*ਭੋਲਾ ਸਿੰਘ ਸੰਘੇੜਾ ਦੀਆਂ ਕਹਾਣੀਆਂ ‘ਤੇ ਹੋਈ ਵਿਚਾਰ ਚਰਚਾ*
ਬਰਨਾਲਾ 7, ਸਤੰਬਰ (ਚੰਡਿਹੋਕ) ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਭੋਲਾ ਸਿੰਘ ਸੰਘੇੜਾ ਦੀਆਂ ਦੋ ਅਪ੍ਰਕਾਸ਼ਿਤ ਕਹਾਣੀਆਂ ‘ਸਰਹੱਦ’ ਅਤੇ ‘ਨਹੀਂ ਪਾਪਾ ਨਹੀਂ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਇਹ ਦੋਵੇਂ ਕਹਾਣੀਆਂ ਅਜੋਕੇ ਦੌਰ ਵਿਚ ਪੰਜਾਬ ਵਿਚੋਂ ਹੋ ਰਹੇ ਪਰਵਾਸ ਨਾਲ ਸਬੰਧਤ ਹਨ। ਇਸ ਮੌਕੇ ਵਿਦਵਾਨਾਂ ਨੇ ਦੋਹਾਂ ਕਹਾਣੀਆਂ ਦੀਆਂ ਭਿੰਨ ਭਿੰਨ ਪਰਤਾਂ ‘ਤੇ ਬੇਝਿਜਕ ਹੋ ਕੇ ਆਪਣੀਆਂ ਰਾਵਾਂ ਦਿੱਤੀਆਂ। ‘ਸਰਹੱਦ’ ਕਹਾਣੀ ਬਾਰੇ ਵਿਚਾਰ ਪੇਸ਼ ਕਰਦਿਆਂ ਡਾ. ਹਰੀਸ਼ ਨੇ ਕਿਹਾ ਕਿ ਲੇਖਕ ਨੇ ਦੋ ਪੀੜ੍ਹੀਆਂ ਦੇ ਟਕਰਾਓ ਵਿਚੋਂ ਉਤਪੰਨ ਹੋ ਰਹੀ ਸਮੱਸਿਆ ਨੂੰ ਵਿਅਕਤ ਕਰਨ ਦਾ ਯਤਨ ਕੀਤਾ ਹੈ। ਡਾ. ਅਨਿਲ ਸ਼ੋਰੀ ਨੇ ਕਿਹਾ ਕਿ ਅਜੋਕੇ ਦੌਰ ਵਿਚ ਜਦੋਂ ਇਕ ਪੀੜ੍ਹੀ ਦੂਜੀ ਨੂੰ ਸਮਝਣ ਵਿਚ ਨਾਕਾਮ ਰਹਿੰਦੀ ਹੈ ਤਾਂ ਕਹਾਣੀ ਵਿਚ ਦਰਸਾਈਆਂ ਅਜਿਹੀਆਂ ਮੁਸ਼ਕਲਾਂ ਜਨਮ ਲੈਂਦੀਆਂ ਹਨ। ਡਾ.ਰਾਮ ਪਾਲ ਸ਼ਾਹਪੁਰੀ ਨੇ ਕਿਹਾ ਕਿ ਇਸ ਕਹਾਣੀ ਵਿਚ ਦਰਅਸਲ ਅੱਜ ਪੈਦਾ ਹੋ ਰਹੀ, ਇਕੱਲਤਾ ਵਿਚੋਂ ਉਪਜੇ ਦੁਖਾਂਤ ਨੂੰ ਚਿਤਰਿਆ ਗਿਆ ਹੈ। ਡਾ. ਹਰਭਗਵਾਨ ਦਾ ਵਿਚਾਰ ਸੀ ਸਾਡੇ ਸਮਾਜ ਵਿਚੋਂ ਅਜੇ ਵੀ ਜਗੀਰੂ ਰੁਚੀਆਂ ਖਤਮ ਨਹੀਂ ਹੋਈਆਂ। ਇਸ ਕਹਾਣੀ ਦੇ ਪਾਤਰ ਇਹਨਾਂ ਰੁਚੀਆਂ ਕਾਰਨ ਹੀ ਦੁਖਾਂਤ ਭੋਗਦੇ ਹਨ। ਦੂਜੀ ਕਹਾਣੀ ‘ਨਹੀਂ ਪਾਪਾ ਨਹੀਂ’ ਬਾਰੇ ਗੱਲ ਕਰਦਿਆਂ ਪਵਨ ਪਰਿੰਦਾ ਅਤੇ ਤਰਸੇਮ ਦਾ ਸਾਂਝਾ ਮੱਤ ਸੀ ਕਿ ਇਸ ਕਹਾਣੀ ਦੀ ਪਾਤਰ ਮਰਦ ਪ੍ਰਧਾਨ ਸਮਾਜ ਦੀਆਂ ਧਾਰਨਾ ਨੂੰ ਤੋੜਕੇ ਆਪਣੀ ਆਜ਼ਾਦੀ ਦਾ ਰਾਹ ਆਪ ਚੁਣਨ ਵੱਲ ਕਦਮ ਭਰਦੀ ਹੈ। ਤੇਜਿੰਦਰ ਚੰਡਿਹੋਕ ਅਤੇ ਰਾਮ ਸਰੂਪ ਸ਼ਰਮਾਂ ਨੇ ਕਿਹਾ ਕਿ ਕਹਾਣੀਕਾਰ ਨੇ ਅਜੋਕੀ ਨਾਰੀ ਦੇ ਜਾਗਰਿਤ ਹੋਣ ਵੱਲ ਇਸ਼ਾਰਾ ਕੀਤਾ ਹੈ।
ਵਿਚਾਰਵਾਨਾਂ ਨੇ ਕਹਾਣੀਆਂ ਨੂੰ ਹੋਰ ਤਰਾਸ਼ਣ ਤੇ ਤਣਾਓਯੁਕਤ ਬਣਾਉਣ ਤੋਂ ਬਿਨਾਂ ਭਾਸ਼ਾ ਦੀਆਂ ਊਣਤਾਈਆਂ ਵੱਲ ਧਿਆਨ ਦੇਣ ਲਈ ਵੀ ਕਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly