ਨਗਰ ਕੌਂਸਲ ਦੇ ਈ.ਓ ਖਿਲਾਫ਼ ਧਰਨਾ ਪ੍ਰਦਰਸ਼ਨ 3 ਨਵੰਬਰ ਨੂੰ – ਪੱਬਵਾ / ਸੰਧੂ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਾਫ ਸਾਜਿਸ਼ਾਂ ਰਚਣ ਵਾਲਿਆਂ ਨੂੰ ਆੜੇ ਹੱਥੀਂ ਲਵਾਂਗੇ – ਮੋਰਚਾ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਕਹਿੰਦੇ ਹਨ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਉਸਦਾ ਇੰਤਜ਼ਾਮ ਆੜੇ ਹੱਥੀਂ ਕਰਨਾ ਪੈਂਦਾ ਹੈ। ਇਹਨਾਂ ਸ਼ਬਦਾਂ ਦਾ ਉਚਾਰਣ ਸਰਕਾਰੀ ਸਕੂਲ ਬਚਾਓ ਮੋਰਚਾ ਨੂਰਮਹਿਲ ਦੇ ਸਿਪਾਸਿਲਾਰਾਂ ਵੱਲੋਂ ਨਗਰ ਕੌਂਸਲ  ਨੂਰਮਹਿਲ ਦੇ ਕਾਰਜ ਸਾਧਕ ਅਫਸਰ ਅਤੇ ਹਲਕਾ ਵਿਧਾਇਕ ਇੰਦਰਜੀਤ ਕੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਆਸ ਪਾਸ ਦੇ ਵਸਨੀਕਾਂ ਪ੍ਰਤੀ ਭੈੜੀ ਸੋਚ ਰੱਖਣ ਦੇ ਇਬਜ਼ ਵਿੱਚ ਕਹੇ। ਪੇਂਡੂ ਮਜ਼ਦੂਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਹੰਸ ਰਾਜ ਪੱਬਵਾ ਅਤੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕਿਹਾ ਕਿ ਮੋਰਚੇ ਵੱਲੋਂ ਅਸੀਂ ਲਿਖਤੀ ਤੌਰ ਤੇ ਈ.ਓ ਨੂਰਮਹਿਲ ਅਤੇ ਵਿਧਾਇਕ ਇੰਦਰਜੀਤ ਕੌਰ ਨੂੰ ਮੰਗ ਪੱਤਰ / ਯਾਦ ਪੱਤਰ / ਸ਼ਿਕਾਇਤ ਪੱਤਰ ਦੇ ਚੁੱਕੇ ਹਾਂ ਕਿ ਉਸਾਰੀ ਅਧੀਨ ਸਰਕਾਰੀ ਸਕੂਲ ਦੀਆਂ ਨੀਹਾਂ ਵਿੱਚ ਸ਼ਹਿਰ ਦਾ ਪਾਣੀ ਲਗਾਤਾਰ ਪੈ ਰਿਹਾ ਹੈ ਜਿਸ ਕਾਰਨ ਜਿੱਥੇ ਸਕੂਲ ਦੀ ਇਮਾਰਤ ‘ਤੇ ਖਤਰਾ ਮੰਡਰਾ ਰਿਹਾ ਹੈ ਉੱਥੇ ਸਕੂਲ ਦੇ ਆਸ ਪਾਸ ਰਹਿਣ ਵਾਲੇ ਲੋਕ ਵੀ ਡੇਂਗੂ, ਮਲੇਰਿਆ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪਰ ਈ.ਓ ਨੂਰਮਹਿਲ ਅਤੇ ਵਿਧਾਇਕ ਇੰਦਰਜੀਤ ਕੌਰ ਲੋਕਾਂ ਦੀ ਸਿਹਤ ਸੰਭਾਲ ਅਤੇ ਸਰਕਾਰੀ ਸਕੂਲ ਦੀ ਇਮਾਰਤ ਪ੍ਰਤੀ ਅਤਿਅੰਤ ਲਾਪਰਵਾਹ ਹਨ। ਲੋਕਾਂ ਦੀ ਨੇਕ ਕਮਾਈ ਚੋਂ ਲੱਖਾਂ ਰੁਪਏ ਤਨਖਾਹ ਲੈਣ ਵਾਲਾ ਅਫਸਰ ਅਤੇ ਲੋਕਾਂ ਦੀਆਂ ਵੋਟਾਂ ਨਾਲ ਸੱਤਾ ਦਾ ਸੁੱਖ ਮਾਨਣ ਵਾਲੀ ਵਿਧਾਇਕ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਬਜਾਏ ਅਧਰਮ ਕਮਾ ਰਹੇ ਹਨ। ਇਹਨਾਂ ਗੱਲਾਂ ਤੋਂ ਖਫ਼ਾ ਹੋ ਕੇ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਮਿਤੀ 3 ਨਵੰਬਰ ਦਿਨ ਸ਼ੁਕਰਵਾਰ ਨੂੰ ਈ.ਓ ਕਰਮਿੰਦਰ ਪਾਲ ਸਿੰਘ ਖਿਲਾਫ਼ ਖਾਸ ਤੌਰ ‘ਤੇ ਧਰਨਾ ਮੁਜ਼ਾਹਰਾ ਕੀਤਾ ਜਾਵੇਗਾ। ਜੁਝਾਰੂ ਅਤੇ ਉਸਾਰੂ ਸੋਚ ਵਾਲਿਆਂ ਨੂੰ ਬੇਨਤੀ ਹੈ ਕਿ ਸਰਬੱਤ ਦੇ ਭਲੇ ਲਈ ਮੋਰਚੇ ਦਾ ਡੱਟ ਕੇ ਸਾਥ ਦੇਣ।ਮੋਰਚੇ ਦੀ ਇਸ ਵਿਸ਼ੇਸ਼ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਰਕਲ ਪ੍ਰਧਾਨ ਰਛਪਾਲ ਸਿੰਘ ਗਰਚਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਕਮਲ ਸਿੰਘ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਪੂਰਨ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਨਿਰਮਲ ਸਿੰਘ ਸਿੱਧਮ, ਜਰਨੈਲ ਸਿੰਘ, ਗੁਰਦੀਪ ਸਿੰਘ, ਪਾਲਾ ਸਿੰਘ ਪੱਬਵਾ, ਸਮਾਜ ਸੇਵੀ ਰਵਿੰਦਰ ਭਾਰਦਵਾਜ ਪੱਪੀ ਨੇ ਕਿਹਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਾਫ ਸਾਜਿਸ਼ਾਂ ਰਚਣ ਵਾਲਿਆਂ ਨੂੰ ਆੜੇ ਹੱਥੀਂ ਲਵਾਂਗੇ।ਦੱਸ ਦੇਈਏ ਕਿ ਮੋਰਚੇ ਦੇ ਕਨਵੀਨਰ ਬਾਲ ਕ੍ਰਿਸ਼ਨ ਬਾਲੀ ਡੁੱਬ ਰਹੇ ਸਕੂਲ ਦੀ ਨਈਆ ਬਚਾਉਣ ਲਈ 49 ਦਿਨ ਤੋਂ ਲਗਾਤਾਰ ਧਰਨੇ ‘ਤੇ ਬੈਠੇ ਹਨ ਜਦਕਿ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਇੰਦਰਜੀਤ ਕੌਰ ਅੱਖਾਂ ਮੂੰਦ ਕੇ ਬੈਠੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲਿਆਂ ‘ਚ ਬਲਾਕ ਬਠਿੰਡਾ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ
Next articleਏਕਮ ਪਬਲਿਕ ਸਕੂਲ ਮਹਿਤਪੁਰ ਦੇ ਤਿੰਨ ਅਧਿਆਪਕਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਵਿੱਚ ਜਿੱਤੇ ਗੋਲਡ ਅਤੇ ਸਿਲਵਰ ਮੈਡਲ