਾਸ ਸਾਂਪਲਾ ਐਡਵੋਕੇਟ, ਮਾਸਟਰ ਚਮਨ ਦਾਸ ਸਾਂਪਲਾ, ਲਲਿਤ ਅੰਬੇਡਕਰੀ, ਐਡਵੋਕੇਟ ਰਜਿੰਦਰ ਬੋਪਾਰਾਏ, ਐਡਵੋਕੇਟ ਮਧੂ ਰਚਨਾ, ਹਰੀ ਸਿੰਘ ਥਿੰਦ, ਰਾਮ ਨਾਥ ਸੁੰਡਾ, ਜਸਵਿੰਦਰ ਤਲਵਣ, ਅਮਜਦ ਬੇਗ, ਚਰਨਜੀਤ ਸਿੰਘ ਮੱਟੂ , ਪਿਆਰਾ ਸਿੰਘ ਤੇਜੀ, ਪ੍ਰਦੀਪ ਰਾਜਾ ,ਚਰਨਜੀਤ ਸਿੰਘ, ਪ੍ਰੋਫੈਸਰ ਅਸ਼ਵਨੀ ਜੱਸਲ, ਰਾਮ ਲਾਲ ਦਾਸ, ਹੁਸਨ ਲਾਲ ਬੌਧ, ਚੌਧਰੀ ਹਰੀ ਰਾਮ ਅਤੇ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.), ਜਲੰਧਰ

 

Previous articleहरियाणा में जातिय  तथा धार्मिक संरचना–लोकतंत्र का डांस- : एक समीक्षा
Next articleअंबेडकर भवन में परिचर्चा एवं सम्मान समारोह