ਤਾਨਾਸ਼ਾਹੀ

ਖੁਸ਼ੀ ਮੁਹੰਮਦ "ਚੱਠਾ"

(ਸਮਾਜ ਵੀਕਲੀ)

ਦੁਨੀਆਂ ਦਾ ਇਤਿਹਾਸ ਵੇਖ ਲਓ
ਕਿਸਨੂੰ ਆਇਆ ਰਾਸ ਵੇਖ ਲਓ
ਏਥੇ ਹੀ ਮੁੱਲ ਤਾਰਨਾ ਪੈਂਦਾ
ਕੀਤੀਆਂ ਜੋ ਮਨਆਈਆਂ ਦਾ
ਅੰਤ ਬੜਾ ਹੀ ਮਾੜਾ ਹੁੰਦਾ
ਕਹਿੰਦੇ ਤਾਨਾਸ਼ਾਹੀਆਂ ਦਾ…

ਜੋਰਾ ਜਬਰੀ ਗੱਲ ਮਨਵਾਉਣੀ
ਆਪਣੀ ਸੋਚ ਹੀ ਥੋਪ ਥਪਾਉਣੀ
ਜੇ ਕੋਈ ਕਰੇ ਵਿਰੋਧ ਤਾਂ ਕਰਨੀਆਂ
ਘਟੀਆ ਕਾਰਵਾਈਆਂ ਦਾ
ਅੰਤ ਬੜਾ ਹੀ ਮਾੜਾ ਹੁੰਦਾ
ਕਹਿੰਦੇ ਤਾਨਾਸ਼ਾਹੀਆਂ ਦਾ…

ਘਟੀਆ ਜਹੇ ਕਾਨੂੰਨ ਬਣਾਉਣੇ
ਫਿਰ ਉਸਦੇ ਫਾਇਦੇ ਗਿਣਵਾਉਂਣੇ
ਅੱਖੀਆਂ ਨੂੰ ਜੋ ਚੋਭਣ, ਕਰਨਾ
ਕੀ ਉਨ ਸੁਰਮ ਸਲ਼ਾਈਆਂ ਦਾ
ਅੰਤ ਬੜਾ ਹੀ ਮਾੜਾ ਹੁੰਦਾ
ਕਹਿੰਦੇ ਤਾਨਾਸ਼ਾਹੀਆਂ ਦਾ…

ਬਹੁਮਤ ਭਾਵੇਂ ਮਿਲੇ ਨਾ ਪੂਰੀ
ਸੱਤਾ ਫਿਰ ਵੀ ਬਹੁਤ ਜਰੂਰੀ
ਕੀ ਕਹੀਏ ਜੋ ਧੋਖੇਬਾਜ਼ੀ ਨਾਲ
ਸੱਤਾ ਹਥਿਆਈਆਂ ਦਾ
ਅੰਤ ਬੜਾ ਹੀ ਮਾੜਾ ਹੁੰਦਾ
ਕਹਿੰਦੇ ਤਾਨਾਸ਼ਾਹੀਆਂ ਦਾ

“ਖੁਸ਼ੀ ਮੁਹੰਮਦਾ” ਨਿਵ ਕੇ ਰਹੀਏ
ਐਵੇਂ ਈ ਨਾ ਹਓਮੇਂ ਵਿੱਚ ਬਹੀਏ
ਬਹੁਤੀ ਦੇਰ ਨਹੀਂ ਸਹਿੰਦੀ ਜਨਤਾ
ਜੋਰ ਏ ਧੱਕੇਸ਼ਾਹੀਆਂ ਦਾ
ਅੰਤ ਬੜਾ ਹੀ ਮਾੜਾ ਹੁੰਦਾ
ਕਹਿੰਦੇ ਤਾਨਾਸ਼ਾਹੀਆਂ ਦਾ…

ਖੁਸ਼ੀ ਮੁਹੰਮਦ “ਚੱਠਾ”

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਮਨੁੱਖਤਾ ਦੀ ਸੇਵਾ ਦੇ ਸੱਚੇ ਸੇਵਕ ਭਗਤ ਪੂਰਨ ਸਿੰਘ ਪਿੰਗਲਵਾੜਾ “
Next article“ਯਾਰ ਮਾਰ”