ਬਠਿੰਡਾ/ਲੰਬੀ (ਸਮਾਜ ਵੀਕਲੀ): ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੇ ਸੱਦੇ ’ਤੇ ਅੱਜ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਬਠਿੰਡਾ ਵਿੱਚ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਅਤੇ ਲੰਬੀ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਬਠਿੰਡਾ ਵਿੱਚ ਦਾਦੀ-ਪੋਤੀ ਪਾਰਕ ’ਚੋਂ ਮਾਰਚ ਕਰਦੇ ਜਾ ਰਹੇ ਮੁਲਾਜ਼ਮਾਂ ਨੇ ਦੋ ਥਾਈਂ ਪੁਲੀਸ ਨਾਕੇ ਤੋੜੇ। ਇਸ ਦੌਰਾਨ ਪੁਲੀਸ ਤੇ ਮੁਲਾਜ਼ਮਾਂ ਵਿਚਾਲੇ ਖਿੱਚ-ਧੂਹ ਵੀ ਹੋਈ। ਸੂਤਰਾਂ ਮੁਤਾਬਕ ਡਿਪਟੀ ਸਪੀਕਰ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਸੰਵਿਧਾਨਕ ‘ਮਜਬੂਰੀ’ ਵਿੱਚ ਬੱਝੇ ਹੋਣ ਕਾਰਨ ਜਨਤਕ ਤੌਰ ’ਤੇ ਕੋਈ ਬਿਆਨ ਜਾਰੀ ਨਹੀਂ ਕਰ ਸਕਦੇ ਪਰ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਰਕਾਰ ਦੇ ਹੋਰ ਨੁਮਾਇੰਦਿਆਂ ’ਤੇ ਮਸਲਾ ਹੱਲ ਕਰਨ ਲਈ ਜ਼ੋਰ ਪਾਉਣਗੇ।
ਇਸ ਮੌਕੇ ਸੂਬਾ ਕੋ-ਕਨਵੀਨਰ ਜਗਸੀਰ ਸਹੋਤਾ, ਜ਼ਿਲ੍ਹਾ ਕਨਵੀਨਰ ਦਵਿੰਦਰ ਸਿੰਘ, ਸਪਿੰਦਰ ਬਰਾੜ ਤੇ ਰਾਜਵੀਰ ਮਾਨ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਾਂਗਰਸੀ ਵਿਧਾਇਕਾਂ ਨੂੰ ਜ਼ਿਲ੍ਹਾ ਕਮੇਟੀਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਪੱਤਰ ਸੌਂਪੇ ਗਏ ਸਨ ਅਤੇ 11 ਜੁਲਾਈ ਨੂੰ ਬਠਿੰਡਾ ਵਿੱਚ ਰੈਲੀ ਕੀਤੀ ਗਈ ਸੀ। ਉਸ ਸਮੇਂ ਵਿਧਾਇਕਾਂ ਨੇ ਮੰਗਾਂ ਦੀ ਪੂਰਤੀ ਲਈ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਸੀ ਕਿ ਉਹ ਮੁੱਖ ਮੰਤਰੀ ਨੂੰ ਪੈਨਸ਼ਨ ਲਈ ਕਹਿਣਗੇ ਪਰ ਮੰਗਾਂ ਨਾ ਮੰਨੀਆਂ ਜਾਣ ਕਾਰਨ ਉਨ੍ਹਾਂ ਵਿੱਚ ਰੋਸ ਹੈ।
ਜ਼ਿਲ੍ਹਾ ਕਮੇਟੀ ਮੈਂਬਰ ਕੁਲਵਿੰਦਰ ਕਟਾਰੀਆ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਡੀਐੱਮਐੱਫ ਆਗੂ ਸਿਕੰਦਰ ਧਾਲੀਵਾਲ, ਹਰਜੀਤ ਸਿੰਘ ਬਾਦਲ ਅਤੇ ਨਰਿੰਦਰ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਨੇ ਪੇਅ ਕਮਿਸ਼ਨ ਦੀ ਲੰਗੜੀ ਰਿਪੋਰਟ ਲਾਗੂ ਕਰ ਕੇ ਮੁਲਾਜ਼ਮਾਂ ਨਾਲ ਵਾਅਦਾਖ਼ਿਲਾਫ਼ੀ ਕੀਤੀ ਹੈ। ਇਸ ਵਿਰੁੱਧ 29 ਅਗਸਤ ਨੂੰ ਲੁਧਿਆਣਾ ’ਚ ਸੂਬਾ ਪੱਧਰੀ ਰੈਲੀ ਕਰ ਕੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਲਈ ਐੱਨਪੀਐੱਸ ਅਧਿਆਪਕਾਂ-ਮੁਲਜ਼ਮਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਤੱਕ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਜ਼ਿਲ੍ਹੇ ਦੇ ਤਿੰਨ ਬਲਾਕਾਂ ਲੰਬੀ, ਮਲੋਟ ਅਤੇ ਗਿੱਦੜਬਾਹਾ-1 ਦੇ ਅਧਿਆਪਕ ਸ਼ਾਮਲ ਹੋਏ। ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਖਿਉਵਾਲੀ ਤੋਂ ਵਿੱਤ ਮੰਤਰੀ ਦੀ ਰਿਹਾਇਸ਼ ਤੱਕ ਤੀਹਰੀ ਨਾਕੇਬੰਦੀ ਸੀ। ਮੁਲਾਜ਼ਮਾਂ ਦੀ ਅਗਵਾਈ ਜ਼ਿਲ੍ਹਾ ਪੱਧਰੀ ਆਗੂ ਰਣਜੀਤ ਬਰਾੜ ਨੇ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly