ਕੇਵਲ ਸਿੰਘ ਰੱਤੜਾ
(ਸਮਾਜ ਵੀਕਲੀ) ਵੱਖਰੇਵਾਂ ਅਤੇ ਵਿਭਿੰਨਤਾ ਇੱਕ ਕੁਦਰਤੀ ਵਰਤਾਰਾ ਹੈ ਜਿਵੇਂ ਅਨੇਕਤਾ, ਬਹੁਤ ਸਾਰੇ ਰੰਗ,ਸੁਭਾਅ,ਮੌਸਮ, ਰੁੱਤਾਂ ਅਨੁਸਾਰ ਬਨਸਪਤੀ ਅਤੇ ਧਰਾਤਲ ਅਨੁਸਾਰ ਪਹਾੜ ਮੈਦਾਨ ਜਾਂ ਮਾਰੂਥਲ ਆਦਿ। ਇਹ ਲਗਭਗ ਸਥਾਈ ਰੂਪ ਨਾਲ ਸਵੀਕਾਰੇ ਜਾਂਦੇ ਹਨ ਅਤੇ ਸਦੀਆਂ ਤੱਕ ਬਹੁਤੀ ਤਬਦੀਲੀ ਨਹੀਂ ਆਉਂਦੀ ।ਇਹ ਸਾਰੀ ਦੁਨੀਆਂ ਵਿੱਚ ਵਸਦੇ ਮਨੁੱਖਾਂ ਵੱਲੋਂ ਮੰਨੇ ਅਤੇ ਸਕਾਰਾਤਮਿਕ ਸੋਚ ਨਾਲ ਸਮਝੇ ਅਤੇ ਅਪਣਾਏ ਜਾਂਦੇ ਹਨ । ਮਿਸਾਲ ਦੇ ਤੌਰ ਤੇ ਮਨੁੱਖ ਇਸ ਮੁੱਦੇ ਉੱਤੇ ਕਦੇ ਨਹੀਂ ਲੜਦੇ ਕਿ ਉਹਨਾਂ ਦੇ ਖੇਤਰ ਵਿੱਚ ਪਹਾੜ , ਦਰਿਆ ਜਾਂ ਮੈਦਾਨ ਕਿਉਂ ਨਹੀਂ ਹਨ।
ਉਪਰੋਕਤ ਵਖਰੇਵੇਂ ਕਰਕੇ ਸਮਾਂ ਪਾ ਕੇ ਜੋ ਆਰਥਿਕ ਵਿਕਾਸ , ਸਮਾਜ ਅਤੇ ਰਾਜਨੀਤਕ ਵਿਵਸਥਾ ਪੈਦਾ ਹੋਈ ਉਸਨੂੰ ਬਹੂਬਲੀਆਂ ਨੇ ਕਾਬਜ਼ ਹੋ ਕੇ ਆਪਣੇ ਹਿੱਤਾਂ ਨੂੰ ਹੋਰ ਸੌੜਾ ਕਰਕੇ, ਲਾਲਚ ਅਤੇ ਚੌਧਰ ਨੂੰ ਕਾਇਮ ਕਰਕੇ ਨਾਬਰਾਬਰੀ ਦੇ ਸਿਧਾਤਾਂ ਨੂੰ ਘੜਿਆ ਅਤੇ ਫਿਰ ਉਸਨੂੰ ਕਮਜ਼ੋਰ ਅਤੇ ਥੁੜਾਂ ਮਾਰੇ ਵਰਗ ਲਈ ਲਾਗੂ ਕੀਤਾ। ਇੱਥੋਂ ਹੀ ਵਿਤਕਰੇ, ਭੇਦਭਾਵ, ਊਚ-ਨੀਚ ,ਛੋਟੇ ਵੱਡੇ ਕੰਮ ਅਤੇ ਹੋਰ ਘਿਨਾਉਣੀਆਂ ਗ਼ੈਰ ਮਨੁੱਖੀ ਰਹੁ ਰੀਤਾਂ( ਰਿਵਾਜ ਜਾਂ ਸਮਾਜਿਕ ਕਨੂੰਨ) ਦਾ ਜਨਮ ਹੋ ਗਿਆ।ਇਹਦਾ ਪਰਛਾਵਾਂ ਪੀੜ੍ਹੀ ਦਰ ਪੀੜ੍ਹੀ ਮਾਵਾਂ ਅਤੇ ਵਡੇਰਿਆਂ ਨੇ ਅਗਲੀ ਨਸਲ ਨੂੰ ਗੁੜਤੀ ਵਿੱਚ ਹੀ ਪਾ ਦਿੱਤਾ।ਬੜੀ ਵਿਉਂਤ ਤਹਿਤ ਕਾਬਜ਼ ਧਿਰ ਨੇ ਐਸਾ ਰੱਬ ਸਿਰਜਿਆ ਅਤੇ ਖੁਦ ਹੀ ਉਸਦੀਆਂ ਸ਼ਕਤੀਆਂ ਨੂੰ ਆਪਣੇ ਹਿੱਤ ਲਈ ਪਰਿਭਾਸ਼ਤ ਕੀਤਾ। ਇਸ ਸਾਰੀ ਪ੍ਰਕਿਰਿਆ ਨੂੰ ਲਗਭਗ 5000 ਸਾਲ ਲੱਗੇ। ਅੰਤਰ ਸਮੂਹੀ ਸੰਘਰਸ਼ ਵਿੱਚੋਂ ਕੁੱਝ ਕਬੀਲੇ ਖਤਮ ਹੁੰਦੇ ਗਏ , ਕੁੱਝ ਆਪਸ ਵਿੱਚ ਮਿਸ਼ਰਤ ਹੋ ਗਏ ਅਤੇ ਆਖਰਕਾਰ ‘ਤੱਕੜੇ ਦਾ ਸੱਤੀਂ ਵੀਹ ਸੌ’ ਦੇ ਸਧਾਰਨ ਹਿਸਾਬ ਨਾਲ ਬਚਦੇ ਬਚਾਉਂਦੇ ਵੱਡੇ ਅਤੇ ਵਧੀਆ ਹਥਿਆਰਾਂ ਵਾਲੇ ਸਮੂਹ ਹਾਕਮ ਬਣਦੇ ਗਏ।ਬੰਦੂਕ , ਤੋਪ ਅਤੇ ਹੱਥ ਗੋਲ੍ਹੇ ਵਰਗੇ ਵਿਸਫੋਟਕ ਹਥਿਆਰਾਂ ਦੀ ਖੋਜ ਨੇ ਤਾਂ ਸੰਸਾਰ ਦੇ ਇਤਿਹਾਸ ਨੂੰ ਹੀ ਬਦਲ ਕੇ ਰੱਖ ਦਿੱਤਾ।ਆਖ਼ਰ ਹਾਰੇ ਹੋਇਆਂ ਸਮੂਹਾਂ,ਖਿੱਤਿਆਂ ਜਾਂ ਦੇਸ਼ਾਂ ਨੂੰ ਗੁਲਾਮ ਬਣਨਾ ਪਿਆ।
ਰੂਹਾਨੀਅਤ ਦੀ ਖੋਜ ਅਤੇ ਜ਼ਿੰਦਗੀ ਦੀ ਨਾਸ਼ਮਾਨਤਾ ਨੂੰ ਦੇਖਦਿਆਂ ਧਰਮ ਦਾ ਜਨਮ ਹੋਇਆ ਜਿਸਨੇ ਬ੍ਰਹਿਮੰਡ ਦੀ ਸਿਰਜਣਾ ਦੇ ਕਾਰਣ, ਸੁਭਾਅ ਅਤੇ ਮਕਸਦ ਨੂੰ ਜਾਨਣ ਦੀ ਨੀਂਹ ਰੱਖੀ।ਧਰਮ ਇੱਕ ਵਿਸ਼ਵ ਸ਼ਕਤੀ ਦੀ ਹੋਂਦ ਨੂੰ ਸਵੀਕਾਰਨਾ , ਇੱਕੋ ਜਹੇ ਭਰੋਸੇ ਵਾਲੇ ਲੋਕਾਂ ਦੇ ਵੱਡੇ ਸਮੂਹ ਦਾ ਸਿਧਾਤਾਂ ਅਤੇ ਕਰਮ ਕਾਂਡਾਂ ਨੂੰ ਘੜਨਾ ਅਤੇ ਲਾਗੂ ਕਰਵਾਉਣਾ, ਪੂਜਾ, ਭਗਤੀ , ਬੇਨਤੀ ਕਰਨਾ , ਰੱਬ ਨੂੰ ਖੁਸ਼ ਕਰਨ ਵਿੱਚ ਸ਼ਰਧਾਲੂਆਂ ਨੂੰ ਖ਼ੁਸ਼ੀ ਮਿਲਣਾ,ਦੂਸਰੇ ਵਿਸ਼ਵਾਸਾਂ ਤੋਂ ਆਪਣੇ ਆਪ ਨੂੰ ਸ਼ਰੇਸ਼ਠ ਦੱਸਣਾ, ਲਿਬਾਸ ਵਿੱਚ ਵਖਰੇਵਾਂ ਰੱਖਣਾ,ਸਮਾਜਿਕ ਕਨੂੰਨ ਘੜਨਾ, ਔਰਤਾਂ ਦੀ ਜ਼ਿੰਦਗੀ ਲਈ ਰੋਜ਼ਨਾਮਚਾ ਤਿਆਰ ਕਰਨਾ ਮਿਥਿਆ ਗਿਆ। ਇਸ ਤੋਂ ਇਲਾਵਾ ਪੁਜਾਰੀ ਲਈ ਖਾਣ ਪਾਨ, ਦਾਨ ਨੂੰ ਪਵਿੱਤਰ ਕੰਮ ਦਰਸਾਉਣਾ ਅਤੇ ਇਸ ਰਾਂਹੀ ਦੁਨਿਆਵੀ ਫਾਇਦੇ ਹੋਣ ਦਾ ਭਰੋਸਾ ਪ੍ਰਚਾਰਨਾ ਅਤੇ ਧਰਮ ਲਈ ਦਾਨ ਇਕੱਠਾ ਕਰਨਾ ਆਦਿ ਮਾਨਤਾਵਾਂ ਨੂੰ ਸੁਨਿਸ਼ਚਿਤ ਕਰਨਾ ਅਤੇ ਇਸ ਦੇ ਨਾਲ ਹੀ ਇਸ ਸਭਦੀ ਉਲੰਘਣਾ ਕਰਨ ਉੱਤੇ ਪਾਪੀ ਹੋਣ ਅਤੇ ਸਜ਼ਾ ਭੁਗਤਣਾ ਆਦਿ ਸਥਾਪਿਤ ਕਰ ਦਿੱਤਾ ਗਿਆ। ਬਾਅਦ ਵਿੱਚ ਬ੍ਰਹਿਮੰਡ ਵਾਸਤੇ ਲਿਖਤੀ ਰੂਪ ਵਿੱਚ ਧਰਮ ਦੇ ਸਿਧਾਂਤ ਦੇ ਬਕਾਇਦਾ ਤੌਰ ਤੇ ਲਿਖਤੀ ਗ੍ਰੰਥ ਬਣਾਏ ਗਏ ਅਤੇ ਉਸਦੇ ਹਵਾਲਿਆਂ ਦੀ ਸਿਰਫ ਵਿਆਖਿਆ ਹੀ ਲੋਕਾਂ ਨੂੰ ਸੁਣਾਈ ਗਈ।ਕਈ ਧਰਮ ਪ੍ਰਚਾਰਕ ਇਹਨਾਂ ਮਾਨਤਾਵਾਂ ਨੂੰ ਆਪਣੇ ਸੁਆਰਥ ਹਿੱਤ ਵਿਗਾੜਕੇ ਵੀ ਦੱਸਦੇ ਹਨ।
ਧਰਤੀ,ਕੁਦਰਤ, ਸੂਰਜ, ਚੰਦਰਮਾ, ਤਾਰੇ,ਅਸਮਾਨੀ ਬਿਜਲੀ,ਪਹਾੜ, ਹਨੇਰੀ, ਹੜ੍ਹ, ਭੂਚਾਲ ਆਦਿ ਨੂੰ ਦੈਵੀ ਸ਼ਕਤੀਆਂ ਪ੍ਰਚਾਰਿਆ ਗਿਆ ਅਤੇ ਉਹਨਾਂ ਦੇ ਕਰੋਪ ਤੋਂ ਬਚਣ ਲਈ ਮੰਤਰਾਂ ਰਾਹੀਂ ਮਨੁੱਖੀ ਜ਼ਿਹਨ ਅੰਦਰ ਡਰ , ਸਹਿਮ ਅਤੇ ਲਾਚਾਰੀ ਦੇ ਟੀਕੇ ਲਾਏ ਗਏ। ਇਹ ਵਰਤਾਰੇ ਯੂਰੋਪ, ਅਫ਼ਰੀਕਾ, ਖਾੜੀ ਦੇ ਦੇਸ਼ ਅਤੇ ਹੋਰ ਮਹਾਂਦੀਪਾਂ ਵਿੱਚ ਪਸਰਨ ਦੇ ਸਮੇਂ ਵੱਖ ਵੱਖ ਹੋ ਸਕਦੇ ਹਨ । ਪਰ ਸਾਡਾ ਮੰਤਵ ਇਸ ਲੇਖ ਰਾਹੀਂ ਮਨੁੱਖ ਦੀ ਮਨੁੱਖ ਦੇ ਹੱਥੋਂ ਲੁੱਟ , ਅਨਿਆਂ, ਵਿਤਕਰੇ ,ਵਧੀਕੀਆਂ ਅਤੇ ਕਰੂਰਤਾ ਦੇ ਕਾਰਣ ਅਤੇ ਹੱਲ ਨੂੰ ਸਮਝਣਾ ਹੈ।
ਜੇਕਰ ਪੰਜਾਬ ਜਾਂ ਉੱਤਰੀ ਭਾਰਤ ਦੇ ਸੰਦਰਭ ਵਿੱਚ ਵਿਚਾਰੀਏ ਤਾਂ ਇੱਥੇ ਵੀ ਵਖਰੇਵਾਂ(ਵਿਭਿੰਨਤਾ)ਸ਼ਬਦ ਸਪਸ਼ਟ ਰੂਪ ਵਿੱਚ ਆਮ ਲੋਕਾਂ ਦੀ ਸੋਚ ਵਿੱਚ ਬੈਠ ਨਹੀਂ ਸਕਿਆ। ਉਹ ਵਖਰੇਵੇਂ ਨੂੰ ਵਿਤਕਰੇ ਵੱਲ ਲੈ ਜਾਂਦੇ ਹਨ।ਇਸ ਖਿੱਤੇ ਵਿੱਚ ” ਬਲਿਹਾਰੀ ਕੁਦਰਤ ਵਸਿਆ” ਦੇ ਪ੍ਰਚਾਰ ਦੇ ਬਾਵਜੂਦ ਵੀ ਵਿਹਾਰਿਕ ਤੌਰ ਤੇ ਵੰਡੀਆਂ ਅਤੇ ਭੇਦਭਾਵ ਵਿਆਪਕ ਪੱਧਰ ਤੇ ਹੈ। ਕਿਸਾਨ , ਵਪਾਰੀ, ਮਜ਼ਦੂਰ ਅਤੇ ਨੌਕਰੀਪੇਸ਼ਾ ਲੋਕ ਆਪੋ ਆਪਣੇ ਕੰਮ ਕਰਨ ਦੇ ਬਾਵਜੂਦ ਇੱਕ ਦੂਜੇ ਦੇ ਵਿਰੋਧ ਵਿੱਚ ਵੀ ਖੜੇ ਹੁੰਦੇ ਦਿੱਸਦੇ ਹਨ। ਇਹ ਸਭ ਹਿੱਤਾਂ ਦੇ ਟਕਰਾਉ ਅਤੇ ਵਰਗ ਭਿਆਲ਼ੀ ਕਰਕੇ ਹੈ। “ਸਰਬੱਤ ਦਾ ਭਲਾ” ਸਿਧਾਂਤ ਸਿਰਫ ਕਹਿਣ ਜਾਂ ਸਾਹਿਤਕ ਸੱਥਾਂ ਵਿੱਚ ਹੀ ਵਿਚਾਰਨ ਲਈ ਰੱਖਿਆ ਹੋਇਆ ਹੈ। ਭਲਾ ਹਰੇਕ ਜਮਾਤੀ ਪੱਧਰ ਤੇ ਆਪਣਾ ਹੀ ਲੋਚਦਾ ਹੈ।ਅਜੋਕੇ ਸਮੇਂ ਇਹ ਵਿਗਿਆਨਕ ਸੱਚ ਹੈ ਕਿ ਹਰੇਕ ਮਨੁੱਖ ਦੇ ਨੈਣ ਨਕਸ਼,ਸੁਭਾਅ,ਰੁਚੀਆਂ ,ਤਰਜੀਹਾਂ , ਖਾਣ ਪੀਣ ਦੇ ਸੁਆਦ , ਲਿਬਾਸ ਆਦਿ ਵੱਖਰੇ ਹਨ। ਕੰਮ ,ਕੁਸ਼ਲਤਾ, ਵਿਸ਼ਵਾਸ,ਹਾਲਾਤ, ਪਰਵਰਿਸ਼ ਅਤੇ ਸੰਗਤ ਆਦਿ ਵੀ ਮਨ ਮਰਜ਼ੀ ਦੀ ਹੈ।ਹੁਣ ਧਰਮ ਦੇ ਰਾਹ ਦਾ ਸਭਤੋਂ ਵੱਡਾ ਟਕਰਾਅ ਅਕਸਰ ਦੇਸ਼ ਦੇ ਸੰਵਿਧਾਨ ਨਾਲ ਹੈ।ਦੇਸ਼ ਦੀ ਅਬਾਦੀ ਦੀ ਗਿਣਤੀ ਪੱਖੋਂ ਘੱਟ ਗਿਣਤੀ ਜਾਂ ਬਹੁਗਿਣਤੀ ਦਾ ਪ੍ਰਭਾਵ ਵੱਖਰਾ ਹੈ। ਇੱਕ ਖ਼ਾਸ ਖਿੱਤੇ ਦੀ ਭੂਗੋਲਿਕ ਸਥਿਤੀ ਮੁਤਾਬਕ ਖੇਤੀ , ਉਦਯੋਗ , ਆਵਾਜਾਈ ਦੇ ਸਾਧਨ ਆਦਿ ਦੀ ਕਾਰਗੁਜ਼ਾਰੀ ਪ੍ਰਭਾਵ ਰੱਖਦੀ ਹੈ। ਸਭ ਤੋਂ ਅਹਿਮ ਮੁੱਦਾ ਹਕੂਮਤ ਕਰਦੀ ਧਿਰ ਦੀ ਕਿੱਤਿਆਂ ਪ੍ਰਤੀ ਤਰਜੀਹ ਆਪਣਾ ਰੋਲ ਅਦਾ ਕਰਦੀ ਹੈ ।
ਸਾਡੇ ਗੁਰੂ ਸਾਹਿਬਾਨਾਂ ਨੇ ਆਦਰਸ਼ ਮਨੁੱਖ ਦੀ ਸਿਰਜਣਾ ਦੀ ਕਲਪਨਾ ਹੀ ਨਹੀਂ ਕੀਤੀ ਸਗੋਂ ਸਰੀਰਕ ਕੁਰਬਾਨੀ ਦੇ ਕੇ ਜੱਗ ਸਾਂਹਵੇਂ ਮਿਸਾਲ ਪੇਸ਼ ਕੀਤੀ ਤਾਂ ਕਿ ਉਹਨਾਂ ਦੇ ਸਿੱਖ ਸਿਰਫ ਅਨੁਆਈ ਹੀ ਨਾਂ ਰਹਿਣ, ਲੋਕ ਹਿੱਤ ਲਈ ਸਭ ਤੋੰ ਪਹਿਲਾਂ ਖੁੱਦ ਮੈਦਾਨ ਵਿੱਚ ਨਿੱਤਰਨ। ਗੁਰੂ ਤੇਗ਼ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਹਿੰਮਤ , ਸਾਹਸ,ਸਹਿਣ ਸ਼ਕਤੀ ਅਤੇ ਦੂਰਅੰਦੇਸ਼ੀ ਕੋਈ ਦੈਵੀ ਚਮਤਕਾਰ ਨਹੀਂ ਇਸੇ ਧਰਤੀ ਦੇ ਉੱਤੇ ਵਰਤਿਆ ਅਤੇ ਅੱਖੀਂ ਡਿੱਠਾ ਇਤਿਹਾਸ ਹੈ।ਕਿਸੇ ਧਰਮ ਦੇ ਮੁੱਖੀ ਦੇ ਆਪਣੇ ਪਰਿਵਾਰ ਦੀ ਇੰਨੀ ਵੱਡੀ ਕੁਰਬਾਨੀ ਜੋ ਚਾਹੁੰਣ ਉੱਤੇ ਟੱਲ੍ਹ ਵੀ ਸਕਦੀ ਸੀ , ਦੀ ਮਿਸਾਲ ਸਮਕਾਲੀਨ ਇਤਿਹਾਸ ਵਿੱਚ ਕਿੱਧਰੇ ਨਹੀਂ ਮਿਲਦੀ।
-ਕੀ ਇਹ ਸਭ ਕੁੱਝ ਸਿਰਫ਼ ਆਪਣੇ ਧਰਮ ਨੂੰ ਬਚਾਉਣ ਲਈ ਇਸਲਾਮ ਖਿਲਾਫ਼ ਜੰਗਾਂ ਦੌਰਾਨ ਵਾਪਰਿਆ ?
-ਜੇ ਕੁੱਝ ਸ਼ੱਕ ਹੋਵੇ ਤਾਂ ਸ਼ਰਣ ਆਏ ਔਰੰਗਜ਼ੇਬ ਦੇ ਹੀ ਪੁੱਤਰ ਬਹਾਦਰ ਸ਼ਾਹ 1 ਦੀ ਮਦਦ ਲਈ ਗੁਰੂ ਗੋਬਿੰਦ ਸਿੰਘ ਦੱਖਣ ਵੱਲ ਕਿਉਂ ਗਏ?.
ਐਸੇ ਮਹਾਨ ਵਿਰਸੇ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਭਾਈਚਾਰਕ ਸਾਂਝ ਲਈ ਮਸ਼ਹੂਰ ਅਤੇ ਹਾਲੇ ਵੀ ਸਮਾਜਿਕ ਵਿਤਕਰਿਆਂ ਪੱਖੋਂ ਘੱਟ ਬਦਨਾਮ ਸੂਬੇ ਨੂੰ ਕੰਗਾਲੀ ਵੱਲ ਧੱਕਣ ਵਾਲੇ ਰਾਜਨੀਤਕ ਸਰਬਰਾਹਾਂ ਦੀ ਨਿਸ਼ਾਨਦੇਹੀ ਕਰਨ ਦੀ ਬੀੜਾ ਕੌਣ ਚੁੱਕੇਗਾ? ਪੰਜਾਬ ਦੇ ਮਿਸਾਲੀ ਕਿਸਾਨ ਅੰਦੋਲਨ ਨੂੰ 32 ਯੂਨੀਅਨਾਂ ਵਿੱਚ ਵੰਡਕੇ , ਫਿਰ ‘ਆਪਣੀ ਡੱਫਲੀ ਆਪਣਾ ਰਾਗ’ਅਲਾਪਣ ਵਾਲਿਆਂ ਨੂੰ ਕਦੋਂ ਏਕਤਾ ਦੀ ਤਾਕਤ ਸਮਝ ਆਵੇਗੀ ? ਚਾਹੀਦਾ ਤਾਂ ਇਹ ਹੈ ਕਿ ਅਸੀਂ ਆਪਣੇ ਘਰ ਝਾਕ ਕੇ ਆਪਣੇ ਕੁੱਝ ਤਤਕਾਲੀ ਲਾਭ ਛੱਡਕੇ ਕੁਦਰਤੀ ਖੇਤੀ ਅਤੇ ਸਹਾਇਕ ਧੰਦਿਆਂ ਵੱਲ ਦੁਬਾਰਾ ਰੁਖ ਕਰੀਏ।ਵਾਹਗਾ ਬਾਰਡਰ ਖੁਲਵਾਉਣ ਦੀ ਮੰਗ ਨੂੰ ਉੱਪਰਲੀ ਤਰਜੀਹ ਵਿੱਚ ਰੱਖੀਏ। ਜ਼ਰਾਇਮ ਪੇਸ਼ਾ ਹੋਣ ਦੇ ਕਲੰਕ ਨੂੰ ਝੂਠਾ ਸਾਬਿਤ ਕਰਕੇ ਦਿਖਾਈਏ। ਕੀ ਅਸੀਂ ਦੁਬਾਰਾ ਮਿਸਲ- ਰਾਜ ਵੱਲ ਵੱਧ ਰਹੇ ਹਾਂ ? ਆਪਣੇ ਕੁਦਰਤੀ ਸਾਧਨਾਂ (ਪਾਣੀ) ਦੀ ਅੰਨ੍ਹੀ ਰਫਤਾਰ ਨਾਲ ਖਪਤ ਅਤੇ ਪ੍ਰਦੂਸ਼ਣ ( ਰਸਾਇਣਕ ਜ਼ਹਿਰਾਂ)ਪੰਜਾਬ ਨੂੰ ਬੰਜਰ ਬਣਾਉਣ ਵੱਲ ਧੱਕੀ ਜਾਂਦੀ ਸਾਨੂੰ ਦਿੱਸਦੀ ਹੈ ਜਾਂ ਨਹੀਂ?
ਜੇਕਰ ਪਾਕਿਸਤਾਨੀ ਬਾਸਮਤੀ ਕਨੇਡਾ,ਅਮਰੀਕਾ , ਆਸਟਰੇਲੀਆ ਇੰਗਲੈਂਡ ਦੇ ਸਟੋਰਾਂ ਵਿੱਚ ਵਿੱਕ ਸਕਦੀ ਹੈ ਤਾਂ ਸਾਡੇ ਪੰਜਾਬ ਦੀ ਉਪਜ ਵਿੱਚ ਕੀ ਨੁਕਸ ਹੈ?
ਅੱਜ ਆਰਥਿਕ ਉੱਨਤੀ ਅਤੇ ਸਥਾਨਿਕ ਰੁਜ਼ਗਾਰ ਕਿੰਨਾ ਜ਼ਰੂਰੀ ਹੈ ਇਸ ਦਾ ਸਬਕ ਪ੍ਰਵਾਸ ਤੇ ਚੜ੍ਹੀਆਂ ਸਾਡੀਆਂ ਔਲਾਦਾਂ ਨੇ ਤਾਂ ਸਿੱਖ ਹੀ ਲਿਆ ਹੋਵੇਗਾ ਜਿਹਨਾਂ ਦੇ ਸਿਰ ਉੱਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ।
” ਜਦੋਂ ਹੋਰ ਕਰੇ ਤਾਂ ਵਿਤਕਰਾ, ਜਦੋਂ ਮੈਂ ਕਰਾਂ ਤਾਂ ਹੱਕ” ਨਾਹਰਾ ਦੇਣ ਵਾਲਾ ਅਨੋਖਾ ਰਹਿਬਰ ਕਿਹੜੇ ਖਾਨਦਾਨ ਤੋਂ ਆਉਂਦਾ ਹੈ ?
ਦੂਸਰੇ ਪਾਸੇ ਕੁੱਝ ਲੋਕਾਂ ਵੱਲੋਂ ਜਾਣਬੁੱਝਕੇ ਪੰਜਾਬ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਪਿੰਡਾਂ ਵਿੱਚ ਮਤੇ ਪਵਾ ਦਿੱਤੇ। ਚਲੋ ਕਰਨ ਵਾਲੇ ਕਰਦੇ ਹਨ , ਲੋਕਤੰਤਰ ਵਿੱਚ ਸਭ ਨੂੰ ਕਹਿਣ ਦਾ ਹੱਕ ਹੈ ਪਰ ਗਲਤ ਨੂੰ ਗਲਤ ਕਹਿਣ ਲਈ ਪੁਲਿਸ ਵੀ ਪਹਿਲਾਂ ਕਿਸੇ ਧਿਰ ਕੋਲੋਂ ਸ਼ਿਕਾਇਤ ਮੰਗਦੀ ਹੈ। ਆਹ ਸਰਪੰਚੀ ਚੋਣਾਂ ਵਿੱਚ ਪੈਸੇ ਰਾਹੀਂ ਸਰਵਸੰਮਤੀ ਖਰੀਦਣ ਦੀ ਬੋਲੀ ਵਿੱਚ ਤਾਂ ਜੱਗੋਂ ਤੇਹਰਵੀਂ ਹੀ ਦੇਖਣ ‘ਚ ਆਈ।ਅਖੇ “ਸਰਪੰਚੀ ਕਿਸੇ ਵੀ ਕੀਮਤ ਤੇ ਮੇਰੀ ਭਾਵੇਂ ਪੰਜ ਕਰੋੜ ਤੱਕ ਚਲੀ ਜਾਵੇ ਪਰ ਪੂਰੀ ਪੰਚਾਇਤ ਮੇਰੇ ਮੁਕਾਬਕ ਹੋਵੇਗੀ”। ਦੂਜੇ ਪਿੰਡ ਵਿੱਚ ਧੱਕੇ ਨਾਲ ਨਿਯਮਾਂ ਨੂੰ ਟੰਗਕੇ ਮਨਮਰਜ਼ੀ ਨਾਲ ਸਰਵ ਸੰਮਤੀ ਆਪਣੇ ਖਾਤੇ ਪਵਾ ਲਈ। ਕੀ ਅਦਾਲਤਾਂ ਹੀ ਸਾਨੂੰ ਜ਼ਾਬਤਾ ਅਤੇ ਸਬਰ ਸਿਖਾਉਣਗੀਆਂ?
ਸੋਸ਼ਲ ਮੀਡੀਆ ਦੇ ਯੁੱਗ ਵਿੱਚ ਅਸੀਂ ਹਰ ਵੇਲੇ ਕੈਮਰੇ ਦੀ ਅੱਖ ਥੱਲੇ ਵਿਚਰ ਰਹੇ ਹਾਂ। ਅੱਜ ਹਰ ਇੱਕ ਮੋਬਾਈਲ ਵਾਲਾ ਬੰਦਾ ਪੱਤਰਕਾਰ ਹੀ ਸਮਝੋ। ਸਗੋਂ ਕਈ ਵਾਰੀ ਬਾਤ ਦਾ ਬਤੰਗੜ ਹੀ ਬਣ ਜਾਂਦਾ ਹੈ। ਪੰਜਾਬ ਮਹਾਨ ਵਿਰਸੇ ਦਾ ਵਾਰਿਸ ਹੈ। ਆਉ ਸਾਰੇ ਵਿਵੇਕ਼ ਅਤੇ ਸੰਵੇਦਨਾ ਨੂੰ ਮਹਿਸੂਸ ਕਰਦੇ ਹੋਏ ਆਪਣੀਆਂ ਫਸਲਾਂ ਅਤੇ ਨਸਲਾਂ ਨੂੰ ਜ਼ਹਿਰ ਦੀ ਪਾਣ ਨਾ ਚਾੜ੍ਹੀਏ।ਨਹੀਂ ਤਾਂ ਅਣਿਆਈ ਮੌਤ ਵੰਡਣ ਦਾ ਧੱਬਾ ਲਵਾ ਕੇ ਰੱਬ ਅਤੇ ਕੁਦਰਤ ਦੀ ਕਰੋਪੀ ਦੇ ਭਾਗੀ ਵੀ ਬਣਾਂਗੇ। ਦੁਨੀਆਂ ਵਿੱਚ ਆਪਣੀ ਬਹਾਦਰੀ ਲਈ ਸਲੂਟ ਲੈਂਦੇ ਸਰਦਾਰ ਹਰੀ ਸਿੰਘ ਨਲੂਏ ਦੀ ਬਹਾਦਰੀ ਅਤੇ ਕਿਰਦਾਰ ਨੂੰ ਅਗਲੀ ਪੀੜੀਆਂ ਤੱਕ ਪਹੁੰਚਾਣ ਦਾ ਜਿੰਮਾ ਚਾਈਂ ਚਾਈਂ ਚੁੱਕੀਏ।
ਕੇਵਲ ਸਿੰਘ ਰੱਤੜਾ
08283830599
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly