
ਬੰਗਾ (ਸਮਾਜ ਵੀਕਲੀ) -(ਚਰਨਜੀਤ ਸੱਲ੍ਹਾ) ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ-ਕਲੇਰਾਂ ਵਿਖੇ ਨਵੇਂ ਨਰਸਿੰਗ ਵਿਦਿਆਰਥੀਆਂ ਨੇ ਆਪਣੇ ਨਰਸਿੰਗ ਕਿੱਤੇ ਪ੍ਰਤੀ ਵਫ਼ਾਦਾਰ ਰਹਿਣ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਸਹੁੰ ਚੁੱਕੀ। ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ਼ਮਾ ਰੌਸ਼ਨ ਕਰ ਕੇ ਕੀਤਾ। ਮੁੱਖ ਮਹਿਮਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਨਰਸਿੰਗ ਦਾ ਕਿੱਤਾ ਇੱਕ ਪਵਿੱਤਰ ਰੁਜ਼ਗਾਰ ਹੈ, ਜਿਸ ਵਿਚ ਕੰਮ ਕਰਨ ਦੇ ਨਾਲ ਕਮਾਈ ਅਤੇ ਮਨੁੱਖਤਾ ਦੀ ਸੇਵਾ ਵੀ ਹੁੰਦੀ ਹੈ । ਇਸ ਮੌਕੇ ਉਹਨਾਂ ਨੇ ਨਵੇਂ ਨਰਸਿੰਗ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਭੇਟ ਕੀਤੀਆਂ। ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਨੇ ਨਰਸਿੰਗ ਦੀ ਜਨਮਦਾਤੀ ਫਲੋਰੈਂਸ ਨਾਇਟਿੰਗੇਲ ਦੇ ਜੀਵਨ ਸੰਘਰਸ਼ ਅਤੇ ਨਰਸਿੰਗ ਕਿੱਤੇ ਨੂੰ ਉਨ੍ਹਾਂ ਦੀ ਦੇਣ ਬਾਰੇ ਜਾਣਕਾਰੀ ਦਿੱਤੀ ਅਤੇ ਨਵੇਂ ਵਿਦਿਆਰਥੀਆਂ ਨੂੰ ਨਰਸਿੰਗ ਕਿੱਤੇ ਵਿੱਚ ਇਮਾਨਦਾਰੀ ਰੱਖਣ ਲਈ ਪ੍ਰੇਰਿਆ। ਇਸ ਮੌਕੇ ਮੈਡਮ ਵੰਦਨਾ ਬਸਰਾ ਨੇ ਸਟੇਜ ਸੰਚਾਲਨ ਕਰਦੇ ਹੋਏ ਨਵੇਂ ਨਰਸਿੰਗ ਵਿਦਿਆਰਥੀਆਂ ਨੂੰ ਨਰਸਿੰਗ ਦੀ ਸਹੁੰ ਚੁਕਾਉਣ ਦੀ ਰਸਮ ਅਦਾ ਕਰਵਾਈ । ਕਾਲਜ ਦੇ ਨਵੇਂ ਨਰਸਿੰਗ ਵਿਦਿਆਰਥੀਆਂ ਨੇ ਆਧੁਨਿਕ ਨਰਸਿੰਗ ਦੀ ਮੋਢੀ ਫਲੋਰੈਂਸ ਨਾਈਟਇੰਗੇਲ ਦੇ ਸਾਹਮਣੇ ਮੋਮਬੱਤੀਆਂ ਜਗਾ ਕੇ ਨਰਸਿੰਗ ਕਿੱਤੇ ਪ੍ਰਤੀ ਪੂਰੀ ਇਮਾਨਦਾਰੀ ਰੱਖਣ ਦੀ ਸਮੂਹਿਕ ਰੂਪ ਵਿਚ ਸਹੁੰ ਚੁੱਕੀ । ਇਸ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਵੇਂ ਵਿਦਿਆਰਥੀਆਂ ਨੇ ਕਿਹਾ ਕਿ ਉਹ ਨਰਸਿੰਗ ਕੋਰਸ ਪ੍ਰਤੀ ਪੂਰੀ ਇਮਾਨਦਾਰੀ ਰੱਖਦੇ ਹੋਏ ਮਿਹਨਤ ਨਾਲ ਪੜ੍ਹਾਈ ਕਰਨਗੀਆਂ ਅਤੇ ਕਾਬਿਲ ਨਰਸ ਬਣ ਕੇ ਉਹ ਸਨਿਮਰ ਭਾਵਨਾ ਨਾਲ ਨਰਸਿੰਗ ਸੇਵਾਵਾਂ ਦੇ ਖੇਤਰ ਵਿਚ ਕਾਰਜ ਕਰਨਗੀਆਂ। ਇਸ ਸਹੁੰ ਚੁੱਕ ਸਮਾਗਮ ਵਿੱਚ ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਰਮਨਦੀਪ ਕੋਰ ਵਾਈਸ ਪ੍ਰਿੰਸੀਪਲ, ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਰਾਬੀਆ ਹਾਟਾ ਅਤੇ ਹੋਰ ਅਧਿਆਪਕਾਂ ਨੇ ਵੀ ਸ਼ਿਰਕਤ ਕੀਤੀ।