ਡਿਪਟੀ ਕਮਿਸ਼ਨਰ ਵਲੋਂ ਸਿਟਰਸ ਅਸਟੇਟ ਤੇ ਫੈਪਰੋ ਦਾ ਦੌਰਾ, ਫ਼ਸਲੀ ਵਿਭਿੰਨਤਾ ਸਮੇਂ ਦੀ ਮੁੱਖ ਲੋੜ – ਆਸ਼ਿਕਾ ਜੈਨ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਸਿਟਰਸ ਅਸਟੇਟ ਅਤੇ ਫੈਪਰੋ, ਭੂੰਗਾ ਦਾ ਦੌਰਾ ਕਰਦਿਆਂ ਫ਼ਸਲੀ ਵਿਭਿੰਨਤਾ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਕਿਸਾਨਾਂ ਨੂੰ ਸਮੇਂ ਦੀ ਮੰਗ ਅਨੁਸਾਰ ਬਾਗਬਾਨੀ ਨੂੰ ਵੱਡੇ ਪੱਧਰ ‘ਤੇ ਅਪਣਾਉਣ ਦਾ ਸੱਦਾ ਦਿੱਤਾ। ਸਿਟਰਸ ਅਸਟੇਟ ਵਿਖੇ ਕਿੰਨੂਆਂ ਦੀ ਗ੍ਰੇਡਿੰਗ ਅਤੇ ਵੈਕਸਿੰਗ ਯੂਨਿਟ, ਕਿਸਾਨਾਂ ਨੂੰ ਕਿਰਾਏ ‘ਤੇ ਦਿੱਤੀ ਜਾਂਦੀ ਖੇਤੀ ਮਸ਼ੀਨਰੀ, ਕਿਸਾਨਾਂ ਲਈ ਵਿਸ਼ੇਸ਼ੇ ਤੌਰ ‘ਤੇ ਤਿਆਰ ਕੀਤੀ ਜਾਂਦੀ ਜੈਵਿਕ ਖਾਦ ਅਤੇ ਖੇਤੀ ਨਾਲ ਸਬੰਧਤ ਦਵਾਈਆਂ ਮੁਹੱਈਆ ਕਰਵਾਉਣ ਆਦਿ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਕਿਸਾਨਾਂ ਨੂੰ ਸਬਜ਼ੀਆਂ-ਫ਼ਲਾਂ ਦੀ ਕਾਸ਼ਤ ਲਈ ਸਿਟਰਸ ਅਸਟੇਟ ਦੇ ਮਾਹਰਾਂ ਦਾ ਵੱਧ ਤੋਂ ਵੱਧ ਸਹਿਯੋਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਟਰਸ ਅਸਟੇਟ ਰਾਹੀਂ ਫ਼ਲਾਂ-ਸਬਜ਼ੀਆਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ, ਖਾਦਾਂ ਦੀ ਲੋੜੀਂਦੀ ਮਾਤਰਾ ਤੋਂ ਇਲਾਵਾ ਆਪਣੀ ਪੈਦਾਵਾਰ ਦੇ ਢੁਕਵੇਂ ਮੰਡੀਕਰਨ ਵਿਚ ਵੱਡੀ ਮਦਦ ਮਿਲ ਸਕਦੀ ਹੈ। ਬਾਗਬਾਨੀ ਦੇ ਖੇਤਰ ਵਿਚ ਸਿਟਰਸ ਅਸਟੇਟ ਸਬੰਧੀ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦਿਆਂ ਚੇਅਰਮੈਨ-ਕਮ-ਸੀ.ਈ.ਓ. ਡਾ. ਜਸਪਾਲ ਸਿੰਘ ਢੇਰੀ ਨੇ ਦੱਸਿਆ ਕਿ ਇਸ ਯੂਨਿਟ ਨਾਲ 1400 ਦੇ ਕਰੀਬ ਕਿਸਾਨ ਜੁੜੇ ਹੋਏ ਹਨ ਜਿਹੜੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਮੇਂ-ਸਮੇਂ ‘ਤੇ ਲੋੜੀਂਦਾ ਲਾਭ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਗਬਾਨੀ ਨੂੰ ਅਪਣਾ ਕੇ ਕਿਸਾਨ ਤੁਪਕਾ ਸਿੰਚਾਈ ਦੇ ਮਾਧਿਅਮ ਰਾਹੀਂ ਕੁਦਰਤੀ ਸੋਮੇ ਪਾਣੀ ਦੀ ਬਚਤ ਕਰ ਸਕਦੇ ਹਨ। ਡਾ. ਢੇਰੀ ਨੇ ਦੱਸਿਆ ਕਿ ਇਸ ਸੀਜਨ ਦੌਰਾਨ ਅਸਟੇਟ ਵਲੋਂ ਲਗਭਗ 1000 ਟਨ ਕਿੰਨੂ ਦੀ ਗ੍ਰੇਡਿੰਗ ਅਤੇ ਵੈਕਸਿੰਗ ਕੀਤੀ ਗਈ ਜਿਹੜੀ ਕਿ ਆਉਂਦੇ ਸਮੇਂ ਵਿਚ ਹੋਰ ਵਧੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਮੂੰਗਫਲੀ ਦੀ ਕਾਸ਼ਤ ਦੀਆਂ ਅਸੀਮ ਸੰਭਾਵਨਾਵਾਂ ਹਨ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੌਕੇ ‘ਤੇ ਮੌਜੂਦ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਾਗਬਾਨੀ ਨੂੰ ਹੋਰ ਹੁਲਾਰਾ ਦੇਣ ਲਈ ਵਿੱਤੀ ਸਾਲ 2025-26 ਦੌਰਾਨ ਨਵੀਆਂ ਪਹਿਲਕਦਮੀਆਂ ਦੀ ਤਜਵੀਜ਼ ਹੈ ਜਿਸ ਵਿਚ ਹੁਸ਼ਿਆਰਪੁਰ ਜ਼ਿਲ੍ਹਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਾਗਬਾਨੀ ‘ਤੇ ਆਧਾਰਤ ਜਾਗਰੂਕਤਾ ਪ੍ਰੋਗਰਾਮਾਂ, ਕਲਸਟਰਾਂ ਦਾ ਗਠਨ, ਕ੍ਰਿਸ਼ੀ ਸਖੀ ਸਹਾਇਤਾ, ਇਨਪੁਟ ਸਰੋਤ ਕੇਂਦਰ, ਸਰਟੀਫਿਕੇਸ਼ਨ, ਸਿਖਲਾਈ ਅਤੇ ਸਟਾਰਟਰ ਕਿੱਟਾਂ ਆਦਿ ਸ਼ਾਮਲ ਹੈ ਜਿਸ ਨਾਲ ਬਾਗਬਾਨੀ ਦੇ ਕਿੱਤੇ ਨਾਲ ਜੁੜੇ ਕਿਸਾਨਾਂ/ਕਾਸ਼ਤਕਾਰਾਂ ਨੂੰ  ਬੇਹੱਦ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਮੂੰਗਫ਼ਲੀ ਦੀ ਕਾਸ਼ਤ ਨੂੰ ਵੀ ਹੁਲਾਰਾ ਦਿੱਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਭਾਸ਼ਾ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ‘ਤੇ ਮੈਗਜ਼ੀਨ ‘ਜਨ ਸਾਹਿਤ’ ਦੇ ਵਿਸ਼ੇਸ਼ ਅੰਕ ਲਈ ਰਚਨਾਵਾਂ ਦੀ ਮੰਗ
Next articleਲੁਧਿਆਣਾ ਬੇਵਰੇਜ ਪ੍ਰਾਈਵੇਟ ਲਿਮਡ ਨੇ ‘ਰੈੱਡ ਕਰਾਸ ਵਿੰਗਜ਼ ਪ੍ਰੋਜੈਕਟ’ ਲਈ  ਦਿੱਤਾ 6,46,000 ਰੁਪਏ ਦਾ ਯੋਗਦਾਨ