ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਸ੍ ਰਜਿੰਦਰ ਸਿੰਘ ਸਤੌਜ ਦਾ ਜਨਮ 18 ਸਤੰਬਰ 1961ਨੂੰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਪਿਤਾ ਸਰਦਾਰ ਗੁਰਦਿਆਲ ਸਿੰਘ ਦੇ ਘਰ ਪਿੰਡ ਸਤੌਜ ਵਿੱਚ ਹੋਇਆ । ਤਿੰਨ ਭੈਣਾਂ ਅਤੇ ਤਿੰਨ ਭਰਾਵਾਂ ਵਿਚਲੇ ਪਰਿਵਾਰ ਵਿਚ ਆਪ ਜੀ ਨੂੰ ਚੰਗੇ ਸੰਸਕਾਰਾਂ ਦੀ ਸਿੱਖਿਆ ਵਿਰਾਸਤ ਵਿੱਚੋਂ ਹੀ ਮਿਲੀ। ਪ੍ਰਾਇਮਰੀ ਤੱਕ ਦੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਵਿੱਚੋਂ ਕੀਤੀ। ਸਾਲ 1978 ਦੌਰਾਨ ਮੈਟ੍ਰਿਕ ਕਰਦਿਆਂ ਸਕੂਲ ਵਿੱਚ ਸਫਾਈ ਕੈਂਪ ਦੌਰਾਨ ਕੰਮ ਕਰਦਿਆਂ ਸਮੇਂ ਹਾਦਸਾ ਵਾਪਰਨ ਕਰਕੇ ਆਪ ਜੀ ਦੀ ਪੜ੍ਹਾਈ ਪੂਰੀ ਨਾ ਹੋ ਸਕੀ ਅਤੇ 1980 ਵਿੱਚ ਸਰਕਾਰ ਵੱਲੋਂ ਅੰਗਹੀਣਤਾ ਦੇ ਆਧਾਰ ਤੇ ਆਪ ਜੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਣਕਵਾਲ ਵਿਖੇ ਬਤੌਰ ਦਰਜਾ ਚਾਰ ਦੀ ਅਸਾਮੀ ਤੇ ਨਿਯੁਕਤੀ ਪੱਤਰ ਦੇ ਦਿੱਤਾ ਗਿਆ ਪ੍ਰੰਤੂ ਮਨ ਵਿਚ ਹੋਰ ਸਿੱਖਿਆ ਪ੍ਰਾਪਤ ਕਰਨ ਦੀ ਚਿਣਗ ਲੱਗੀ ਰਹੀ।
ਇਸ ਲਈ ਆਪ ਨੇ 1984 ਵਿੱਚ ਪ੍ਰਾਈਵੇਟ ਤੌਰ ਤੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰ ਲਈ । ਸਰਕਾਰੀ ਸੇਵਾ ਦੇ ਨਾਲ ਨਾਲ ਆਪ ਨੇ ਪ੍ਰਾਈਵੇਟ ਤੌਰ ਤੇ ਗਿਆਨੀ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵੀ ਪਾਸ ਕਰ ਲਈਆਂ। ਕਣਕਵਾਲ ਸਕੂਲ ਵਿੱਚ ਸੇਵਾ ਨਿਭਾਉਂਦਿਆਂ ਸਕੂਲ ਦੀ ਬਿਹਤਰੀ ਲਈ ਵੀ ਆਪਣਾ ਯੋਗਦਾਨ ਬਾਖੂਬੀ ਨਿਭਾਉਂਦੇ ਰਹੇ। ਭਾਵੇਂ ਗਹਿਣੇ ਬਣਾਉਣ ਦਾ ਕੰਮ ਪਿਤਾ ਪੁਰਖੀ ਵਿਰਾਸਤ ਵਿੱਚ ਮਿਲਿਆ ਪ੍ਰੰਤੂ ਆਪ ਨੇ ਪੜ੍ਹਾਈ ਵਿੱਚ ਲਗਾਤਾਰ ਰੁਚੀ ਜਾਰੀ ਰੱਖੀ । ਆਪ ਜੀ ਦੀ ਸ਼ਖ਼ਸੀਅਤ ਉਪਰ ਆਪ ਜੀ ਦੀ ਮਾਤਾ ਦਾ ਬਹੁਤ ਪ੍ਰਭਾਵ ਹੈ ਜਿਸ ਸਦਕਾ ਆਪ ਜੀ ਦੇ ਹਰੇਕ ਵਿਅਕਤੀ ਨਾਲ ਸੰਬੰਧ ਬਹੁਤ ਸੁਖਾਵੇਂ ਤੇ ਮਿਲਵਰਤਣ ਵਾਲੇ ਰਹੇ। ਫਰਵਰੀ 2010 ਵਿੱਚ ਸਿੱਖਿਆ ਵਿਭਾਗ ਵੱਲੋਂ ਆਪ ਜੀ ਨੂੰ ਬਤੌਰ ਲਾਇਬਰੇਰੀ ਇੰਚਾਰਜ ਪਦ ਉੱਨਤ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿਖੇ ਭੇਜ ਦਿੱਤਾ ਗਿਆ ।
ਇੱਥੇ ਆ ਕੇ ਆਪ ਨੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਨਾਲ ਜੋੜਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਜਿਹੜਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜਰੂਰੀਹੁੰਦਾ ਹੈ। ਆਪ ਨੂੰ ਇਸ ਸਮੇਂ ਦੌਰਾਨ ਕਈ ਪ੍ਰਿੰਸੀਪਲਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਹਰੇਕ ਪ੍ਰਿੰਸੀਪਲ ਨਾਲ ਆਪ ਨੇ ਬਹੁਤ ਵਧੀਆ ਕੰਮ ਕਰ ਕੇ ਸਕੂਲ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ।ਸਕੂਲ ਲਾਇਬਰੇਰੀ ਦੇ ਕੰਮ ਦੇ ਨਾਲ ਨਾਲ ਆਪ ਨੇ ਕੌਮੀ ਸੇਵਾ ਯੋਜਨਾ ਦੇ ਇੱਕ ਰੋਜ਼ਾ, ਸੱਤ ਰੋਜ਼ਾ ਕੈਂਪਾਂ ਵਿਚ, ਸਕੂਲ ਬਿਲਡਿੰਗ, ਮਿਡ ਡੇ ਮੀਲ ਵਿੱਚ ਭਰਪੂਰ ਸਹਿਯੋਗ ਦਿੱਤਾ ਤੇ ਸਕੂਲ ਨੂੰ ਤਰੱਕੀ ਦੇ ਰਾਹ ਤੇ ਲੈ ਜਾਣ ਵਿਚ ਮੋਹਰੀ ਰੋਲ ਅਦਾ ਕੀਤਾ ।
ਵੇਲ, ਬੂਟਿਆਂ ਦੇ ਨਾਲ ਪਿਆਰ,ਸਕੂਲ ਨੂੰ ਹਰਾ ਭਰਿਆ ਬਣਾਉਣ,ਲਾਇਬਰੇਰੀ ਦੀ ਸਫ਼ਾਈ ਨਾਲ ਪਿਆਰ ,ਵਿਦਿਆਰਥੀਆਂ ਨੂੰ ਨੈਤਿਕ ਗੁਣਾਂ ਨਾਲ ਭਰਪੂਰ ਕਰਨਾ ਇਨ੍ਹਾਂ ਦੀ ਸ਼ਖ਼ਸੀਅਤ ਦੇ ਵਿਲੱਖਣ ਗੁਣ ਰਹੇ। ਵਿਭਾਗੀ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦੇ ਹੋਏ ਆਪ ਨੇ ਆਪਣੇ ਪਰਿਵਾਰ ਵਿੱਚ ਦੋ ਬੇਟੀਆਂ ਤੇ ਇੱਕ ਬੇਟੇ ਨੂੰ ਵਧੀਆ ਪੜ੍ਹਾਈ ਅਤੇ ਚੰਗੀ ਸਿੱਖਿਆ ਦੁਆ ਕੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੇ ਸਮਰੱਥ ਬਣਾਇਆ । ਇੰਨੀਆਂ ਸੇਵਾਵਾਂ ਦੇ ਕੇ ਅੱਜ ਮਿਤੀ 30ਸਤੰਬਰ2021 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਤੋਂ ਸੇਵਾਮੁਕਤ ਹੋ ਰਹੇ ਹਨ। ਇਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਨੂੰ ਮਹਿਲਾਂ ਸਕੂਲ ਤੇ ਪਿੰਡ ਵਾਸੀ ਤੇ ਵਿਦਿਆਰਥੀ ਹਮੇਸ਼ਾਂ ਯਾਦ ਰੱਖਣਗੇ।ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਚੜਦੀ ਕਲਾ ਬਖਸ਼ਿਸ਼ ਕਰਨ ਤੇ ਇਹ ਸਮਾਜ ਨੂੰ ਆਪਣੀਆਂ ਸੇਵਾਵਾਂ ਵਧੀਆ ਢੰਗ ਨਾਲ ਦਿੰਦੇ ਰਹਿਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly