ਜਲੰਧਰ (ਸਮਾਜ ਵੀਕਲੀ) ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੁਆਰਾ 14 ਅਕਤੂਬਰ, 1956 ਨੂੰ ਆਰੰਭੀ ਧੱਮ-ਕ੍ਰਾਂਤੀ ਦੀ ਮਸ਼ਾਲ ਨੂੰ ਮਘਦੀ ਰੱਖਣ ਲਈ ਹਰ ਸਾਲ ਦੀ ਤਰ੍ਹਾਂ ਇਸ ਬਾਰ ਵੀ 14 ਅਕਤੂਬਰ, 2025 ਨੂੰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ‘ਧੱਮ ਚੱਕਰ ਪ੍ਰਵਰਤਨ ਦਿਵਸ’ ਦਾ ਸਮਾਗਮ ਇਤਿਹਾਸਿਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਸੁਸਾਇਟੀ ਦੇ ਪ੍ਰਧਾਨ ਸ੍ਰੀ ਚਰਨ ਦਾਸ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿਚ ਇਹ ਫੈਸਲਾ ਸਰਬ ਸੰਮਤੀ ਨਾਲ ਲਿਆ ਗਿਆ। ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਨੇ ਆਪਣੀ ਪਤਨੀ ਅਤੇ ਲਗਭਗ ਪੰਜ ਲੱਖ ਪੈਰੋਕਾਰਾਂ ਨਾਲ 14 ਅਕਤੂਬਰ, 1956 ਨੂੰ ਨਾਗਪੁਰ ਦੀ ਦੀਕਸ਼ਾ ਭੂਮੀ ਵਿਖੇ ਰਸਮੀ ਤੌਰ ‘ਤੇ ਬੁੱਧ ਧਰਮ ਅਪਣਾਇਆ। ਧਰਮ ਪਰਿਵਰਤਨ ਸਮਾਰੋਹ ਦੀ ਅਗਵਾਈ ਬਰਮੀ ਭਿਕਸ਼ੂ ਮਹਾਸਥਵੀਰ ਚੰਦਰਮਣੀ ਨੇ ਕੀਤੀ ਸੀ। ਧੱਮ ਚੱਕਰ ਪ੍ਰਵਰਤਨ ਦਿਵਸ ਸਮਾਗਮ ਵਿੱਚ ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਇਕਾਈ ਦਾ ਸਹਿਯੋਗ ਰਹੇਗਾ। ਮੀਟਿੰਗ ਵਿੱਚ ਸਰਬ ਸ੍ਰੀ ਪ੍ਰੋਫੈਸਰ ਬਲਬੀਰ ਜੀ, ਡਾ. ਜੀ. ਸੀ. ਕੌਲ, ਬਲਦੇਵ ਰਾਜ ਭਾਰਦਵਾਜ, ਜਸਵਿੰਦਰ ਵਰਿਆਣਾ, ਬਲਦੇਵ ਜੱਸਲ, ਡਾ. ਮਹਿੰਦਰ ਸੰਧੂ ਅਤੇ ਨਿਰਮਲ ਬਿੰਜੀ ਸ਼ਾਮਿਲ ਹੋਏ। ਮੀਟਿੰਗ ਦੇ ਅੰਤ ਵਿੱਚ ਸਮਾਜ ਸੇਵੀ ਬਲਵੰਤ ਭਾਟੀਆ ਅਤੇ ਸਾਬਕਾ ਮੰਤਰੀ /ਐਮ.ਪੀ. ਸ੍ਰੀ ਮਹਿੰਦਰ ਸਿੰਘ ਕੇਪੀ ਦੇ ਜਵਾਨ ਬੇਟੇ ਰਿਚੀ ਕੇਪੀ ਦੀ ਅਚਾਨਕ ਦੁਖਦਾਈ ਮੌਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦਿੱਤੀ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੂਸਾਇਟੀ ਪੰਜਾਬ (ਰਜਿ.)






