ਕਰਨਾਲ (ਸਮਾਜ ਵੀਕਲੀ) : ਪੈਰੋਲ ’ਤੇ ਬਾਹਰ ਆਇਆ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਪਿਛਲੇ ਕੁਝ ਦਿਨਾਂ ਤੋਂ ਆਨਲਾਈਨ ਸਤਿਸੰਗ ਕਰ ਰਿਹਾ ਹੈ ਜਿਨ੍ਹਾਂ ’ਚ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਇਕਾਈ ਦੇ ਕਈ ਆਗੂ ਸ਼ਾਮਲ ਹੋਏ ਹਨ। ਡੇਰਾ ਮੁਖੀ ਦੇ ਪੈਰੋਲ ’ਤੇ ਬਾਹਰ ਰਹਿਣ ਦਾ ਸਮਾਂ ਇੱਕ ਵਾਰ ਫਿਰ ਕੁਝ ਚੋਣਾਂ ਦੀਆਂ ਤਾਰੀਕਾਂ ਨਾਲ ਮੇਲ ਖਾ ਰਿਹਾ ਹੈ।
ਡੇਰਾ ਸਿਰਸਾ ਮੁਖੀ (55) ਉੱਤਰ ਪ੍ਰਦੇਸ਼ ਦੇ ਬਾਗਪਤ ’ਚ ਡੇਰੇ ਦੇ ਬਰਨਾਵਾ ਆਸ਼ਰਮ ਤੋਂ ਆਨਲਾਈਨ ਸਤਿਸੰਗ ਕਰ ਰਿਹਾ ਹੈ। ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਬੀਤੇ ਦਿਨ ਹਿਸਾਰ ’ਚ ਆਨਲਾਈਨ ਪ੍ਰਵਚਨ ਸੁਣਨ ਲਈ ਡੇਰਾ ਪ੍ਰੇਮੀਆਂ ਦੀ ਸਭਾ ’ਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਡੇਰਾ ਮੁਖੀ ਨਾਲ ਆਪਣੇ ਪਰਿਵਾਰ ਦੀ ਨੇੜਤਾ ਦੀ ਚਰਚਾ ਕੀਤੀ। ਇਸ ਤੋਂ ਪਹਿਲਾਂ ਕਰਨਾਲ ਦੀ ਮੇਅਰ ਰੇਣੂ ਬਾਲਾ ਕੁਝ ਹੋਰ ਭਾਜਪਾ ਆਗੂਆਂ ਨਾਲ ਮੰਗਲਵਾਰ ਨੂੰ ਇੱਕ ਆਨਲਾਈਨ ਸਤਿਸੰਗ ’ਚ ਸ਼ਾਮਲ ਹੋਈ। ਆਨਲਾਈਨ ਸਤਿਸੰਗ ਦੌਰਾਨ ਡੇਰਾ ਮੁਖੀ ਨਾਲ ਗੱਲਬਾਤ ਕਰਦੇ ਹੋਏ ਗੰਗਵਾ ਨੇ ਕਿਹਾ ਕਿ ਉਹ ਡੇਰਾ ਮੁਖੀ ਦੇ ਆਸ਼ੀਰਵਾਦ ਤੋਂ ਖੁਸ਼ ਹਨ। ਰੇਣੂ ਬਾਲਾ ਨੇ ਡੇਰਾ ਮੁਖੀ ਨੂੰ ‘ਪਿਤਾ ਜੀ’ ਵਜੋਂ ਸੰਬੋਧਨ ਕੀਤਾ ਤੇ ਕਿਹਾ ਕਿ ਡੇਰਾ ਮੁਖੀ ਦਾ ਆਸ਼ੀਰਵਾਦ ਹਮੇਸ਼ਾ ਉਨ੍ਹਾਂ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾਂ ਉਹ ਕਰਨਾਲ ਆਏ ਸਨ ਤੇ ਸਵੱਛਤਾ ਦਾ ਸੁਨੇਹਾ ਦਿੱਤਾ ਸੀ ਜਿਸ ਨਾਲ ਸ਼ਹਿਰ ਨੂੰ ਮਦਦ ਮਿਲੀ ਸੀ। ਪ੍ਰੋਗਰਾਮ ਦੀ ਵੀਡੀਓ ’ਚ ਉਹ ਇਹ ਕਹਿੰਦੀ ਸੁਣਾਈ ਦੇ ਰਹੀ ਹੈ, ‘ਭਵਿੱਖ ’ਚ ਵੀ ਤੁਸੀਂ ਕਰਨਾਲ ਆਓ ਤੇ ਇੱਕ ਵਾਰ ਫਿਰ ਸਵੱਛਤਾ ’ਤੇ ਆਪਣਾ ਸੁਨੇਹਾ ਤੇ ਸਾਨੂੰ ਆਪਣਾ ਆਸ਼ੀਰਵਾਦ ਦਿਉ।’ ਜ਼ਿਕਰਯੋਗ ਡੇਰਾ ਮੁਖੀ ’ਚ ਚੋਣਾਂ ਦੇ ਨੇੜੇ ਪੈਰੋਲ ਦਿੱਤੇ ਜਾਣ ’ਤੇ ਸਵਾਲ ਚੁੱਕੇ ਜਾ ਰਹੇ ਹਨ ਕਿਉਂਕਿ ਹਰਿਆਣਾ ’ਚ ਜਲਦੀ ਹੀ ਆਦਮਪੁਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋ ਰਹੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly