(ਸਮਾਜ ਵੀਕਲੀ)
——————–
ਇਸ ਰਾਜਨੀਤੀ ਨੂੰ ਮੈਂ ਵੀ ਨੇੜਿਓਂ ਤੱਕਿਆ ਹੈ ।
ਮੇਰੀ ਤੋਬਾ ਇਸ ਤੋਂ ਹੁਣ ਮੇਰਾ ਮਨ ਅੱਕਿਆ ਹੈ।
ਸਿਰ ਪੱਗਾਂ ਵਿੱਚ ਫਸਾਈਂ ਫਿਰਨ ।
ਆਪੇ ਉੱਚੇ ਰੁਤਬੇ ਪਾਈਂ ਫਿਰਨ ।
ਹੋਰਾਂ ਦੀ ਮਿੱਟੀ ਵਿੱਚ ਰੋਲ਼ ,
ਇੱਜ਼ਤਾਂ ਦਾ ਢੋਲ ਵਜਾਈਂ ਫ਼ਿਰਨ ।
ਪਾਪਾਂ ਦੀ ਪੰਡ ਹੈ ਸਿਰ ‘ਤੇ ਫ਼ਿਰ ਵੀ ,
ਟੌਅਰ ਨਾਲ਼ ਸਿਰ ਚੱਕਿਆ ਹੈ । ਮੇਰੀ ਤੋਬਾ ————
ਗੱਲ ਗੱਲ ‘ਤੇ ਜੋ ਝੂਠ ਬੋਲਦੇ ।
ਲਗਦਾ ਏ ਜਿਵੇਂ ਕੁਫ਼ਰ ਤੋਲਦੇ ।
ਦਿਲਾਂ ‘ਚ ਨਫ਼ਰਤ ਰੱਖਣ ਲੁਕਾ ਕੇ ,
ਲੋਕ ਮਨਾਂ ਵਿੱਚ ਜ਼ਹਿਰ ਘੋਲ਼ਦੇ ।
ਪਾ ਪਾ ਕੇ ਚਿੱਕੜ ਸ਼ਰੀਫਾਂ ‘ਤੇ ,
ਇਹਨਾਂ ਕਾਸੇ ਜੋਗਾ ਨਾ ਛੱਡਿਆ ਹੈ । ਮੇਰੀ ਤੋਬਾ ————-
ਕਰਦੇ ਰਹਿਣ ਵਿਖਾਵਾ ਬਾਹਲ਼ਾ ।
ਅੰਦਰ ਐਪਰ ਘਾਲ਼ਾ ਮਾਲ਼ਾ ।
ਬਾਹਰੋਂ ਚਿੱਟੇ ਬਗਲਿਆਂ ਵਰਗੇ ,
ਤਨ ਵੀ ਕਾਲ਼ਾ ਮਨ ਵੀ ਕਾਲ਼ਾ ।
ਨਿੱਤ ਐਸੇ ਇਹ ਪ੍ਰਪੰਚ ਕਰਨ ,
ਸ਼ਕੁਨੀ ਵੀ ਪਿੱਛੇ ਛੱਡਿਆ ਹੈ । ਮੇਰੀ ਤੋਬਾ —————-
ਆਖਣ ਲੋਕਾਂ ਦੇ ਨਾਲ਼ ਜੁੜੇ ਰਹੋ ।
ਖ਼ੁਦ ਘਰ ਵੱਲੋਂ ਭਾਵੇਂ ਥੁੜੇ ਰਹੋ ।
ਤੁਸੀਂ ਲੋਕਾਂ ਨੂੰ ਖ਼ੁਸ਼ ਰੱਖਣਾ ਏ ,
ਆਪ ਅੰਦਰੋਂ ਭਾਵੇਂ ਕੁੜ੍ਹੇ ਰਹੋ ।
ਲੋਕਾਂ ਦੀਆਂ ਧੀਆਂ ਧਰਨਿਆਂ ਵਿੱਚ ,
ਅਪਣੀਆਂ ਨੂੰ ਘਰਾਂ ‘ਚ ਡੱਕਿਆ ਹੈ । ਮੇਰੀ ਤੋਬਾ ————–
ਪਹਿਲਾਂ ਮੰਨਤ ਨੂੰ ਵੀ ਸੌਕ ਬੜਾ ਸੀ ।
ਤਨ ਮਨ ਅੰਦਰ ਜੋਸ਼ ਬੜਾ ਸੀ ।
ਜੋ ਉਸ ਤੋਂ ਵੀ ਵੱਧ ਜ਼ਰੂਰੀ ਸੀ ,
ਦਿਲ ਅਤੇ ਦਿਮਾਗ਼ ‘ਚ ਹੋਸ਼ ਬੜਾ ਸੀ ।
ਜਦ ‘ਕੱਲੇ ‘ਕੱਲੇ ਦੀ ਪਰਖ਼ ਕਰੀ ,
ਖ਼ੁਦ ਨੂੰ ਇਸ ਰਾਹ ਤੋਂ ਡੱਕਿਆ ਹੈ । ਮੇਰੀ ਤੋਬਾ ——————-
ਮਨਪ੍ਰੀਤ ਕੌਰ ਢੀਂਡਸਾ ‘ ਮੰਨਤ ‘
ਚੌਂਦਾ ( ਮਲੇਰਕੋਟਲਾ )



