ਮਾਰੂਥਲ

ਦੀਪ ਸੰਧੂ 
(ਸਮਾਜ ਵੀਕਲੀ)
ਮੇਰੇ ਅੰਦਰ ਮਾਰੂਥਲ ਹੈ
ਸੁੱਕਾ ਤੇ ਤਰਹਾਇਆ,
ਮੇਰੇ ਪਿੰਡਿਓ ਕਿੱਧਰੇ ਉੱਚਾ
ਕੋਝਾ ਵਿਕਰਾਲ ਸਾਇਆ,
ਜਾਪੇ ਯਮਗਣ ਦੂਤ ਜਮਾ ਦਾ
ਜਨਮ ਖਸੁਟਣ ਆਇਆ।
ਮੇਰਾ ਤਨ ਮਨ ਕਤਰ – ਕਤਰ
ਮਾਰੂਥਲ ਦੇ ਲੇਖੇ
ਰਗ- ਰਗ ਨੀਰਸ
ਰੱਤ ਡੀਕ ਲਿਆ
ਇਹਦੇ ਚੰਦਰੇ ਰੇਤੇ।
ਕਰ ਕਰ ਟੂਣੇ, ਹਵਨ ਮੈਂ ਹਾਰੀ
ਤਗੜਾ ਹੁੰਦਾ ਜਾਵੇ
ਜਿੰਨਾ ਡਰ- ਡਰ, ਲੁਕ- ਲੁਕ ਬੈਠਾਂ
ਭੈੜਾ ਸਿਰ ਨੂੰ ਆਵੇ ।
ਨਾ ਰੇਤੀਲਾ, ਨਾ ਇਹ ਤਪਿਆ
ਸੀਤ ਹੀ ਕਿਰਦਾ ਜਾਏ
ਨਾ ਸਿੰਜਾਂ, ਨਾ ਪਾਵਾਂ ਚੋਗੇ
ਤੀਬਰ ਘਿਰਦਾ ਜਾਏ ।
ਖ਼ਬਰੇ ਕਿਧਰੋਂ ਸਿਖਰ ਦੁਪਹਿਰੇ
ਕਾਲੀ ਬੋਲੀ ਆਏ
ਚਿੱਤੇ ਧੁੜਕੂ, ਅੱਖੋਂ ਅੰਨੀਂ
ਮੱਤ ਮੇਰੀ ਚੁੰਧਿਆਏ ।
ਸੱਦਾਂ ਵੈਦ ਕੋਈ ਕਰੇ ਔਸ਼ਧੀ
ਸਾਹ ਕੋਈ ਸੁੱਖ ਦਾ ਆਏ
ਰਚ ਕੋਈ ਦੇਵ ਅੰਡਬਰ ਇਹਨੂੰ
ਮੇਰੇ ਮਗਰੋਂ ਲਾਹੇ ।
ਆਖ ਨੀਂ ਧਰਤੇ ਬੱਦਲ ਕਪਾਹੀ
ਐਸਾ ਘੋਲ – ਘੁਲਾਏ
ਮਨ ਦਾ ਮਰੂਆ ਸਿੰਜੇ ਤੇ ਜਾਂ
ਪੁੱਟ ਜੜ੍ਹਾਂ ਤੋਂ ਜਾਏ ।
ਹਾੜ੍ਹੇ ਮੌਲਾ ਘੱਲ ਪੌਣ ਨੂੰ
ਛਿੱਟ ਇਲਾਹੀ ਵੰਡੇ
ਫ਼ਿਰ ਕੋਈ ਧਰਤੀ ਹੱਸਦੀ ਵੱਸਦੀ
ਨਾ ਮਾਰੂਥਲ ਹੋ ਜਾਏ
          ਦੀਪ ਸੰਧੂ 
          +61 459 966 392
Previous articleਕੰਨਿਆ ਸਕੂਲ ਰੋਪੜ ਦੀ ਵਿਦਿਆਰਥਣ ਪੂਜਾ ਨੇ ਕਰਾਟੇ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗਾ
Next articleਇਸ ਸਦੀ ਦੀ ਤ੍ਰਾਸਦੀ ਬਣਿਆ: ਮਹਾਂ ਕੁੰਭ