ਧਰਮਸ਼ਾਲਾ/ਸ਼ਿਮਲਾ, (ਸਮਾਜ ਵੀਕਲੀ): ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਵਿੱਚ ਲੰਘੇ ਦਿਨ ਬੱਦਲ ਫਟਣ ਕਰਕੇ ਆਏ ਸੈਲਾਬ ਮਗਰੋਂ ਬੋਹ ਵਾਦੀ ਵਿੱਚ ਢਿੱਗਾਂ ਡਿੱਗਣ ਕਰਕੇ ਲਾਪਤਾ ਹੋਏ 10 ਵਿਅਕਤੀਆਂ ਨੂੰ ਅਥਾਰਿਟੀਜ਼ ਨੇ ਮ੍ਰਿਤਕ ਐਲਾਨ ਦਿੱਤਾ ਹੈ। ਪਹਾੜੀ ਰਾਜ ਵਿੱਚ ਆਈ ਕੁਦਰਤੀ ਆਫ਼ਤ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 11 ਹੋ ਗਈ ਹੈ। ਇਕ ਲਾਸ਼ ਸੋਮਵਾਰ ਨੂੰ ਮਲਬੇ ਹੇਠੋਂ ਬਰਾਮਦ ਹੋ ਗਈ ਸੀ ਜਦੋਂਕਿ 10 ਵਿਅਕਤੀ ਅਜੇ ਵੀ ਲਾਪਤਾ ਸਨ। ਰਾਹਤ ਕਾਰਜ ਸੋਮਵਾਰ ਸਵੇਰ ਤੋਂ ਜਾਰੀ ਹਨ।
ਐੱਨਆਰਡੀਐੱਫ ਦੀਆਂ ਟੀਮਾਂ ਨੇ ਅੱਠ ਘੰਟੇ ਦੇ ਅਪਰੇਸ਼ਨ ਮਗਰੋਂ ਸੱਤ ਲੋਕਾਂ ਨੂੰ ਬਚਾਉਣ ਦਾ ਦਾਅਵਾ ਕੀਤਾ ਹੈ। ਢਿੱਗਾਂ ਡਿੱਗਣ ਕਰਕੇ ਸੜਕੀ ਆਵਾਜਾਈ ਵੀ ਅਸਰਅੰਦਾਜ਼ ਹੋਈ ਹੈ। ਤਿੰਨ ਕੌਮੀ ਸ਼ਾਹਰਾਹਾਂ ਸਮੇਤ 184 ਦੇ ਕਰੀਬ ਸੜਕਾਂ ’ਤੇ ਆਵਾਜਾਈ ਬੰਦ ਰਹੀ ਹੈ। ਸ਼ਿਮਲਾ ਜ਼ਿਲ੍ਹੇ ਵਿੱਚ ਝਾਖੜੀ ਕੋਲ ਕੌਮੀ ਸ਼ਾਹਰਾਹ 5 ਵੀ ਬੰਦ ਸੀ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਭਾਰੀ ਮੀਂਹ ਕਰਕੇ ਨੀਵੇਂ ਇਲਾਕਿਆਂ ’ਚ ਪਾਣੀ ਭਰਨ, ਢਿੱਗਾਂ ਡਿੱਗਣ ਤੇ ਨਦੀਆਂ ਨਾਲਿਆਂ ’ਚ ਪਾਣੀ ਦਾ ਵਹਾਅ ਵਧਣ ਦਾ ਖ਼ਤਰਾ ਹੋ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly