ਢਾਹਾਂ ਕਲੇਰਾਂ ਹਸਪਤਾਲ ਦੇ ਮੈਡੀਸਨ ਮਾਹਿਰ ਡਾ. ਵਿਵੇਕ ਗੁੰਬਰ ਨੇ ਵਧੀਆ ਇਲਾਜ ਕਰਕੇ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ 27 ਸਾਲਾ ਨੌਜਵਾਨ ਦਾ ਜੀਵਨ ਬਚਾਇਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਖੁਸ਼ੀ ਭਰੇ ਮਾਹੌਲ ਵਿਚ ਮਰੀਜ਼ ਨੰਦ ਲਾਲ ਪਾਸਵਾਨ, ਡਾਕਟਰ ਵਿਵੇਕ ਗੁੰਬਰ ਤੇ ਹਸਪਤਾਲ ਸਟਾਫ਼।

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲਾਂ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੇਟ, ਬੀ. ਪੀ. ਅਤੇ ਗੁਰਦਿਆਂ ਆਦਿ ਗੰਭੀਰ ਰੋਗਾਂ ਨਾਲ ਪੀੜ੍ਹਤ 27 ਸਾਲ ਦੇ ਨੌਜਵਾਨ ਦਾ ਵਧੀਆ ਇਲਾਜ ਕਰਕੇ ਉਸ ਦੀ ਜਾਨ ਬਚਾਏ ਜਾਣ ਦਾ ਸਮਾਚਾਰ ਹੈ। ਇਸ ਮੌਕੇ ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਸਨ ਮਾਹਿਰ ਡਾ. ਵਿਵੇਕ ਗੁੰਬਰ ਦੇ ਕੋਲ ਬੰਗਾ ਵਿਖੇ ਪੱਲੇਦਾਰੀ ਦਾ ਕੰਮ ਕਰਦੇ ਪਰਵਾਸੀ 27 ਸਾਲਾ ਨੰਦ ਲਾਲ ਪਾਸਵਾਨ ਨੂੰ ਬਹੁਤ ਗੰਭੀਰ ਹਾਲਤ ਵਿਚ ਇਲਾਜ ਲਈ ਲਿਆਂਦਾ ਗਿਆ ਸੀ । ਹਸਪਤਾਲ ਢਾਹਾਂ ਕਲੇਰਾਂ ਵਿਖੇ ਆਉਣ ਤੋਂ ਪਹਿਲਾਂ ਸ਼ਹਿਰ ਦੇ ਹਸਪਤਾਲ ਵਿਚੋਂ ਇਲਾਜ ਕਰਵਾ ਰਿਹਾ ਸੀ ਪਰ ਉਹਨਾਂ ਵੱਲੋ ਹੱਥ ਖੜ੍ਹੇ ਕਰ ਦਿੱਤੇ ਅਤੇ ਮਰੀਜ਼ ਨੂੰ ਚੰਡੀਗੜ੍ਹ ਜਾਂ ਹੋਰ ਵੱਡੇ ਹਸਪਤਾਲ ਲਿਜਾਣ ਲਈ ਕਹਿ ਦਿੱਤਾ ਗਿਆ । ਪਰਿਵਾਰ ਵੱਲੋ ਮਰੀਜ਼ ਨੂੰ ਢਾਹਾਂ ਕਲੇਰਾਂ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾ ਵਿਵੇਕ ਗੁੰਬਰ ਨੇ ਉਸ ਦੀ ਜਾਂਚ ਕੀਤੀ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਸੀ ਅਤੇ ਮਸ਼ੀਨ ਵਿੱਚ ਵੀ ਰਿਕਾਰਡ ਨਹੀਂ ਹੋ ਰਿਹਾ ਸੀ, ਸਾਹ ਲੈਣ ਵਿਚ ਬਹੁਤ ਤਕਲੀਫ ਆ ਰਹੀ ਸੀ। ਸਰੀਰ ਵਿਚ ਇਨਫੈਕਸ਼ਨ ਹੋਣ ਕਰਕੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਆਕਸੀਜਨ ਦਾ ਪੱਧਰ ਘਟਣ ਕਰਕੇ ਮਰੀਜ਼ ਦੀ ਹਾਲਤ ਬਹੁਤ ਦੁਖਦਾਈ ਸੀ । ਡਾ. ਗੁੰਬਰ ਨੇ ਦੱਸਿਆ ਕਿ ਹਸਪਤਾਲ ਵਿਚ ਕਰਵਾਏ ਟੈਸਟਾਂ ਵਿਚ ਪਤਾ ਲੱਗਾ ਕਿ ਮਰੀਜ਼ ਨੂੰ ਬਹੁਤ ਖਤਰਨਾਕ ਪੱਧਰ ਦੀ ਇਨਫੈਕਸ਼ਨ ਹੋਈ ਸੀ। ਡਾਕਟਰ ਸਾਹਿਬ ਨੇ ਅਤਿ ਗੰਭੀਰ ਹਾਲਤ ਕਰਕੇ ਮਰੀਜ਼ ਦੀ ਜਾਨ ਬਚਾਉਣ ਲਈ ਆਈ.ਸੀ.ਯੂ. ਵਿਚ ਦਾਖਲ ਕਰਕੇ ਇਲਾਜ ਕਰਨਾ ਆਰੰਭ ਕੀਤਾ । ਪੰਜ ਦਿਨ ਆਈ.ਸੀ.ਯੂ. ਵਿੱਚ ਡਾਇਲਸਿਸ ਮਸ਼ੀਨਾਂ, ਵੈਂਟੀਲੇਟਰ ਅਤੇ ਹੋਰ ਆਧੁਨਿਕ ਮੈਡੀਕਲ ਯੰਤਰਾਂ ਦੀ ਸਹਾਇਤਾ ਨਾਲ ਇਲਾਜ ਕਰਨ ਤੋਂ ਬਾਅਦ ਐਚ.ਡੀ.ਯੂ. ਵਾਰਡ ਵਿਚ ਤਿੰਨ ਦਿਨ ਇਲਾਜ ਉਪਰੰਤ ਮਰੀਜ਼ ਨੰਦ ਲਾਲ ਪਾਸਵਾਨ ਹੁਣ ਤੰਦਰੁਸਤ ਹੈ ਅਤੇ ਆਪਣੇ ਪਰਿਵਾਰ ਵਿਚ ਖੁਸ਼ੀ ਭਰਿਆ ਜੀਵਨ ਬਿਤਾ ਰਿਹਾ ਹੈ । ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਧੁਨਿਕ ਆਈ. ਸੀ. ਯੂ., ਆਈ. ਸੀ. ਸੀ. ਯੂ., ਆਧੁਨਿਕ ਵੈਂਟੀਲੇਟਰ, ਆਟੋਮੈਟਿਕ ਇੰਜ਼ੈਕਸ਼ਨ ਪੰਪ, ਕਾਰਡੀਅਕ ਮੋਨੀਟਰ ਅਤੇ ਹੋਰ ਨਵੀਨਤਮ ਉਪਕਰਨਾਂ ਨਾਲ ਲੈਸ ਹਨ, ਜਿਸ ਕਰਕੇ ਇੱਥੇ ਹਰ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਵਧੀਆ ਇਲਾਜ ਹੁੰਦਾ ਹੈ । ਮਰੀਜ਼ ਦੀ ਮਾਤਾ ਸ਼ੁਸ਼ੀਲਾ ਦੇਵੀ ਨੇ ਆਪਣੇ ਪਿਆਰੇ ਪੁੱਤਰ ਨੰਦ ਲਾਲ ਪਾਸਵਾਨ ਨੂੰ ਤੰਦਰੁਸਤ ਕਰਨ ਲਈ ਸਮੂਹ ਪਰਿਵਾਰ ਵੱਲੋਂ ਡਾਕਟਰ ਵਿਵੇਕ ਗੁੰਬਰ ਅਤੇ ਸਮੂਹ ਮੈਡੀਕਲ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡੀ.ਐਮ.ਐਸ., ਡਾ. ਵਿਵੇਕ ਗੁੰਬਰ ਮੈਡੀਸਨ ਮਾਹਿਰ, ਡਾ. ਮਨਦੀਪ ਕੌਰ ਮੈਡੀਕਲ ਅਫਸਰ, ਐਮਰਜੈਂਸੀ ਵਾਰਡ ਇੰਚਾਰਜ ਗੁਰਪ੍ਰੀਤ ਕੌਰ ਢਿੱਲੋਂ ਅਤੇ ਨਰਸਿੰਗ ਸਟਾਫ਼ ਵੀ ਹਾਜ਼ਰ ਸੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰੋਟਰੀ ਕਲੱਬ ਬੰਗਾ ਗਰੀਨ ਵਲੋਂ ਦਾਣਾ ਮੰਡੀ ਮਾਹਿਲ ਗਹਿਲਾਂ ਵਿਖੇ ਬੂਟੇ ਲਗਾਕੇ 73ਵਾਂ ਵਣਮਹਾਂਉਤਸਵ ਮਨਾਇਆ
Next articleਬੁੱਧ ਬਾਣ