ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਬਲਾਕ ਨਵਾਂਸ਼ਹਿਰ ਦੇ ਪਿੰਡ ਕਰਿਆਮ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਮਨਰੇਗਾ ਤਹਿਤ ਵਿੱਤੀ ਸਾਲ 2024-25 ਦੌਰਾਨ ਹੋਏ ਵਿਕਾਸ ਕਾਰਜਾਂ ਸਬੰਧੀ ਸ਼ੋਸ਼ਲ ਆਡਿਟ ਕਰਵਾਇਆ ਗਿਆ। ਇਸ ਵਿੱਚ ਪਿਛਲੇ ਸਮੇਂ ਵਿੱਚ ਮਨਰੇਗਾ ਮਜ਼ਦੂਰਾਂ ਦੇ ਰੋਜ਼ਗਾਰ ਦੇ ਮਾਮਲੇ ਨੂੰ ਲੈ ਕੇ ਹੰਗਾਮੀ ਚਰਚਾ ਵੀ ਹੋਈ। ਨਵੇਂ ਸਰਪੰਚ ਸ਼੍ਰੀ ਮਤੀ ਮਨਜੀਤ ਕੌਰ ਨੇ ਕਿਹਾ ਕਿ ਮਨਰੇਗਾ ਤਹਿਤ ਵਿਕਾਸ ਕਾਰਜਾਂ ਅਤੇ ਮਜ਼ਦੂਰਾਂ ਦੇ ਰੋਜ਼ਗਾਰ ਵਿੱਚ ਕੋਈ ਪੱਖਪਾਤ ਨਹੀਂ ਹੋਵੇਗਾ ਅਤੇ ਮਜ਼ਦੂਰਾਂ ਦਾ ਇੱਕ ਸਾਲ ਦੌਰਾਨ ਸਮੁੱਚੇ ਮਜ਼ਦੂਰਾਂ ਲਈ 100 ਦਿਨ ਦਾ ਰੋਜ਼ਗਾਰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ। ਇਸ ਮਨਰੇਗਾ ਸ਼ੋਸ਼ਲ ਆਡਿਟ ਅਜਲਾਸ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ ਭ ਸ ਨਗਰ ਦੇ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਨੇ ‘ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਾਰੰਟੀ ਕਾਨੂੰਨ-2005’ ਅਤੇ ‘ਉਸਾਰੀ ਮਜ਼ਦੂਰ ਭਲਾਈ ਕਾਨੂੰਨ-1996’ ਤੋਂ ਇਲਾਵਾ ਗੈਰ ਸੰਗਠਿਤ ਖੇਤਰ ਦੇ ਕਿਰਤੀਆਂ ਦੀਆਂ ਵੱਖ ਵੱਖ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਇੱਥੇ ਇਹ ਵਿਸ਼ੇਸ਼ ਤੌਰ ਤੇ ਵਰਨਣ ਯੋਗ ਹੈ ਕਿ ਅਜਲਾਸ ਦੌਰਾਨ ਨੈਸ਼ਨਲ ਲੇਬਰ ਆਰਗਨਾਈਜੇਸ਼ਨ (ਐੱਨ ਐੱਲ ਓ) ਨਾਲ ਜੁੜੇ ਮਜ਼ਦੂਰਾਂ ਵਲੋਂ ਕਾਰਵਾਈ ਰਜਿਸਟਰ ਵਿੱਚ ਮਨਰੇਗਾ ਮਜ਼ਦੂਰਾਂ ਲਈ ਵਿੱਤੀ ਸਾਲ ਦੌਰਾਨ ਘੱਟੋ ਘੱਟ 200 ਦਿਨ ਰੋਜ਼ਗਾਰ ਅਤੇ ਮਜ਼ਦੂਰਾਂ ਨੂੰ ‘ਘੱਟੋ ਘੱਟ ਉੱਜਰਤ ਕਾਨੂੰਨ-1948’ ਅਨੁਸਾਰ ਦਿਹਾੜੀ ਦਿੱਤੇ ਜਾਣ ਦੀ ਮੰਗ ਵੀ ਦਰਜ ਕਰਵਾਈ ਗਈ। ਇਸ ਅਜਲਾਸ ਵਿੱਚ ਭਾਰੀ ਗਿਣਤੀ ਪਿੰਡ ਵਾਸੀਆਂ ਤੋਂ ਇਲਾਵਾ ਗ੍ਰਾਮ ਰੋਜ਼ਗਾਰ ਸੇਵਕ ਹਰਜਿੰਦਰ,ਅਮਰੀਕ ਸਿੰਘ, ਗੀਤਾ, ਰੇਖਾ ਰਾਣੀ ਅਤੇ ਜਸਵਿੰਦਰ ਕੌਰ ਪੰਚ ਅਤੇ ਨੰਬਰਦਾਰ ਚਿਰੰਜੀ ਲਾਲ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly