*ਕਾਰਜ ਵਿੱਚ ਤੇਜ਼ ਕਰਨ ਲਈ ਅਗਲੇ ਹਫ਼ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ- ਡੀਸੀ*
*ਕੋਈ ਵੀ ਵਿਅਕਤੀ ਸਿਹਤ ਬੀਮਾ ਯੋਜਨਾ ਤੋਂ ਵਾਂਝਾ ਨਾ ਰਹੇ- ਐਮ.ਐਲ.ਏ*
ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਦੇ ਬਣਾਏ ਜਾ ਰਹੇ ਹੈਲਥ ਕਾਰਡ ਸਬੰਧੀ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਦੇ ਵਿਧਾਇਕਾਂ, ਹਲਕਾ ਇੰਚਾਰਜ ਨਾਲ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ। ਮੀਟਿੰਗ ਵਿੱਚ ਲੋਕਾਂ ਦੀ ਇਨਰੋਲਮੈਂਟ ਵਧਾਉਣ ਬਾਰੇ ਚਰਚਾ ਕੀਤੀ ਗਈ।ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੈਲਥ ਕਾਰਡ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਉਣ।ਮੀਟਿੰਗ ਵਿੱਚ ਵਿਧਾਇਕਾਂ ਨਾਲ ਇਨਰੋਲਮੈਂਟ ਵਧਾਉਣ ਲਈ ਸਲਾਹ ਮਸ਼ਵਰਾ ਕੀਤਾ ਗਿਆ। ਉਨ੍ਹਾਂ ਦੀ ਸਲਾਹ ਅਨੁਸਾਰ ਅਗਲੇ ਹਫ਼ਤੇ ਸਡਿਊਲ ਬਣਾਇਆ ਜਾਵੇਗਾ ਅਤੇ ਉਨ੍ਹਾਂ ਦੀ ਦੇਖ–ਰੇਖ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਹੈਲਥ ਕਾਰਡ ਬਣਾਉਣ ਲਈ ਕੈਂਪ ਲਗਾਏ ਜਾਣਗੇ। ਇਸ ਯੋਜਨਾ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਾਭਪਾਤਰੀ ਰਾਜ ਭਰ ਦੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦੇ ਨਕਦ ਰਹਿਤ ਡਾਕਟਰੀ ਇਲਾਜ ਦੇ ਹੱਕਦਾਰ ਹੋਣਗੇ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਸਿਹਤ ਕਾਰਡਾਂ ਦੀ ਇਨਰੋਲਮੈਂਟ ਵਿੱਚ ਤੇਜ਼ੀ ਲਿਆਉਣ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਕਿ ਨਾਮਾਂਕਣ ਪ੍ਰਕਿਰਿਆ ਨੂੰ ਕੁਸ਼ਲਤਾ ਅਤੇ ਸਮਾਂਬੱਧ ਢੰਗ ਨਾਲ ਕੀਤਾ ਜਾਵੇ। ਵਿਧਾਇਕ ਬੰਗਾ ਸੁਖਵਿੰਦਰ ਕੁਮਾਰ ਸੁੱਖੀ ਨੇ ਅਧਿਕਾਰੀਆਂ ਨੂੰ ਇਸ ਮਹੱਤਵਪੂਰਨ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਹਰੇਕ ਨਿਵਾਸੀ ਨੂੰ ਕਵਰ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਿਕਰ ਕੀਤਾ ਕਿ ਇਹ ਯੋਜਨਾ ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਬਹੁਤ ਮਦਦ ਕਰੇਗੀ, ਜਿਸ ਨਾਲ ਸਾਡਾ ਸੂਬਾ ਸਿਹਤ ਸੇਵਾਵਾਂ ਵਿੱਚ ਮੋਹਰੀ ਬਣ ਜਾਵੇਗਾ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ ) ਬਲਵੀਰ ਰਾਜ ਸਿੰਘ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸਤਨਾਮ ਸਿੰਘ ਜਲਾਲਪੁਰ, ਵਾਈਸ ਚੇਅਰਮੈਨ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਲਲਿਤ ਮੋਹਨ ਪਾਠਕ, ਐਸ ਡੀ ਐਮ ਬੰਗਾ ਵਿਪਨ ਭੰਡਾਰੀ, ਐਸ ਡੀ ਐਮ ਨਵਾਂਸ਼ਹਿਰ ਅਨਮਯੋਤ ਕੌਰ, ਐਸ ਡੀ ਐਮ ਬਲਾਚੌਰ ਕ੍ਰਿਤੀਕਾ ਗੋਇਲ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



