ਧੰਮ-ਚਕਰ ਪ੍ਰਵਰਤਨ ਦਿਵਸ’ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ

ਫੋਟੋ ਕੈਪਸ਼ਨ: ਮੁੱਖ ਮਹਿਮਾਨ ਡਾ: ਬਲਬਿੰਦਰ ਕੁਮਾਰ ਅਤੇ ਵਿਸ਼ੇਸ਼ ਮਹਿਮਾਨ ਭੰਤੇ ਪ੍ਰਗਿਆ ਬੋਧੀ ਜੀ ਦਾ ਸਨਮਾਨ ਕਰਦੇ ਸੁਸਾਇਟੀ ਦੇ ਕਾਰਕੁਨ

ਧੰਮ-ਚਕਰ ਪ੍ਰਵਰਤਨ ਦਿਵਸ’ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ
ਸਮਾਜਿਕ ਨਿਆਂ ਲਈ ਸੰਘਰਸ਼ ਜਾਰੀ ਰੱਖਣਾ ਚਾਹੀਦਾ – ਡਾ. ਬਲਬਿੰਦਰ ਕੁਮਾਰ

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ) ਵੱਲੋਂ ਅੰਬੇਡਕਰ ਭਵਨ ਟਰੱਸਟ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ), ਪੰਜਾਬ ਇਕਾਈ ਦੇ ਸਹਿਯੋਗ ਨਾਲ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ‘ਧੰਮ-ਚਕਰ ਪ੍ਰਵਰਤਨ ਦਿਵਸ’ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਡਾ. ਬਲਬਿੰਦਰ ਕੁਮਾਰ, ਅਸਿਸਟੈਂਟ ਪ੍ਰੋਫੈਸਰ ਪੋਲੀਟੀਕਲ ਸਾਇੰਸ, ਸੁਆਮੀ ਸਰਵਾਨੰਦ ਗਿਰੀ ਰਿਜਨਲ ਸੈਂਟਰ ਹੁਸ਼ਿਆਰਪੁਰ ਮੁਖ ਮਹਿਮਾਨ ਅਤੇ ਸਤਿਕਾਰਯੋਗ ਭੰਤੇ ਪ੍ਰਗਿਆਬੋਧੀ ਜੀ, ਤਕਸ਼ਲਾ ਮਹਾਬੁੱਧ ਵਿਹਾਰ ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਭੰਤੇ ਪ੍ਰਗਿਆ ਬੋਧੀ ਜੀ ਅਤੇ ਮੁੱਖ ਮਹਿਮਾਨ ਡਾ. ਬਲਬਿੰਦਰ ਕੁਮਾਰ ਜੀ ਦੁਆਰਾ ਪੰਚਸ਼ੀਲ ਦਾ ਝੰਡਾ ਫਹਿਰਾਉਂਣ ਅਤੇ ਤਥਾਗਤ ਬੁੱਧ ਦੀ ਪ੍ਰਤਿਮਾ ਨੂੰ ਨਤਮਸਤਕ ਹੋਣ ਤੋਂ ਬਾਅਦ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਭੰਤੇ ਪ੍ਰਗਿਆਬੋਧੀ ਜੀ ਨੇ ਹਾਜਰੀਨ ਨੂੰ ਧੰਮ ਦੇਸ਼ਨਾਂ ਦਿੱਤੀ । ਡਾ. ਬਲਬਿੰਦਰ ਕੁਮਾਰਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ‘ਧੰਮ-ਚਕਰ ਪ੍ਰਵਰਤਨ’ ਦੀ ਕ੍ਰਾਂਤੀ 14 ਅਕਤੂਬਰ 1956 ਨੂੰ ਆਪਣੇ ਲੱਖਾਂ ਹੀ ਪੈਰੋਕਾਰਾਂ ਨਾਲ ਬੁੱਧ-ਧੰਮ ਦੀ ਦੀਕਸ਼ਾ ਲੈ ਕੇ ਨਾਗਪੁਰ ਵਿਖੇ ਕੀਤੀ ਅਤੇ ਕਿਹਾ ਕਿ ਮੈਂ ਨਰਕ ਤੋਂ ਛੁੱਟਿਆ ਹਾਂ ‘ਤੇ ਮੇਰਾ ਨਵਾਂ ਜਨਮ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਵੱਲੋਂ ਬੁੱਧ ਧੰਮ ਵਿੱਚ ਦੀਕਸ਼ਿਤ ਹੋਣ ਦਾ ਮੂਲ ਮੰਤਵ ਸਦੀਆਂ ਤੋਂ ਪਿਛਾੜੇ ਤੇ ਦੁਰਕਾਰੇ ਅਛੂਤਾਂ ਵਿੱਚ ਸਵੈ -ਭਰੋਸਾ, ਸਵੈ- ਸ਼ਕਤੀ, ਤਰਕਸ਼ੀਲਤਾ, ਸਮਾਨਤਾ ਅਤੇ ਭਾਈਚਾਰਕ ਸਾਂਝ ਪੈਦਾ ਕਰਨ ਲਈ ਇੱਕ ਮੰਚ ਪ੍ਰਦਾਨ ਕਰਨਾ ਸੀ ਤਾਂ ਕਿ ਉਹ ਏਕਤਾ ਦੀ ਲੜੀ ਵਿੱਚ ਪ੍ਰੋ ਹੋ ਕੇ ਰਾਜਨੀਤਿਕ ਸੱਤਾ ਪ੍ਰਾਪਤ ਕਰ ਸਕਣ ਦੇ ਸਮਰੱਥ ਹੋ ਜਾਣ ਪਰ ਸਮਾਜ ਨੇ ਉਨ੍ਹਾਂ ਦੀ ਇਸ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਡਾ. ਬਲਬਿੰਦਰ ਕੁਮਾਰ ਨੇ ਕਿਹਾ ਕਿ ਸਾਨੂੰ ਸਮਾਜਿਕ ਨਿਆਂ ਲਈ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਲਗਭਗ 65 ਸਾਲ ਤੋਂ ਡਾ. ਅੰਬੇਡਕਰ ਜੀ ਦੀ ਸਿਧਾਂਤਕ ਵਿਚਾਰਧਾਰਾ ਨੂੰ ਮਰਹੂਮ ਸ੍ਰੀ ਐਲ. ਆਰ. ਬਾਲੀ ਜੀ ਦੀ ਰਹਿਨੁਮਾਈ ਹੇਠ ਅੰਬੇਡਕਰ ਭਵਨ ਅਤੇ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੁਆਰਾ ਨਿਰੰਤਰ ਪ੍ਰਚਾਰਿਤ ‘ਤੇ ਪ੍ਰਸਾਰਿਤ ਕਰਨ ਵਿੱਚ ਪਾਏ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਡਾ ਜੀ. ਸੀ. ਕੌਲ ਨੇ ਕਿਹਾ ਕਿ ਬਾਬਾ ਸਾਹਿਬ ਨੇ ਕਿਹਾ ਕਿ ਮੈਂ ਬੁੱਧ ਧੰਮ ਨੂੰ ਇਸ ਲਈ ਪਸੰਦ ਕਰਦਾ ਹਾਂ ਕਿਓਂਕਿ ਇਹ ਤਿੰਨ ਸਿਧਾਂਤਾਂ ਦਾ ਸੁਮੇਲ ਹੈ, ਜੋ ਕਿਸੇ ਹੋਰ ਧਰਮ ‘ਚ ਨਹੀਂ । ਬੁੱਧ ਧੰਮ ਅੰਧਵਿਸ਼ਵਾਸ ਅਤੇ ਅਲੌਕਿਕਤਾ ਦੇ ਵਿਰੁੱਧ ਪ੍ਰਗਿਆ (ਤਰਕਸ਼ੀਲਤਾ) ਸਿਖਾਉਂਦਾ ਹੈ, ਇਹ ਕਰੁਣਾ (ਰਹਿਮਦਿਲੀ) ਸਿਖਾਉਂਦਾ ਹੈ ਅਤੇ ਇਹ ਸਮਤਾ (ਬਰਾਬਰੀ) ਸਿਖਾਉਂਦਾ ਹੈ। ਇਹ ਸਮਾਨਤਾ, ਸੁਤੰਤਰਤਾ, ਭਾਈਚਾਰੇ ਦਾ ਧਰਮ ਹੈ। ਡਾ.ਕੋਲ ਨੇ ਕਿਹਾ ਕਿ ਬਾਬਾ ਸਾਹਿਬ ਅਨੁਸਾਰ ਬੁੱਧ ਧੰਮ ਇੱਕ ਕ੍ਰਾਂਤੀ ਸੀ ਜੋ ਧਾਰਮਿਕ ਕ੍ਰਾਂਤੀ ਤੋਂ ਸ਼ੁਰੂ ਹੋ ਕੇ ਮਨੁੱਖ ਦੁਆਰਾ ਸਿਰਜੇ ਜਾਤੀ ਬੰਧਨਾ ਨੂੰ ਤੋੜ ਕੇ ਸਾਰਿਆਂ ਨੂੰ ਤਰੱਕੀ ਦੇ ਬਰਾਬਰ ਮੌਕੇ ਪ੍ਰਦਾਨ ਕਰਕੇ ਇੱਕ ਰਾਜਨੀਤਿਕ ਕ੍ਰਾਂਤੀ ਹੋ ਨਿਬੜੀ। ਡਾ. ਅੰਬੇਡਕਰ ਜੀ ਦਾ ਦ੍ਰਿੜ ਵਿਸ਼ਵਾਸ ਸੀ ਕਿ ਮਹਾ ਮਾਨਵ ਬੁੱਧ ਦੀ ਸਿੱਖਿਆ ਰਕਤ ਰਹਿਤ ਕ੍ਰਾਂਤੀ ਦੁਆਰਾ ਸਾਮਵਾਦ ਲਿਆ ਸਕਦੀ ਹੈ। ਜਸਵਿੰਦਰ ਵਰਿਆਣਾ ਸੂਬਾ ਪ੍ਰਧਾਨ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ), ਪੰਜਾਬ ਇਕਾਈ ਅਤੇ ਸੁਭਾਸ਼ ਚੰਦਰ ਮੁਸਾਫਰ ਪਾਲਮਪੁਰ (ਹਿਮਾਚਲ ਪ੍ਰਦੇਸ਼) ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੇ ਸ਼ੁਰੂ ਵਿਚ ਅੰਬੇਡਕਰ ਭਵਨ ਟਰੱਸਟ ਜਲੰਧਰ ਦੇ ਫਾਊਂਡਰ ਟਰੱਸਟੀ ਲਾਹੌਰੀ ਰਾਮ ਬਾਲੀ, ਕ੍ਰਾਂਤੀਕਾਰੀ ਸਾਥੀ ਕਮਿਊਨਿਸਟ ਆਗੂ ਗਦਰ ਅਤੇ ਡਾ. ਐਮ ਐਸ ਸਵਾਮੀਨਾਥਨ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਹਰਮੇਸ਼ ਜੱਸਲ, ਟਰਸਟੀ ਅੰਬੇਡਕਰ ਭਵਨ ਟਰਸਟ ਜਲੰਧਰ ਨੇ ਭੰਤੇ ਜੀ ਨੂੰ ਯਾਚਨਾ ਕੀਤੀ। ਸਮਾਗਮ ਸ਼੍ਰੀ ਸੋਹਨ ਲਾਲ ਪ੍ਰਧਾਨ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ) ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪਨ ਹੋਇਆ।ਉਨ੍ਹਾਂ ਨੇ ਮਹਿਮਾਨਾਂ ਦੀ ਜਾਣ-ਪਛਾਣ ਕਰਾਉਂਦਿਆਂ ਸਭ ਨੂੰ ਜੀ ਆਇਆਂ ਕਿਹਾ ।

ਚਰਨ ਦਾਸ ਸੰਧੂ ਨੇ ਸਟੇਜ ਸੰਚਾਲਨ ਬਾਖੂਬੀ ਕੀਤਾ । ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬਲਦੇਵ ਰਾਜ ਭਾਰਦਵਾਜ, ਸੁਖਰਾਜ, ਡਾ. ਮਹਿੰਦਰ ਸੰਧੂ, ਕੁਲਦੀਪ ਭੱਟੀ, ਪਰਮਿੰਦਰ ਸਿੰਘ ਖੁੱਤਣ, ਪਿਸ਼ੋਰੀ ਲਾਲ ਸੰਧੂ, ਤਿਲਕ ਰਾਜ, ਨਿਰਮਲ ਬਿਨਜੀ, ਚਰਨਜੀਤ ਸਿੰਘ ਮੱਟੂ, ਮਨੋਹਰ ਲਾਲ ਬਾਲੀ, ਸੋਹਨ ਸੈਹਜਲ,ਅਮਰੀਕ ਐੱਸ ਮਹੇ, ਰਾਮਨਾਥ ਸੁੰਡਾ, ਰਾਮ ਲਾਲ ਦਾਸ, ਤਰਸੇਮ ਜਲੰਧਰੀ, ਹਰਭਜਨ ਸਾਂਪਲਾ, ਚਮਨ ਦਾਸ ਸਾਂਪਲਾ, ਪੁਰਸ਼ੋਤਮ ਸਰੋਇਆ, ਪ੍ਰਿੰਸੀਪਲ ਪਰਮਜੀਤ ਜਸਲ, ਗੁਰਪਾਲ ਸਿੰਘ ਡੀਪੀਆਈ ਰਿਟਾ., ਚੌਧਰੀ ਹਰੀ ਰਾਮ, ਗੁਰਦਿਆਲ ਜੱਸਲ , ਮਿਹਰ ਮਲਿਕ, ਗੁਰਦੇਵ ਖੋਖਰ, ਵਰਨ ਕਲੇਰ, ਨਰਿੰਦਰ ਲੇਖ ਆਦਿ ਸ਼ਾਮਲ ਹੋਏ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

 

Previous articleदेवरिया में प्रेमचंद्र के परिजनों से मिला किसान नेताओं और रिहाई मंच का प्रतिनिधिमंडल
Next articleधम्म-चक्र प्रवर्तन दिवस धूमधाम एवं श्रद्धापूर्वक मनाया गया