ਬੱਸ… ਇਕ ਕਿਤਾਬ ਹੋਰ..!

(ਸਮਾਜ ਵੀਕਲੀ)

ਦੁਨੀਆਂ ਵਿਚ ਸਭ ਤੋਂ ਸਸਤੀ ਸ਼ੈ (ਸਹੀ ਸ਼ਬਦ ਕਿਫ਼ਾਇਤੀ) ਕਿਹੜੀ ਹੈ? ਏਸ ਸਾਦਾਤਰੀਨ ਸਵਾਲ ਦੇ ਅਨੇਕ ਜਵਾਬ ਹੋ ਸਕਦੇ ਨੇ। … ਪਰ ਜੇ, ਇਹੀ ਸਵਾਲ ਮੈਂ ਖ਼ੁਦ ਨੂੰ ਕਰਦਾ ਹਾਂ ਤਾਂ ਮਨ ਇੱਕੋ ਉੱਤਰ ਦੇ ਰਿਹਾ ਹੁੰਦੈ : ਓਹ ਹੈ ਕੋਈ ‘ਮਹਿੰਗੀ ਜਿਹੀ ਕਿਤਾਬ’। ਇਹੀ ਵਾਹਿਦ ਜਵਾਬ ਢੁਕਵਾਂ ਏ।

(2)
ਕਿਤਾਬ, ਦਰਅਸਲ ਬੜੀ ਤਲਿਸਮੀ ਸ਼ੈ ਹੁੰਦੀ ਹੈ, ਇਹਨੂੰ ਜਿਹੜਾ (ਲਿਖਾਰੀ) ਲਿਖਦਾ ਏ, ਓਹ ਛਪਣ ਮਗਰੋਂ ਜਿਹਨੂੰ ਭੇਟ ਕਰਦਾ ਏ, ਬਹੁਤੀ ਵਾਰ ਓਹ ਪ੍ਰਾਪਤਕਰਤਾ ਕਿਤਾਬ ਨੂੰ ਪੜ੍ਹਦਾ ਈ ਨਈ! ਬਹੁਤੇ ਮਾਮਲਿਆਂ ਵਿਚ ਇਹ ਵਾਪਰਦਾ ਹੈ ਕਿ ਮੁਫ਼ਤਖੋਰ ਕਦੇ ਕਿਤਾਬ ਨਹੀਂ ਪੜ੍ਹਦੇ ਹੁੰਦੇ ਤੇ ਪੜ੍ਹਣਹਾਰ (ਪਾਠਕ) ਕਦੇ ਚੱਜ ਦੀ ਕਿਤਾਬ ਛੱਡਦੇ ਨਹੀਂ ਹੁੰਦੇ। ਦਿਖਾਵੇ ਵਾਲੇ ਸਧਾਰਨ ਲੇਖਕਾਂ ਦੀ ਸ਼ੈਲਫ ਉੱਤੇ ਪਈਆਂ ਕਿਤਾਬਾਂ ਨੂੰ ਕੋਈ ਕਦਰਦਾਨ ਹੀ ਮੰਗ ਕੇ ਪੜ੍ਹ ਲੈਂਦਾ ਹੈ, ਹੌਲਾ ਲਿਖਣ ਵਾਲਾ ਕਲਮਘੜੀਸ ਖ਼ੁਦ ਓਨਾਂ ਪੜ੍ਹਦੇ ਨਹੀਂ ਹੁੰਦੇ, ਜਿੰਨਾ ਲਿਖ ਮਾਰਦੇ ਨੇ। ਕਿਤਾਬਾਂ ਦੇ ਤਲਿਸਮ ਦਾ ਪਹਿਲੂ ਹੈ ਕਿ ਅੰਧ ਵਿਸ਼ਵਾਸਾਂ ਦੀ ਬੁਨਿਆਦ ਉੱਤੇ ਉਸਰੇ ਧਾਰਮਕ ਮਤ ਵੀ, ਕਿਤਾਬਾਂ ਛਾਪਦੇ ਹਨ, ਪ੍ਰਕਾਸ਼ਨ ਅਦਾਰੇ ਕਾਇਮ ਕਰਦੇ ਹਨ। ਇਹ ਕਿਤਾਬੀ ਦੁਨੀਆਂ ਦਾ ਇਕ ਹੋਰ ਪੱਖ ਇਹ ਹੈ ਕਿ ਆਪਣੇ ਆਪ ਨੂੰ ਬਾਹਲੇ ਵਿਦਵਾਨ ਮੰਨਣ ਵਾਲੇ, ਜਦੋਂ ਤਾਈਂ ਕਿਤਾਬ ਨੂੰ ”ਪੁਸਤਕ” ਨਾ ਆਖ ਲੈਣ, ਓਨਾਂ ਚਿਰ ਓਹਨਾਂ ਨੂੰ ਚੈਨ ਵੀ ਨਹੀਂ ਪੈਂਦਾ।

ਭਾਰਤੀ ਪੰਜਾਬ ਵਿਚ ਸਾਡੇ ਕੋਲ ਨਾਮ ਨਿਹਾਦ ਤੇ ਸਵੈ-ਸਜੇ ਵਿਦਵਾਨਾਂ ਦੀ ਪੂਰੀ ਸੂਰੀ ਫ਼ੌਜ ਹੈ, ਜਿਹਨਾਂ ਨੇ “ਪੁਸਤਕ” ਉਰਫ਼ ਕਿਤਾਬ ਕਲਚਰ ਦੇ ਨਾਂ ਉੱਤੇ ਕਈ ਕਈ ਧੜੇ ਬਣਾਏ ਹੋਏ ਨੇ। ਗਿਰੋਹਾਂ ਦੇ ਅੰਦਾਜ਼ ਵਿਚ ਦਨਦਣਾਉਂਦੇ ਹੋਏ ਵਿਚਰਦੇ ਨੇ। ਇਹਨਾਂ ਬਿਦਬਾਨਾਂ ਨੇ ਸੰਸਕ੍ਰਿਤਨੁਮਾ ਹਿੰਦੀ ਦੇ ਪ੍ਰਚਾਰ ਲਈ ”ਹਿੰਦਜਾਬੀ” ਵਰਗੀ ਅਕਾਦਮਿਕ ਤੇ ਨਕਲੀ ਪੰਜਾਬੀ ਵੀ ਘੜ੍ਹੀ ਹੋਈ ਹੁੰਦੀ ਐ। ਇਹ ਲੋਕ ਕਿਤਾਬ ਲੋਕ ਅਰਪਣ ਨਈਂ ਕਰਦੇ ਬਲਕਿ “ਵਿਮੋਚਨ” ਕਰਦੇ ਹਨ!!! ਜੋ ਮਰਜ਼ੀ ਆਖ ਲਈਏ ਪਰ ਇਹ ਕਿਤਾਬ ਦਾ ਕੌਤਕ ਈ ਹੈ ਕਿ ਭਾਵੇਂ ਜਣਾ ਖਣਾ ਇਹੀ ਆਖਦੈ ਕਿ ਅੱਜਕਲ੍ਹ ਕੋਈ ਨਹੀਂ ਪੜ੍ਹਦਾ … ਪਰ ਪ੍ਰਕਾਸ਼ਨ ਅਦਾਰੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ। ਕਿਤਾਬਾਂ ਛਪ ਕੇ ਵਿਕ ਰਹੀਆਂ ਨੇ, ਕਿਤਾਬ ਵੇਚਕ ਕਿਤਾਬੀ ਕ਼ਸਬ ਵਿੱਚੋਂ ਭਵਿੱਖ ਦੀ ਬਹਾਰ ਦੇਖ ਰਹੇ ਨੇ।

(3)
ਕਿਤਾਬ ਦੀ ਕਰਾਮਤ
ਕਹਿੰਦੇ ਨੇ ਕਿ ਕਦੇ ਵੀ ਕਿਤਾਬ ਖ਼ਰੀਦਣ ਲੱਗਿਆਂ ਓਹਦਾ ਮੁੱਲ ਨਹੀਂ ਦੇਖਣਾ ਚਾਹੀਦਾ, ਕਿਸੇ ਸੋਚਵਾਨ ਨੇ ਕਈ ਵਰ੍ਹੇ ਲਾ ਕੇ, ਖੱਪ ਕੇ, ਆਪਣੀ ਕਿਤਾਬ ਲਿਖੀ ਹੁੰਦੀ ਹੈ, ਓਹਦੀ ਖ਼ਾਸ ਸਮਝ ਦਾ ਸਾਰਾ ਨਿਚੋੜ ਓਸ ਕਿਤਾਬ ਵਿਚ ਦਰਜ ਹੁੰਦਾ ਹੈ, ਕਿਤਾਬ ਕਦੇ ਵੀ ਮਹਿੰਗੀ ਨ੍ਹੀ ਹੁੰਦੀ ਸਗੋਂ ਮਨ ਦੀ ਸਿਹਤ ਲਈ ਰਸੀਲਾ ਫਲ ਹੁੰਦੀ ਹੈ। ਏਸ ਸੰਸਾਰ ਉੱਤੇ ਜਾਰੀ ਗਲ-ਵੱਢ ਮੁਕਾਬਲੇ ਵਿਚ ਜਿੱਥੇ ਹਰ ਪਾਸੇ ਹੰਕਾਰ ਦਾ ਰੌਲਾ ਰੱਪਾ ਐ, ਗੁੰਡਾ ਅਨਸਰਾਂ ਨੇ ਰਾਜਨੀਤੀ ਤੇ ਕਾਰੋਬਾਰਾਂ ਉੱਤੇ ਕਬਜ਼ਾ ਕਰ ਲਿਆ ਹੈ, ਇਹੋ ਜਿਹੇ ਮਾਸੂਮੀਅਤ-ਮਾਰੂ ਦੌਰ ਵਿਚ ਸਿਰਫ਼ ਕਿਤਾਬ ਈ ਬਚੀ ਹੈ, ਜਿਹੜੀ ਆਪਣੇ ਪੜ੍ਹਣਹਾਰ ਨੂੰ ਇਰਾਦਿਆਂ ਦੀ ਬੁਲੰਦੀ ਬਖਸ਼ਦੀ ਹੈ, ਸਮਾਜ ਬਾਰੇ ਜਾਗਰੂਕ ਕਰਦੀ ਹੈ, ਸਰਕਾਰਾਂ ਚਲਾ ਰਹੇ ਨੇਤਿਆਂ ਦੀ ਨੀਤ ਬਾਰੇ ਸਚੇਤ ਕਰਦੀ ਹੈ, ਕਿਤਾਬ, ਸਿਰਫ਼ ਲੱਗਦੀ ਮਹਿੰਗੀ ਹੁੰਦੀ ਹੈ, ਚੰਗੀ ਕਿਤਾਬ ਚੁਣਨ ਦੀ ਜਾਚ ਆ ਜਵੇ ਤਾਂ ਇਹਦੀਆਂ ਬਰਕ਼ਤਾਂ ਮਾਨਣ ਵਾਲਾ ਈ ਜਾਣਦਾ ਹੁੰਦੈ ਕਿ ਕਿਤਾਬ ਕਦੇ ਫਜ਼ੂਲਖਰਚੀ ਵਾਲੇ ਖਾਤੇ ਵਿਚ ਨਹੀਂ ਗਿਣੀ ਜਾਂਦੀ।

ਇਹ ਸਤਰਾਂ ਲਿਖਦਿਆਂ ਸਾਨੂੰ (ਇਕ) ਭ੍ਰਿਸ਼ਟ ਸਰਕਾਰੀ ਮਹਿਕਮੇ ਦਾ ਅਦਨਾ ਜਿਹਾ ਅਫ਼ਸਰ ਚੇਤੇ ਆਈ ਜਾ ਰਿਹੈ, ਮੈਂ ਦਰਅਸਲ ਉਦੋਂ ਵਿਦਿਆਰਥੀ ਹੁੰਦਾ ਸਾਂ, ਪ੍ਰਾਈਵੇਟ ਦਾਖ਼ਲਾ ਭੇਜਣਾ ਸੀ ਤੇ ਸਰਕਾਰੀ ਸ਼ਰਤ ਸੀ ਕਿ ਕੋਈ ਗਜ਼ਟਿਡ ਅਫ਼ਸਰ ਮੋਹਰ ਲਾਊਗਾ, ਤੱਦੇ ਦਾਖਲਾ ਜਾਊਗਾ, ਖੈਰ ਅਸੀਂ ਓਹਦੇ ਕੋਲ ਪੁੱਜ ਗਏ। ਮੋਹਰ ਤਾਂ ਓਹਨੇ ਲਾ ਦਿੱਤੀ, ਦਸਤਖ਼ਤ ਵੀ ਕਰ ਦਿੱਤੇ ਪਰ ਮੱਤਾਂ ਦੇਣੋਂ ਬਾਜ਼ ਨਾ ਆਇਆ ਕਿ ਅਖੇ ਨਾ ਬਹੁਤਾ ਪੜ੍ਹੋ! ਪੜ੍ਹਣ ਨਾਲ ਕੀ ਹੋ ਜਾਊਗਾ? ਆਪਣਾ ਧੰਦਾ ਤੋਰੋ, ਪੜ੍ਹੇ ਲਿਖੇ ਦੀ ਕੀ ਕਦਰ ਐ!!??

ਮੈਂ ਓਹਨੂੰ ਇਹੀ ਗੱਲ ਆਖ ਕੇ ਵਾਪਸ ਆਇਆ ਸਾਂ ਕਿ ਤੁਹਾਡੇ ਦਫਤਰ ਦੀ ਕੰਧ ਉੱਤੇ ਜਿਹਨਾਂ ਮਹਾਂ ਮਨੁੱਖਾਂ ਦੀਆਂ ਤਸਵੀਰਾਂ ਟੰਗੀਆਂ ਹੋਈਆਂ ਨੇ… ਆਉਂਦੇ ਸਾਰ ਤੁਹਾਨੂੰ ਇਨ੍ਹਾਂ ਤਸਵੀਰਾਂ ਨੂੰ ਨਮਸਕਾਰ ਵੀ ਕਰਨੀ ਪੈਂਦੀ ਐ, ਇਹ ਸਾਰੇ ਕਿਤਾਬਾਂ ਲਿਖਣ ਪੜ੍ਹਣ ਵਾਲੇ ਸਨ, ਡੰਗਰਾਂ ਦੇ ਵਪਾਰੀ ਨਹੀਂ ਸਨ!! ਨਿਮੋਝੂਣਾ ਹੋਇਆ ਅਫਸਰ ਮੇਰੇ ਵੱਲੋਂ ਧਿਆਨ ਹਟਾਅ ਕੇ, ਬਿਨਾ ਵਜ੍ਹਾ ਸੱਜੇ ਖੱਬੇ ਝਾਕਦਾ ਨਜ਼ਰੀਂ ਪਿਆ ਸੀ। ਕਿਤਾਬਾਂ ਨਾਲ ਜੁੜਿਆ ਹੁੰਦਾ ਤਾਂ ਓਹਦੇ ਚੇਹਰੇ ਦੀ ਆਭਾ ਇਨਸਾਨਾਂ ਵਾਲੀ ਹੋਣੀ ਸੀ! ਖ਼ੈਰ..!!

(4)
ਕਿਤਾਬ ਦਾ ਵਜੂਦ ਕਿਵੇਂ ਆਇਆ ਹੋਵੇਗਾ
ਚੰਦ ਬਿਹਤਰੀਨ ਕਿਤਾਬਾਂ ਪੜ੍ਹੀਆਂ ਹੋਈਆਂ ਹਨ, ਉਸਾਰੂ ਸਾਹਿਤ ਦੀ ਲੱਜ਼ਤ ਮਾਣੀ ਹੈ। ਉਦੋਂ ਤੋਂ ਹੁਣ ਤਕ ਇਹ ਸਵਾਲ ਜ਼ਰੂਰ ਮਨ ਵਿਚ ਘੁੰਮਦਾ ਰਿਹਾ ਹੈ ਕਿ ਆਖ਼ਰ ਕਿਤਾਬ ਲਿਖਣ ਦਾ ਖ਼ਿਆਲ ਕਿਹਨੂੰ ਤੇ ਕਦੋਂ ਅਹੁੜਿਆ ਹੋਊਗਾ?

ਸਾਡੇ ਅੰਦਾਜ਼ੇ ਹਨ ਕਿ ਜਦੋਂ ਕੋਈ ਆਦਮੀ, ਇਨਸਾਨ ਬਣਨ ਤੇ ਸਮਝ ਦੇ ਸਫ਼ਰ ਉੱਤੇ ਨਵਾਂ ਨਵਾਂ ਤੁਰਿਆ ਹੋਊਗਾ, ਓਦਣ ਓਹਨੇ ਕੁਝ ਲਿਖਿਆ ਹੋਊਗਾ! ਜਿੱਦਣ, ਕਿਸੇ ਲੁੱਟੇ ਪੱਟੇ ਗਏ ਨੇ ਵੇਖਿਆ ਹੋਊਗਾ ਕਿ ਆਪਾ ਧਾਪੀ ਕਾਰਨ ਕੋਈ ਜੀਅ ਓਹਦੀ ਗੱਲ ਸੁਣਨ ਲਈ ਤਿਆਰ ਨਈ ਤੇ ਗੱਲ ਦੱਸਣ ਬਿਨਾਂ ਕਿਸੇ ਦਾ ਕੁਝ ਸੌਰਨਾ ਵੀ ਨਈ, ਸ਼ਾਇਦ ਓਦਣ ਕਿਸੇ ਨੇ ਲਿਖਤਾਂ ਦੀ ਤਰਤੀਬ ਨੂੰ ਕਿਤਾਬੀ ਸ਼ਕ਼ਲ ਦਿੱਤੀ ਹੋਊਗੀ। ਕਿਤਾਬਾਂ ਚੰਗੀਆਂ ਹੋਣ ਤਾਂ ਹਵਾਲੇ ਦਾ ਨੁਕ਼ਤਾ ਬਣ ਜਾਂਦੀਆਂ ਹਨ।

(5)
ਕਿਤਾਬੀ ਮੰਜ਼ਲਾਂ ਤੇ ਤਲਖ਼ ਸਮਾਜਕ ਹਕੀਕਤ
ਕਿਤਾਬੀ ਕੀੜਾ! ਇਹ ਸ਼ਬਦ ਕਿਸੇ ਲਈ ਨਈਂ ਵਰਤਿਆ ਜਾਣਾ ਚਾਹੀਦਾ। ਮੇਰੇ ਨਜ਼ਦੀਕ ਕਿਤਾਬੀ ਕਾਗਜ਼ ਖਾਣ ਵਾਲਾ ਕੀਟ, ਕਿਤਾਬੀ ਕੀੜਾ ਹੈ, ਬੰਦੇ ਦੀ ਬੰਦਿਆਈ ਨੂੰ ਇਹ ਤੁਲਨਾ ਕਤਈ ਨਈਂ ਦਿੱਤੀ ਜਾ ਸਕਦੀ। ਕਿਤਾਬਾਂ ਪੜ੍ਹਣ ਵਾਲੇ ਚਾਹੇ, ਸਾਨੂੰ, ਏਸ ਦੁਨੀਆਂ ਤੋਂ ਕੱਟੇ ਹੋਏ ਜਾਪ ਰਹੇ ਹੋਣ ਪਰ ਓਹ ਕਦੇ ਵੀ ਮੂਰਖਾ ਦੇ ਸੁਰਗ ਦੇ ਵਾਸੀ ਨਹੀਂ ਹੁੰਦੇ ਬਲਕਿ ਆਤਮ ਹੁਲਾਰੇ ਤੇ ਪਕਰੋੜ੍ਹ ਸੋਝੀ ਲਈ ਆਪਣੇ ਆਪ ਉੱਤੇ ਕੰਮ ਕਰ ਰਹੇ ਹੁੰਦੇ ਨੇ। ਕਿਤਾਬਾਂ ਪੜ੍ਹਣ ਵਾਲੇ ਲਈ ਵੀ ਸੰਸਾਰ ਵਿਚ ਓਹੀ ਚੈਲੰਜ ਹੁੰਦੇ ਨੇ, ਜਿਹੜੇ ਬਾਕੀਆਂ ਲਈ ਦਰਪੇਸ਼ ਹੁੰਦੇ ਨੇ, ਪਰ ਕਿਤਾਬ-ਰਸੀਏ ਵੱਖਰੀ ਮਾਨਸਕ ਪਹੁੰਚ ਅਪਣਾਅ ਕੇ, ਚੈਲੰਜਾਂ ਨਾਲ ਸਿੱਝਦੇ ਹਨ।

(6)
*ਰਾਜੇ-ਮਹਾਰਾਜੇ, ਬਾਦਸ਼ਾਹ ਤੇ ਨਿਜ਼ਾਮੀ ਰੱਬ
ਬਨਾਮ ਕਿਤਾਬਾਂ ਦੇ ਆਸ਼ਕ*
ਅੱਜਕਲ੍ਹ ਸੋਝੀ ਵਾਲੇ ਬੰਦੇ ਜ਼ਨਾਨੀਆਂ ਆਪਣੇ ਆਪ ਨੂੰ ਨਾਸਤਕ, ਮੁਨਕਰ ਜਾਂ ਮੁਲਹਿਦ ਅਖਵਾਉਂਦੇ ਹਨ। ਇਹੋ ਜਿਹੇ ਬਸ਼ਰ, ਧਰਮਾਂ/ਮਜ਼ਹਬਾਂ ਦੇ ਪਖੰਡਾਂ, ਰਸਮੋਂ ਰਸੂਮ ਤੋਂ ਬਾਗ਼ੀ ਹੁੰਦੇ ਹਨ। ਦਰਅਸਲ ਕੁਲ ਸੱਚ ਇਹ ਹੈ ਕਿ ਬੰਦਾ ਸਿਰਫ਼ ਓਸ ਰੱਬ ਤੋਂ ਬਾਗ਼ੀ ਹੋ ਸਕਦਾ ਐ, ਜਿਹਦੀ ਸਾਰੀ ਵਿਆਖਿਆ ਪੁਜਾਰੀ ਤਬਕੇ ਨੇ ਘੜ੍ਹੀ ਹੁੰਦੀ ਹੈ, ਇਹ “ਨਿਜ਼ਾਮੀ ਰੱਬ” ਭਾਵ ਕਿ ਸਰਕਾਰੀ ਰੱਬ ਹੁੰਦਾ ਹੈ, ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਈਏ ਜਾਂ ਜਿੰਨਾ ਮਰਜ਼ੀ ਗਿਆਨ ਆਤਮ ਸਾਤ ਕਰ ਲਈਏ, ਕੁਦਰਤ ਵਿਚ ਮੌਲਦੇ ਰੱਬ ਨੂੰ ਕਦੇ ਤੱਜ ਨਾ ਸਕਾਂਗੇ। ਇੰਨਾ ਕੁਝ ਵੀ ਏਸੇ ਕਰ ਕੇ ਸਮਝ ਵਿਚ ਆ ਰਿਹਾ ਏ ਕਿਉਂਕਿ ਕਿਤਾਬਾਂ ਨੇ ਸਾਡੇ ਅੰਦਰ ਖ਼ੂਬੀ ਪੈਦਾ ਕੀਤੀ ਹੈ ਕਿ ਹੋਏ/ਵਾਪਰੇ ਦਾ ਜਾਇਜ਼ਾ ਲੈ ਸਕੀਏ।

(7)
ਸੰਸਾਰ ਦਾ ਸ਼ਾਹਕਾਰ ਸਾਹਿਤ ਤੇ ਬਕਾਇਆ ਕਲਮਘੜ੍ਹੀਸ
ਜਿਵੇਂ ਸਮਾਜ ਦੇ ਹਰ ਤਬਕੇ ਵਿਚ ਪਖੰਡੀ ਤੇ ਦੋਗਲੇ ਬੰਦੇ ਹੁੰਦੇ ਨੇ, ਉਵੇਂ ਹੀ ਸਾਹਿਤਕ ਦੁਨੀਆਂ ਵਿਚ ਬੜੇ ਬੜੇ ਅਡੰਬਰੀ ਬੈਠੇ ਹੋਏ ਹਨ। ਓਹ ਖ਼ੁਦ ਤਾਂ ਮਾਮੂਲੀ ਤੇ ਔਸਤ ਪੱਧਰ ਦਾ ਅਤੇ ਬੇਹਿਸਾਬ ਲਿਖਦੇ ਰਹਿੰਦੇ ਨੇ ਪਰ ਇਹ ਜ਼ਰੂਰ ਜਾਣਦੇ ਹੁੰਦੇ ਹਨ ਕਿ ਦੁਨੀਆਂ ਦੀਆਂ ਬਿਹਤਰੀਨ ਗਿਣੀਆਂ ਗਈਆਂ ਕਿਤਾਬਾਂ, ਨਾਵਲ, ਅਫਸਾਨੇ ਵਗੈਰਾ ਪੜ੍ਹੇ ਬਿਨਾਂ ਕਦੇ ਕਿਸੇ ਲਿਖਾਰੀ ਦਾ ਕੁਝ ਨਹੀਂ ਸੌਰਦਾ ਹੁੰਦਾ, ਮਸਲਨ ਰੂਸੀ ਸਾਹਿਤ, ਫਰਾਂਸ ਇਨਕਲਾਬ ਵੇਲੇ ਦਾ ਸਾਹਿਤ ਤੇ ਭਾਰਤੀ ਪ੍ਰਸੰਗ ਵਿਚ ਮੱਧਕਾਲ ਵੇਲੇ ਦਾ ਸਾਹਿਤ, ਸੰਸਾਰ ਦਾ ਸ਼ਾਹਕਾਰ ਸਾਹਿਤਕ ਕਾਰਜ ਹੈ, ਏਸ ਮਿਆਰ ਦਾ ਸਾਹਿਤ ਪੜ੍ਹੇ ਬਿਨਾਂ ਕੋਈ ਫ਼ਾਇਦਾ ਨਹੀਂ। ਨਿਕੰਮਾ ਲਿਖਣ ਵਾਲੇ ਵੀ ਜਾਣਦੇ ਹੁੰਦੇ ਨੇ ਕਿ ਚੱਜ ਦਾ ਲਿਖਣ ਲਈ ਚੱਜ ਦਾ ਪੜ੍ਹਣਾ ਵੀ ਪੈਂਦਾ ਹੈ।

(7)
*ਨਵਾਂ ਨਰੋਆ ਮਨੁੱਖ ਤੇ ਕਿਤਾਬਾਂ*
ਕਿਤਾਬਾਂ ਪੜ੍ਹਣ ਵਾਲੇ ਦੀ ਸ਼ਬਦਾਵਲੀ ਅਮੀਰ ਹੋ ਜਾਂਦੀ ਹੈ, ਦਿਮਾਗ਼ ਖੁਲ੍ਹ ਜਾਂਦਾ ਹੈ, ਫਿਰਕਾਪ੍ਰਸਤੀ ਮਨ ਵਿਚ ਨਈਂ ਰਹਿੰਦੀ, ਮਨ-ਮਨਨਸ਼ੀਲ ਹੋ ਜਾਂਦਾ ਹੈ। ਬੇ ਰੁਜ਼ਗਾਰ ਨੂੰ ਕਿਤਾਬਾਂ ਪੜ੍ਹਣ ਦੀ ਚੇਟਕ ਲੱਗੀ ਹੋਵੇ ਤਾਂ ਬਜ਼ਾਰ ਵਿਚ ਕੰਮ ਨਹੀਂ ਮੁੱਕਦਾ, ਪਰੂਫ ਰੀਡਿੰਗ, ਅਨੁਵਾਦ ਦਾ ਧਨੀ ਬੰਦਾ ਸਹਿਜੇ ਗ਼ਰੀਬੀ ਕੱਟ ਲੈਂਦਾ ਹੈ। ਧਰਮਾਤਮਾ ਬਣੇ ਕਾਰਖਾਨਾ ਮਾਲਕਾਂ, ਧਰਮਾਂ ਦੇ ਆਗੂਆਂ, ਹੱਕ ਮਾਰਨ ਵਾਲੇ ਧਨਾਢਾਂ ਨੂੰ ਓਹਦੀ ਹੋਂਦ ਚੁੱਭਦੀ ਹੁੰਦੀ ਹੈ। ਕਿਤਾਬਾਂ ਦਾ ਅਸਲੀ ਪਾਠਕ ਜਾਣ ਲੈਂਦਾ ਕਿ ਧਰਮ, ਰਾਜਭਾਗ, ਉਦਯੋਗਪਤੀ ਕਿਵੇਂ ਅੰਦਰੋਂ ਰਲੇ ਮਿਲੇ ਹੁੰਦੇ ਨੇ। ਕਿਤਾਬਾਂ ਪੜ੍ਹਣ ਵਾਲਾ ਜੇਕਰ ਹਾਲਾਤ ਦੀ ਗ੍ਰਿਫਤ ਕਾਰਣ ਕਿਸੇ ਥਾਂ ਗ਼ੁਲਾਮੀ ਵੀ ਕੱਟ ਰਿਹਾ ਹੋਵੇ ਤਾਂ ਅੰਦਰਲੇ ਮਨੋਂ ਗ਼ੁਲਾਮ ਨਹੀਂ ਹੁੰਦਾ, ਅਦਾਕਾਰੀ ਕਰ ਰਿਹਾ ਹੁੰਦਾ ਹੈ। ਜਲਦੀ ਕੁਝ ਨਵਾਂ ਉਸਾਰ ਲੈਂਦਾ ਹੈ।

(8)
ਕਿਤਾਬ ਦੀ ਚੋਣ ਕਰਨੀ ਆ ਜਾਵੇ ਤਾਂ ਪੌ ਬਾਰਾਂ
ਚੱਜ ਦੀ ਕਿਤਾਬ ਲੱਭਣ ਦੀ ਜਾਚ ਆ ਜਵੇ ਤਾਂ ਪਾਠਕ ਝੱਟ ਆਪਣੇ ਲਈ ਲਾਭਕਾਰੀ ਕਿਤਾਬ ਲੱਭ ਹੈ। ਬਹੁਤ ਸਾਰੇ ਲੋਕ ਇਹ ਇਰਾਦਾ ਕਰ ਲੈਂਦੇ ਨੇ ਕਿ ਬੱਸ ਹੁਣ ਦੁਨਿਆਵੀ ਬਣ ਕੇ ਜੀਵਾਂਗੇ ਪਰ ਏਸ ਦੇ ਉਲਟ, ਕਿਤਾਬਾਂ ਦੇ ਕ਼ਦਰਦਾਨ ਨੂੰ ਕਦੇ “ਆਖਰੀ ਕਿਤਾਬ” ਨਹੀਂ ਲੱਭਦੀ। ਇਹ ਸਦੀਵੀ ਭਾਲ ਕਿਤਾਬਾਂ ਦੇ ਭਾਲਕਾਰ ਨੂੰ ਸਦਾ ਜਵਾਨ ਤੇ ਸਦਾ ਜਗਿਆਸੂ ਬਣਾ ਕੇ ਰੱਖਦੀ ਹੈ। ਬੰਦੇ ਨੂੰ ਸਹੀ ਫ਼ਕੀਰ ਬਣਾ ਦਿੰਦੀ ਐ ਚੱਜ ਦੀ ਕਿਤਾਬ। ਕੁਦਰਤ ਪ੍ਰੇਮੀ ਬਣਾ ਦਿੰਦੀ ਹੈ। ਕੁਦਰਤ ਵਿਚ ਮੌਲਦੀ ਖੁਦਾਈ ਦੇ ਦੀਦਾਰ ਕਰਨੇ ਸਿਖਾਅ ਦਿੰਦੀ ਐ..! ਕਿਤਾਬ ਸਿਰਫ਼ ਛਪੇ ਕਾਗਜ਼ਾਂ ਦਾ ਦਸਤਾ ਹੀ ਨਹੀਂ ਹੁੰਦੀ ਬਲਕਿ ਅਕਲ ਇਲਮ ਦਾ ਪੁਲਿੰਦਾ (ਵੀ) ਹੁੰਦੀ ਐ ! ਬਸ਼ਰਤੇ ਕਿਤਾਬ ਕਿਸੇ ਚੰਗੇ ਲਿਖਿਆਰ ਦੀ ਹੋਵੇ।

ਯਾਦਵਿੰਦਰ
 ਸਰੂਪ ਨਗਰ, ਰਾਊਵਾਲੀ।9465329617

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੱਕਾਂ ਵਾਲੇ ਜਾਗੇ!
Next articlePak economy grows 3.94% with V-shaped recovery