ਖਿਆਲਾ ਕਲਾਂ (ਸਮਾਜ ਵੀਕਲੀ) ( ਔਲਖ ): ਸਿਹਤ ਵਿਭਾਗ ਵੱਲੋਂ ਜੂਨ-ਜੁਲਾਈ ਦੇ ਮਹੀਨਿਆਂ ਨੂੰ ਡੇਂਗੂ ਅਤੇ ਮਲੇਰੀਆ ਜਾਗਰੂਕਤਾ ਮਹੀਨਿਆਂ ਵਜੋਂ ਮਨਾਇਆ ਜਾਂਦਾ ਹੈ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾਕਟਰ ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਅਤੇ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਦੀ ਟੀਮ ਦੀ ਅਗਵਾਈ ਵਿੱਚ ਸਬ ਸੈਂਟਰ ਪੱਧਰ ਤੇ ਮਲਟੀਪਰਪਜ ਹੈਲਥ ਸੁਪਰਵਾਈਜਰ ਅਤੇ ਮਲਟੀਪਰਪਜ ਹੈਲਥ ਵਰਕਰਾਂ ਵਲੋਂ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਬੁਖਾਰ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਖਿਆਲਾ ਕਲਾਂ ਬਲਾਕ ਦੇ ਬਹੁਤ ਸਾਰੇ ਪਿੰਡਾਂ ਜਿਨ੍ਹਾਂ ਵਿੱਚ ਸਮਾਓਂ, ਫੇਫੜੇ ਭਾਈਕੇ, ਗੁਰਥੜੀ, ਖੀਵਾ ਖੁਰਦ ਅਤੇ ਖੀਵਾ ਕਲਾਂ ਦੇ ਨਾਂ ਜ਼ਿਕਰਯੋਗ ਹਨ ਵਿਖੇ ਸਿਹਤ ਕਰਮਚਾਰੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰ ਕੇ ਲੋਕਾਂ ਨੂੰ ਡੇਂਗੂ , ਮਲੇਰੀਆ ਆਦਿ ਰੋਗਾਂ ਤੋਂ ਬਚਾਅ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ। ਸਿਹਤ ਵਿਭਾਗ ਦੀ ਟੀਮ ਨੇ ਆਮ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਸੰਬੰਧੀ ਵੀ ਸਮਝਾਇਆ ਗਿਆ।
ਸਿਹਤ ਸੁਪਰਵਾਈਜ਼ਰ ਲੀਲਾ ਰਾਮ ਨੇ ਦੱਸਿਆ ਕਿ ਪਿੰਡਾਂ ਵਿੱਚ ਬਣੇ ਛੱਪੜ ਜਿਨਾਂ ਵਿੱਚ ਮੱਛੀ ਪਾਲਣ ਵਿਭਾਗ ਵੱਲੋ ਮੱਛੀ ਪਾਲਣ ਨਹੀਂ ਕੀਤਾ ਜਾਂਦਾ ਹੈ, ਉਹਨਾਂ ਵਿੱਚ ਗੰਬੂਜ਼ੀਆ ਮੱਛੀਆ ਛੱਡੀਆ ਜਾ ਰਹੀਆ ਹਨ, ਕਿਉਂਕਿ ਇਹ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਦੀਆਂ ਹਨ, ਜਿਸ ਨਾਲ ਲੋਕਾਂ ਨੂੰ ਮਲੇਰੀਆਂ ਅਤੇ ਡੇਂਗੂ ਜਿਹੀਆਂ ਭਿਆਨਕ ਬਿਮਾਰੀਆਂ ਤੋ ਕਾਫੀ ਰਾਹਤ ਮਿਲਦੀ ਹੈ। ਇਸ ਮੌਕੇ ਖੁਸ਼ਵਿੰਦਰ ਸਿੰਘ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਗੁਰਦੀਪ ਸਿੰਘ, ਸਵਰਨ ਸਿੰਘ, ਤਲਵਿੰਦਰ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਸਿਹਤ ਕਰਮਚਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਨਿਵਾਸੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly