ਦੋਸ਼ੀਆਂ ਨੂੰ ਜਲਦ ਕੀਤਾ ਜਾਵੇਗਾ ਕਾਬੂ – ਪੁਲਿਸ ਕਮਿਸ਼ਨਰ

“ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ ਅੱਜ ਡੀ.ਈ.ਓ. (ਸੈਕੰਡਰੀ) ਲਖਵੀਰ ਸਿੰਘ ਸਮਰਾ ਦੇ ਦਫ਼ਤਰ ਜਾ ਕੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ “

(ਸਮਾਜ ਵੀਕਲੀ)- ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲੁਧਿਆਣਾ ਸ. ਲਖਵੀਰ ਸਿੰਘ ਦੇ ਨਾਲ-ਨਾਲ ਸਮੂਹ ਸਰਕਾਰੀ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਅਧਿਕਾਰੀਆਂ ਦੀ ਬੇਇਜ਼ਤੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਅੱਜ ਡੀ.ਈ.ਓ (ਸੈਕੰਡਰੀ) ਨੂੰ ਨਾਲ ਲੈ ਕੇ ਉਨ੍ਹਾਂ ਦੇ ਦਫ਼ਤਰ ਆਏ। ਡੀ.ਸੀ. ਦੇ ਪਿਤਾ ਸ੍ਰੀ ਜੀਤ ਰਾਮ ਸ਼ਰਮਾ, ਜੋ ਖ਼ੁਦ ਸਰਕਾਰੀ ਸਕੂਲ ਦੇ ਅਧਿਆਪਕ ਵਜੋਂ ਸੇਵਾਮੁਕਤ ਹੋਏ ਹਨ, ਵੀ ਨਾਲ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਸ੍ਰੀ ਲਖਵੀਰ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇੱਕ ਨੇਕ-ਦਿਲ ਅਤੇ ਮਿਹਨਤੀ ਅਫਸਰ ਹੋਣ ਦੇ ਨਾਲ-ਨਾਲ ਇੱਕ ਸੁਹਿਰਦ ਇਨਸਾਨ ਵੀ ਹਨ। ਕੁਝ ਦਿਨ ਪਹਿਲਾਂ ਪੇਰੈਂਟ ਐਸੋਸੀਏਸ਼ਨ ਵੱਲੋਂ ਡੀ.ਈ.ਓ (ਸੈਕੰਡਰੀ) ਨਾਲ ਮੰਦਭਾਗਾ ਵਤੀਰਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਪੁਲਿਸ ਕਮਿਸ਼ਨਰ ਨੂੰ ਨਾਲ ਲੈ ਕੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਦਫ਼ਤਰ ਵਿਖੇ ਇੱਕ ਸੰਦੇਸ਼ ਦੇਣ ਆਏ ਹਨ ਕਿ ਕਿਸੇ ਵੀ ਸਰਕਾਰੀ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਕਿਸੇ ਵੀ ਸਮੇਂ ਉਨ੍ਹਾਂ ਦੇ ਦਫ਼ਤਰ ਵਿੱਚ ਨਿੱਜੀ ਤੌਰ ‘ਤੇ ਮਿਲ ਸਕਦੇ ਹਨ। ਉਨ੍ਹਾ ਕਿਹਾ ਕਿ ਹਰ ਕੰਮ ਕਰਨ ਦੀ ਵਿਵਸਥਾ ਹੈ, ਪਰ ਕਿਸੇ ਸਰਕਾਰੀ ਅਧਿਕਾਰੀ ਦਾ ਨਿਰਾਦਰ, ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਘਟਨਾ ਦੇ ਮੁੱਖ ਆਰੋਪੀ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਉਹ ਅਜੇ ਫਰਾਰ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀ ਵਿਅਕਤੀ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਮਾਜ ਲਈ ਸਵੈ-ਪੜਚੋਲ ਕਰਨ ਦਾ ਵੀ ਸਮਾਂ ਹੈ । ‘ਸਾਡੇ ਸਮਾਜ ਨੂੰ ਆਤਮ-ਪੜਚੋਲ ਕਰਨੀ ਚਾਹੀਦੀ ਹੈ ਕਿ ਅਜਿਹੀਆਂ ਘਟਨਾਵਾਂ ਸਾਡੇ ਸਮਾਜ ਲਈ ਵੱਡਾ ਸਵਾਲੀਆ ਨਿਸ਼ਾਨ ਪੈਦਾ ਕਰਦੀਆਂ ਹਨ। ਜੇ ਕਿਸੇ ਵੀ ਅਧਿਕਾਰੀ ਨਾਲ ਕੋਈ ਸ਼ਿਕਾਇਤ ਜਾਂ ਮੱਤਭੇਦ ਹੈ, ਉਸ ਨੂੰ ਹਲ ਕਰਨ ਦੇ ਤਰੀਕੇ ਵੀ ਹਨ, ਪਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਆਗਿਆ ਨਹੀਂ ਹੈ, ਅਜਿਹਾ ਕਰਨ ਵਾਲੇ ਨਾਲ ਕਾਨੂੰਨ ਅਨੁਸਾਰ ਕਰੜੇ ਹੱਥੀਂ ਨਜਿੱਠਿਆ ਜਾਵੇਗਾ।

ਡੀ.ਈ.ਓ (ਸੈਕੰਡਰੀ) ਸ੍ਰੀ ਲਖਵੀਰ ਸਿੰਘ ਸਮਰਾ ਨੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਦਾ ਉਨ੍ਹਾਂ ਅਤੇ ਸਮੁੱਚੇ ਅਧਿਆਪਕ ਭਾਈਚਾਰੇ ਦੇ ਨਾਲ ਡਟ ਕੇ ਖੜ੍ਹੇ ਹੋਣ ਲਈ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री भारतीय रेल की बेस्ट प्रोडक्शन यूनिट शील्ड से सम्मानित
Next articleਏਕ ਸ਼ਾਮ ਸ਼ਹੀਦੋਂ ਕੇ ਨਾਮ ਤਹਿਤ ਭਾਜਪਾ ਵਲੋਂ ਕੌਮੀ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ