ਪਟਿਆਲੇ ਦਾ ਧੱਮੋ ਮਾਜਰਾ: ਹੜੱਪਾ ਕਾਲ ਦਾ ਕੇਂਦਰ
ਬੁੱਧ ਧਰਮ ਦਾ ਇਤਿਹਾਸ—-ਹਰਮੇਸ਼ ਜੱਸਲ
(ਸਮਾਜ ਵੀਕਲੀ)- ਪਟਿਆਲਾ ਛਾਉਣੀ ਰੇਲਵੇ ਸਟੇਸ਼ਨ ਤੋੰ ਦੋ ਕਿਲੋ ਮੀਟਰ ਦੂਰ ਪਿੰਡ ਧੱਮੋ ਮਾਜਰਾ ਨੇੜੇ ਇਕ ਬਹੁਤ ਵੱਡਾ ਟੀਲਾ ਹੈ, ਜਿਸਨੂੰ ਪੁਰਾਤੱਤਵ ਵਿਭਾਗ ਨੇ ਹੜੱਪਾ ਅਤੇ ਵੈਦਿਕ ਕਾਲ ਦੇ ਅਰੰਭ ਦਾ ਦੱਸਿਆ ਹੈ. ਪੁਰਾਤੱਤਵ ਵਿਭਾਗ ਨੇ ਪਟਿਆਲੇ ਜਿਲ੍ਹੇ ਦਾ ਸਰਵੇਖਣ ਕਰਕੇ ਦੱਸਿਆ ਹੈ ਕਿ ਲਗਭਗ 50 ਟੀਲੇ ਅਜਿਹੇ ਹਨ, ਜਿਨ੍ਹਾਂ ਦਾ ਸਬੰਧ ਹੜੱਪਾ ਸੱਭਿਯਤਾ ਨਾਲ ਹੋ ਸਕਦਾ ਹੈ, ਧੱਮੋ ਮਾਜਰਾ ਉਨ੍ਹਾਂ ਵਿੱਚੋਂ ਇਕ ਹੈ.
ਅਸਲੀ ਤਸਵੀਰ ਤਾਂ ਇਨ੍ਹਾਂ ਟਿੱਲਿਆਂ ਦੀ ਖੁਦਾਈ ਕਰਨ ਤੋਂ ਬਾਅਦ ਹੀ ਸਾਹਮਣੇ ਆਵੇਗੀ ਪਰ ਨਾਮ ਤੋਂ ਤਾਂ ਏਦਾਂ ਲਗਦਾ ਹੈ ਜਿਵੇਂ ਇਹ ਪਿੰਡ ਬੁੱਧ ਧੱਮ ਨਾਲ ਸਬੰਧਤ ਹੋਵੇ. ਧੱਮੋ ਦਾ ਭਾਵ ਧੱਮ ਅਤੇ ਮਾਜਰਾ ਦਾ ਮਤਲਬ ਪਿੰਡ ਹੁੰਦਾ ਹੈ, ਭਾਵ ਉਹ ਪਿੰਡ ਜਿੱਥੇ ਧੱਮ ਦਾ ਪਾਲਣ ਹੁੰਦਾ ਹੋਵੇ.
ਵੈਸੇ ਪਟਿਆਲੇ ਵਿਚ ਹੋਰ ਵੀ ਬਹੁਤ ਸਾਰੇ ਪਿੰਡ ਹਨ, ਜਿਨ੍ਹਾਂ ਦੀ ਪੁਰਾਤੱਤਵ ਦਿ੍ਸ਼ਟੀ ਤੋਂ ਮਹੱਤਤਾ ਹੈ ਜਿਵੇਂ ਘੁੜਾਮ , ਲਟੌਰ, ਮਾਜਰੀ, ਜੱਟਾਂ , ਚਨਾਰਥਲ, ਗਲਬੜੀ, ਸਲਾਨਾ ਡਡੇਰਾ, ਵਿਨੇਦਿਆ, ਲਚਕਾਨੀ,ਉੱਚਾ ਪਿੰਡ, ਸੁਨਿਆਰ ਹੇੜੀ, ਕਾਲਵਾਂ, ਕੁੰਭਰਾ, ਏਸਰ ਹਿੱਲ, ਬਰਾਸ, ਢਿਗਰੀ, ਹੰਸਾਲੀ ਅਤੇ ਬੱਸੀ. ਇਸੇ ਤਰ੍ਹਾਂ ਰਾਜਪੁਰਾ ਤਹਿਸੀਲ ਵਿੱਚ ਗੰਜੂਖੇੜਾ, ਉੱਚਾ ਖੇੜਾ, ਝਾਂਸਲਾ ਅਤੇ ਸਮੋਲੀ ਪਿੰਡ ਵਿਚ ਹੜੱਪਾ ਅਤੇ ਵੈਦਿਕ ਕਾਲ ਦੇ ਟੀਲੇ ਮੌਜੂਦ ਹਨ.
ਇਸ ਇਲਾਕੇ ਵਿੱਚ , ਜੋ ਅੱਜ ਕੱਲ ਬਰਸਾਤੀ ਨਾਲ਼ੇ ਵਗਦੇ ਹਨ, ਕਦੇ ਉਹ ਵੈਦਿਕ ਕਾਲ ਵਿਚ ਸਾਰਾ ਸਾਲ ਪਾਣੀ ਨਾਲ ਭਰੇ ਰਹਿੰਦੇ ਸਨ. ਜਦੋਂ ਆਰੀਆ ਲੋਕ ਭਾਰਤ ਆਏ ਤਾਂ ਇਨ੍ਹਾਂ ਨਦੀ ਨਾਲ਼ਿਆ ਦੇ ਕਿਨਾਰਿਆਂ ਉੱਤੇ ਆ ਕੇ ਹੀ ਵਸੇ ਸਨ. ਪੁਰਾਤੱਤਵ ਨੇ ਇਸਨੂੰ ਈਸਵੀ ਸੰਨ ਤੋਂ 2000 ਸਾਲ ਪੁਰਾਣਾ ਮੰਨਿਆ ਹੈ. ਵੈਦਿਕ ਕਾਲ ਦੇ ਅਰੰਭ ਵਿਚ ਇਹ ਖੇਤਰ ਬਹੁਤ ਅਬਾਦ ਸੀ. ਈਸਵੀ ਸੰਨ ਤੋਂ 500 ਸਾਲ ਪੂਰਵ ਤੋਂ ਲੈ ਕੇ ਦੂਜੀ ਸ਼ਤਾਬਦੀ ਤੱਕ ਇੱਥੇ ਛੋਟੀਆਂ ਛੋਟੀਆਂ ਰਿਆਸਤਾਂ ਬਣੀਆਂ. ਸਿਕੰਦਰ ਨਾਲ ਜਬਰਦਸਤ ਲੜਾਈ ਤੋਂ ਬਾਅਦ ਮਾਲਵਾ ਲੋਕ ਇਸ ਖੇਤਰ ਵਿਚ ਆ ਕੇ ਵਸ ਗਏ ਹੋਣਗੇ. ਸਮਾਂ ਪਾ ਕੇ ਇਹ ਇਲਾਕਾ ਮਾਲਵੇ ਕਰਕੇ ਮਸ਼ਹੂਰ ਹੋ ਗਿਆ.
ਪਹਿਲੀ – ਦੂਜੀ ਸ਼ਤਾਬਦੀ ਵਿੱਚ ਇੱਥੇ ਯਦੂ, ਅਦੰਬਰਾ ਅਤੇ ਕੁਨਿੰਦਾ ਕਬੀਲਿਆਂ ਦੇ ਲੋਕ ਰਹਿੰਦੇ ਸਨ .
ਕੁੱਝ ਮਿੱਟੀ ਦੇ ਬਰਤਨ ਆਦਿ ਮਿਲੇ ਹਨ, ਇਨ੍ਹਾਂ ਤੋਂ ਪਤਾ ਲਗਦਾ ਹੈ ਕਿ ਇਹ ਹੜੱਪਾ ਯੁੱਗ ਦੇ ਹਨ. ਵੈਦਿਕ ਕਾਲ ਅਤੇ ਉਸ ਤੋਂ ਬਾਅਦ ਈਸਵੀ ਸੰਨ ਤੋਂ 600 ਸਾਲ ਪੂਰਵ ਤੋਂ 200 ਸਾਲ ਪੂਰਵ ਤੱਕ ਦੇ ਬਰਤਨ ਵੀ ਮਿਲੇ ਹਨ. ਸਿੱਕਿਆਂ ਦਾ ਅਰੰਭ ਈਸਵੀ ਤੋਂ ਚਾਰ ਸ਼ਤਾਬਦੀ ਪਹਿਲਾਂ ਹੋਇਆ ਅਤੇ ਸੱਭ ਤੋਂ ਪਹਿਲਾ ਸਿੱਕਾ ” ਪੰਚ ਮਾਰਕਾ ” ਸਿੱਕਾ ਸੀ. ਉਸ ਤੋਂ ਬਾਅਦ ਰਿਆਸਤਾਂ ਦੇ ਸਿੱਕੇ, ਫਿਰ ਕੁਸ਼ਾਨ, ਗੁਪਤ ਅਤੇ ਹੂਣ ਯੁੱਗ ਦੇ ਸਿੱਕੇ ਆਏ. ਇੰਡੋ-ਗਰੀਕ ਰਾਜਾ ਮਨਿੰਦਰ (ਮਲਿੰਦ) ਦੇ ਮਿਲੇ ਸਿੱਕਿਆਂ ਦਾ ਵਿਸ਼ੇਸ ਮਹੱਤਵ ਹੈ.
ਪਟਿਆਲੇ ਦਾ ਇਕ ਹੋਰ ਮਹੱਤਵਪੂਰਨ ਪਿੰਡ ਘੁੜਾਮ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ. ਕੋਹਰਾਮ ਤੋੰ ਬਣਿਆ ਘੁੜਾਮ ਹਮੇਸ਼ਾ ਹੀ ਉਥਲ ਪੁੱਥਲ ਵਾਲਾ ਰਿਹਾ ਹੈ. ਇਥੋ ਪੰਜਾਬ ਦੇ ਮਿਤੱਰ ਰਾਜਿਆਂ ਦੀ ਪਹਿਚਾਣ ਮਿਲਦੀ ਹੈ. ਇੱਥੇ ਹੀ ਮਹੰਮਦ ਗੌਰੀ ਨੇ ਪਿ੍ਥੀ ਰਾਜ ਚੌਹਾਨ ਨੂੰ ਹਰਾ ਕੇ ਮੁਗਲ ਰਾਜ ਦੀ ਨੀਂਹ ਰੱਖੀ. ਇੱਥੇ ਹੀ ਬੰਦਾ ਬਹਾਦਰ ਨੇ ਮੁਗਲਾਂ ਵਿਰੁੱਧ ਜੰਗ ਲੜੀ. ਘੁੜਾਮ ਵਿੱਚ ਇਕ 300 ਫੁੱਟ ਉੱਚਾ ਟੀਲਾ ਹੈ, ਜਿਸ ਉਪਰ ਕਿਲ੍ਹੇ ਦੇ ਖੰਡਰ ਹਨ ਪਰ ਇਸ ਟੀਲੇ ਨੂੰ ਵੈਦਿਕ ਕਾਲ ਦਾ ਮੰਨਿਆ ਜਾ ਰਿਹਾ ਹੈ, ਜਿਸਦੀ ਪੁਸ਼ਟੀ, ਇੱਥੋ ਖੁਦਾਈ ਤੋਂ ਬਾਅਦ ਹੋ ਸਕਦੀ ਹੈ.