(ਸਮਾਜ ਵੀਕਲੀ)
ਅਜੋਕਾ ਮਨੁੱਖ ਆਪਣੇ ਜੀਵਨ ਦਾ ਲੰਮੇਰਾ ਪੈਂਡਾ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੀਆਂ ਅਣਥੱਕ ਕੋਸ਼ਿਸ਼ਾਂ ਵਿੱਚ ਬਿਤਾਉਂਦਾ ਹੈ। ਸਾਰਥਕ ਇੱਛਾਵਾਂ ਤੋਂ ਬਿਨਾਂ ਜ਼ਿੰਦਗੀ ਵੀ ਨੀਰਸ ਜਾਪਦੀ ਹੈ।
ਜੋ ਸ਼ਖ਼ਸ ਆਪਣੀਆਂ ਇੱਛਾਵਾਂ ਦੀ ਪੂਰਤੀ ਹਿੱਤ ਹਾਂ ਪੱਖੀ ਯਤਨਾਂ ਤੋਂ ਖੁੰਝ ਜਾਂਦੇ ਹਨ ਉਹ ਅਕਸਰ ਮੰਜ਼ਿਲ ਪ੍ਰਾਪਤੀ ਤੋਂ ਬਹੁਤ ਦੂਰ ਹੋ ਜਾਂਦੇ ਹਨ।
ਇੱਛਾ ਰਹਿਤ ਜ਼ਿੰਦਗੀ ਜੀਵੀ ਨਹੀਂ ਬਲਕਿ ਲੰਘਾਈ ਜਾਂਦੀ ਹੈ। ਇੱਛਾਵਾਂ ਦੀ ਪੂਰਤੀ ਵਾਸਤੇ ਨਿਰੰਤਰ ਮਿਹਨਤ ,ਘਾਲਣਾ ਅਤੇ ਉਪਰਾਲੇ ਕਰਨ ਨਾਲ ਜ਼ਿੰਦਗੀ ਨੂੰ ਨਵੇਂ ਰਾਹ ,ਤਜਰਬੇ ਅਤੇ ਉਤਰਾਅ ਚੜਾਅ ਵੇਖਣ ਨੂੰ ਮਿਲਦੇ ਹਨ ।
ਇੱਛਾਵਾਂ ਨੂੰ ਯਥਾਰਥ ਵਿੱਚ ਬਦਲਣ ਦੇ ਯਤਨ ਸਾਨੂੰ ਖੁੱਲ੍ਹੀ ਅੱਖ ਨਾਲ ਵੇਖੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ ਵਾਸਤੇ ਪ੍ਰੇਰਦੇ ਹੀ ਨਹੀਂ ਬਲਕਿ ਜੀਵਨ ਸੰਘਰਸ਼ ਦਾ ਅਹਿਸਾਸ ਕਰਵਾਉਂਦਿਆਂ ਸਾਡੇ ਮਨ ਮਸਤਕ ਚ ਲਗਨ ਤੇ ਇਰਾਦੇ ਦੀ ਦ੍ਰਿੜ੍ਹਤਾ ਨੂੰ ਪ੍ਰਬਲਤਾ ਵੀ ਪ੍ਰਦਾਨ ਕਰਦੇ ਹਨ
ਮਨੋਵਿਗਿਆਨਕ ਸਿਧਾਂਤਾਂ ਦੀ ਦ੍ਰਿਸ਼ਟੀਗੋਚਰ ਜੀਵ ਮੰਡਲ ਤੇ ਕੁਦਰਤ ਵੱਲੋਂ ਉਪਜੀ ਸ੍ਰਿਸ਼ਟੀ ਵਿੱਚ ਹਰ ਮਨੁੱਖ ਦਾ ਦੂਜੇ ਮਨੁੱਖਾਂ ਨਾਲੋਂ ਅਨਿੱਖੜਵਾਂ ਹੋਣਾ ਕੋਈ ਹੈਰਾਨੀ ਦਾ ਸਬੱਬ ਨਹੀਂ, ਇਸੇ ਪ੍ਰਕਾਰ ਕੇਵਲ ਤੇ ਕੇਵਲ ਇੱਛਾਵਾਂ ਰੱਖਣ ਵਾਲੇ ਅਤੇ ਇੱਛਾਵਾਂ ਦੀ ਪੂਰਤੀ ਵਾਸਤੇ ਅਣਥੱਕ ਕੋਸ਼ਿਸ਼ਾਂ ਵਿਚ ਨਿਰੰਤਰ ਮਗਨ ਰਹਿਣ ਵਾਲੇ ਇਨਸਾਨਾਂ ਵਿਚ ਡੂੰਘਾ ਅੰਤਰ ਹੁੰਦਾ ਹੈ ਜਿਵੇਂ ਕੁਝ ਲੋਕ ਰਾਤਾਂ ਨੂੰ ਵੇਖੇ ਸੁਪਨਿਆਂ ਨੂੰ ਮਹਿਜ਼ ਅਚੇਤ ਮਨਾਂ ਦੇ ਦੀਰਘ ਵਰਤਾਰੇ ਭਾਂਪਦਿਆਂ ਅਵੇਸਲੇ ਹੋ ਕੇ ਰਹਿ ਜਾਂਦੇ ਹਨ ਜਦਕਿ ਨਿਵੇਕਲੇ ਸੁਪਨਸਾਜ਼ਾਂ ਨੂੰ ਤਾਂ ਦਿਨ ਵਿੱਚ ਵੇਖੇ ਸੁਫਨੇ ਵੀ ਚੈਨ ਨਾਲ ਸੌਣ ਨਹੀਂ ਦਿੰਦੇ ।
ਇੱਛਾਵਾਂ ਦੀ ਪੂਰਤੀ ਵਾਸਤੇ ਕਿਰਿਆਸ਼ੀਲਤਾ ਦਾ ਹੋਣਾ ਵਿਕਾਸ ਦਾ ਅਨੁਭਵ ਹੈ ।ਇੱਛਾਵਾਂ ਦੀ ਪੂਰਤੀ ਹਿੱਤ ਦ੍ਰਿੜ੍ਹ ਇਰਾਦੇ ਤੇ ਸਖ਼ਤ ਘਾਲਣਾ ਘਾਲਣ ਵਾਲਿਆਂ ਦੀ ਪਰਵਾਜ਼ ਹਮੇਸ਼ਾਂ ਉਚੇਰੀ ਹੁੰਦੀ ਹੈ । ਮੰਜ਼ਲ ਪ੍ਰਾਪਤੀ ਤੱਕ ਦੇ ਪੈਂਡੇ ਦੌਰਾਨ ਉਨ੍ਹਾਂ ਦੀ ਜੀਵਨ ਸ਼ੈਲੀ ਭਾਵੇਂ ਕੰਡਿਆਂ ਦੀ ਸੇਜ ਹੀ ਕਿਉਂ ਨਾ ਹੋਵੇ ਪਰ ਸਾਰਥਕ ਉਦੇਸ਼ਾਂ ਨਾਲ ਓਤਪੋਤ ਇਹ ਵਲਵਲੇ ਮੰਜ਼ਿਲ ਪ੍ਰਾਪਤੀ ਤਕ ਉਨ੍ਹਾਂ ਦੇ ਮਨ ਨੂੰ ਟਿਕਾਅ ਦੀ ਅਵਸਥਾ ਵਿੱਚ ਨਹੀਂ ਆਉਣ ਦਿੰਦੇ ।
ਇੱਛਾਵਾਂ ਦਾ ਸੁਭਾਅ ਪਦਾਰਥਵਾਦੀ ,ਅਧਿਆਤਮਵਾਦੀ , ਰੋਮਾਂਸਵਾਦੀ, ਨਿੱਜਵਾਦੀ ਕੋਈ ਵੀ ਹੋ ਸਕਦਾ ਹੈ ।ਪਰ ਮਨੁੱਖਤਾ ਦੀ ਭਲਾਈ ਵਾਲੀਆਂ ਇੱਛਾਵਾਂ ਰੱਖਣ ਵਾਲੇ ਇਨਸਾਨ ਹਮੇਸ਼ਾ ਮਹਾਨ ਹੁੰਦੇ ਹਨ ,ਉਨ੍ਹਾਂ ਨੂੰ ਉੱਤਮ ਦਰਜਾਬੰਦੀ ਵਾਲੀਆਂ ਰੂਹਾਂ ਮੰਨਿਆ ਜਾਂਦਾ ਹੈ ।
ਪਦਾਰਥਵਾਦੀ ਅਤੇ ਨਿਜਵਾਦੀ ਇੱਛਾਵਾਂ ਦੀ ਪੂਰਤੀ ਉਪਰੰਤ ਪ੍ਰਾਪਤ ਹੋਏ ਖ਼ੁਸ਼ੀਆਂ ਦੇ ਖ਼ਜ਼ਾਨੇ ਚਿਰਸਥਾਈ ਸੰਭਵ ਨਹੀਂ ਹੁੰਦੇ ਕਿਉਂ ਜੋ ਇਹ ਸਰਵ ਵਿਆਪੀ ਅਤੇ ਸਰਵ ਕਲਿਆਣਕਾਰੀ ਨਾ ਹੋ ਕੇ ਨਿੱਜੀ ਸੁੱਖਾਂ, ਐਸ਼ੋ ਆਰਾਮ ਅਤੇ ਮਾਇਆਧਾਰੀ ਪਰਵਿਰਤੀ ਦਾ ਨਤੀਜਾ ਹੀ ਹੁੰਦੇ ਹਨ । ਇਸੇ ਲਈ ਜੀਵਨ ਪੰਧ ਦੇ ਇਕ ਪੜਾਅ ਤੇ ਆ ਕੇ ਇਹ ਪਦਾਰਥਵਾਦੀ ਵਸਤਾਂ ਆਤਮਿਕ ਤੇ ਮਾਨਸਿਕ ਸੰਤੁਸ਼ਟੀ ਤੋਂ ਸੱਖਣੀਆਂ ਜਾਪਣ ਲੱਗਦੀਆਂ ਹਨ ਜਦ ਕਿ ਸਰਬੱਤ ਦੇ ਭਲੇ ਨਾਲ ਜੁੜੀਆਂ ਇੱਛਾਵਾਂ ਨਾਲ ਸੰਜੋਏ ਸੁਫ਼ਨਿਆਂ ਦੀ ਬਦੌਲਤ ਸਰ ਕੀਤੇ ਟੀਚੇ ਮਨ ਨੂੰ ਅਦੁੱਤੀ ਸਕੂਨ ਹੀ ਨਹੀਂ ਬਖਸ਼ਦੇ ਸਗੋਂ ਅਜਿਹੇ ਸੁਫ਼ਨੇ ਸਾਜ਼ਾਂ ਦੇ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਵੀ ਅੰਕਿਤ ਹੋ ਜਾਂਦੇ ਹਨ ।
ਲੋਕ ਹਿੱਤ ਨਾਲ ਜੁੜੀਆਂ ਇੱਛਾਵਾਂ ਰੱਖਣ ਵਾਲੇ ਇਨਸਾਨ ਉਸਾਰੂ ਸੋਚ ਅਤੇ ਸਰਬੱਤ ਦੇ ਭਲੇ ਨਾਲ ਲੈਸ ਸਮਾਜ ਲਈ ਕੁੱਝ ਵਿਲੱਖਣ ਕਰ ਗੁਜ਼ਰਨ ਦੇ ਸੁਫਨੇ ਲੈਂਦੇ ਹਨ। ਉਹ ਸੁਧਾਰਵਾਦੀ ਫਲਸਫ਼ੇ ਦੇ ਧਾਰਨੀ ਹੁੰਦੇ ਹਨ। ਅਜਿਹੇ ਇਨਸਾਨਾਂ ਨੂੰ ਸਮਾਜ ਮੁਲਕ ਅਤੇ ਕੌਮਾਂ ਅਥਾਹ ਮਾਣ ਸਨਮਾਨ ਅਤੇ ਸਤਿਕਾਰ ਨਾਲ ਨਿਵਾਜਦੀਆਂ ਹਨ। ਅਜਿਹੇ ਲੋਕਾਂ ਦੀਆਂ ਇੱਛਾਵਾਂ ਅਤੇ ਸੁਫਨਿਆਂ ਦਾ ਆਗਾਜ਼ ਨਿੱਜੀ ਹਿੱਤਾਂ ਨੂੰ ਨਕਾਰਦਿਆਂ ਸਰਬੱਤ ਦੇ ਭਲੇ ਦੀ ਪ੍ਰਾਪਤੀ ਵੱਲ ਵਧਦਾ ਹੈ ਇਸੇ ਲਈ ਉਹ ਮਹਾਨ ਹੋਣ ਦਾ ਰੁਤਬਾ ਪ੍ਰਾਪਤ ਕਰਦੇ ਹਨ।
ਸ਼ਾਲਾ! ਸਾਡੀਆਂ ਇੱਛਾਵਾਂ, ਸਾਡੇ ਸੁਫ਼ਨੇ ਨਿੱਜੀ ਹਿੱਤਾਂ ਦੀ ਪੂਰਤੀ ਤਕ ਮਹਿਦੂਦ ਨਾ ਹੋ ਕੇ ਸਰਬੱਤ ਦੇ ਭਲੇ ਦੀ ਵਿਸ਼ਾਲ ਸੋਚਣੀ ਨਾਲ ਲਬਰੇਜ਼ ਹੋਣ ।
ਮਾਸਟਰ ਹਰਭਿੰਦਰ “ਮੁੱਲਾਂਪੁਰ”
ਸੰਪਰਕ :95308-20106
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly