ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅਲਾਇੰਸ ਇੰਟਰਨੈਸ਼ਨਲ ਕਲੱਬ ਰਜਿ: ਵੱਲੋਂ ਲੁਧਿਆਣਾ ਦੇ ਮਾਣਮੱਤੇ ਸਕੂਲ ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਂਦਰਾ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਕਲੱਬ ਦੇ ਅੰਤਰਰਾਸ਼ਟਰੀ ਸਲਾਹਕਾਰ ਸ਼੍ਰੀ ਐੱਸ.ਐੱਸ.ਅਰੋੜਾ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ। ਸ੍ਰ: ਹਰਬੰਸ ਸਿੰਘ ਵਿਰਦੀ ਜ਼ਿਲ੍ਹਾ ਗਵਰਨਰ, ਸ੍ਰ: ਬਲਵੰਤ ਸਿੰਘ ਵਾਇਸ ਪ੍ਰਧਾਨ, ਸ਼੍ਰੀਮਤੀ ਰੇਨੂੰ ਅਰੋੜਾ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਕਲੱਬ ਦੇ ਜ਼ਿਲ੍ਹਾ ਗਵਰਨਰ ਹਰਬੰਸ ਸਿੰਘ ਵਿਰਦੀ ਨੇ ਦੱਸਿਆ ਕਿ ਕਲੱਬ ਦੀਆਂ ਭਾਰਤ ਵਿੱਚ 1700 ਸ਼ਾਖਾਵਾਂ ਹਨ। ਕਲੱਬ ਵੱਲੋਂ ਉੱਤਮ ਸੇਵਾਵਾਂ ਨਿਭਾਉਣ ਵਾਲ਼ੇ ਅਧਿਆਪਕਾਂ ਦਾ ਸਨਮਾਨ, ਵਿਦਿਆਰਥੀਆਂ ਲਈ ਸਹਿਯੋਗ, ਵਾਤਾਵਰਨ ਦੀ ਸੰਭਾਲ਼, ਸਿਹਤ ਜਾਗਰੂਕਤਾ ਅਤੇ ਹੋਰ ਅਨੇਕਾਂ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਪਾਣੀ, ਹਵਾ, ਵਾਤਾਵਰਨ, ਬਜ਼ੁਰਗਾਂ ਦਾ ਸਤਿਕਾਰ ਆਦਿ ਵਿਸ਼ਿਆਂ ਤੇ ਗੀਤ, ਕਵਿਤਾਵਾਂ ਅਤੇ ਸਕਿੱਟਾਂ ਦੀ ਪੇਸ਼ਕਾਰੀ ਕੀਤੀ। ਗਣਿਤ ਵਿਸ਼ੇ ਬਾਰੇ ਖੂਬਸੂਰਤ ਰੰਗੋਲੀ ਦਾ ਮੁਕਾਬਲਾ ਕਰਵਾਇਆ ਗਿਆ। ਬਹੁਪੱਖੀ ਸਖ਼ਸ਼ੀਅਤ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਰੋਜ ਕੁਮਾਰੀ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਉੱਤਮ ਕਾਰਗੁਜਾਰੀ, ਖੇਡਾਂ ਕਰਾਉਣ, ਸੱਭਿਆਚਾਰਕ ਗਤੀਵਿਧੀਆਂ ਕਰਾਉਣ, ਵੱਖ-ਵੱਖ ਸਕੂਲਾਂ ਦੇ ਸੈਮੀਨਾਰ ਕਰਾਉਣ, ਸੱਭਿਆਚਾਰਕ ਸਮਾਗਮ ਆਯੋਜਿਤ ਕਰਨ ਅਤੇ ਕੁਸ਼ਲ ਪ੍ਰਬੰਧਕ ਵਜੋਂ ਵਧੀਆ ਸੇਵਾਵਾਂ ਨਿਭਾਉਣ ਕਰਕੇ ਕਲੱਬ ਨੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ। ਸਕੂਲ ਲੈਕਚਰਾਰ ਸ਼੍ਰੀਮਤੀ ਰੀਤੂ ਰਾਣੀ ਨੂੰ ਉਹਨਾਂ ਦੇ ਮਾਸਟਰ ਕੇਡਰ ਤੋਂ ਲੈਕਚਰਾਰ ਬਣਨ ਤੱਕ ਸ਼ਾਨਦਾਰ ਸੇਵਾਵਾਂ ਨਿਭਾਉਣ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀਮਤੀ ਸਰੋਜ ਕੁਮਾਰੀ ਨੇ ਇਸ ਦੌਰਾਨ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੀ ਡਿਊਟੀ ਪੂਰੀ ਤਨਦੇਹੀ, ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ਼ ਨਿਭਾਉਣ ਨੂੰ ਉਹ ਆਪਣਾ ਫਰਜ਼ ਸਮਝਦੇ ਹਨ। ਇਹ ਸਨਮਾਨ ਸਮਰਪਿਤ ਹੈ ਸਕੂਲ ਦੇ ਪਿਆਰੇ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੂੰ, ਜੋ ਹਮੇਸ਼ਾਂ ਸਕੂਲ ਨੂੰ ਅੱਗੇ ਵਧਣ ਲਈ ਪੂਰਨ ਸਹਿਯੋਗ ਦਿੰਦੇ ਹਨ। ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਕਰਕੇ ਹੀ ਸਕੂਲ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਇਸ ਮੌਕੇ ਕਰਮਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ ਨੇ ਪ੍ਰਿੰਸੀਪਲ ਸ਼੍ਰੀਮਤੀ ਸਰੋਜ ਕੁਮਾਰੀ ਨੂੰ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਨੂੰ ਅਗਾਂਹਵਧੂ ਗੀਤ ਸੁਣਾਏ। ਮੰਚ ਸੰਚਾਲਨ ਦੀ ਡਿਊਟੀ ਲੈਕਚਰਾਰ ਸ਼੍ਰੀਮਤੀ ਗੀਤਾ ਭੱਲਾ ਨੇ ਬਾਖੂਬੀ ਨਿਭਾਈ। ਸਕੂਲ ਵਿੱਚ ਹੋਏ ਵਿਸ਼ੇਸ਼ ਸਨਮਾਨ ਕਰਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀਮਤੀ ਰਮਨਜੀਤ ਕੌਰ, ਪਿੰਡ ਦੇ ਸਰਪੰਚ, ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਸਕੂਲ ਦੇ ਮੁੱਖ ਅਧਿਆਪਕ ਸ੍ਰ: ਗੁਰਦਰਸ਼ਨ ਸਿੰਘ, ਸਰਕਾਰੀ ਹਾਈ ਸਕੂਲ ਸਰਾਭਾ ਨਗਰ ਦੇ ਮੁੱਖ ਅਧਿਆਪਕ ਸ਼੍ਰੀ ਵਿਵੇਕ ਮੋਂਗਾ ਅਤੇ ਇਲਾਕਾ ਨਿਵਾਸੀਆਂ ਨੇ ਮਾਣਮੱਤੀ ਪ੍ਰਾਪਤੀ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰੋਜ ਕੁਮਾਰੀ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।
HOME ਧਾਂਦਰਾ ਸਕੂਲ ਵਿਖੇ ਅੰਤਰਰਾਸ਼ਟਰੀ ਕਲੱਬ ਵੱਲੋਂ ਪ੍ਰਿੰਸੀਪਲ ਸ਼੍ਰੀਮਤੀ ਸਰੋਜ ਕੁਮਾਰੀ ਸਨਮਾਨਿਤ



