ਜਮਹੂਰੀ ਅਧਿਕਾਰ ਸਭਾ ਵਲੋਂ ਜ਼ਹਿਰੀਲੀ ਸ਼ਰਾਬ ਕਾਂਡ ਦੀ ਜਾਂਚ ਰਿਪੋਰਟ ਜਾਰੀ

*ਮੌਤਾਂ ਲਈ ਸਰਕਾਰਾਂ ਦੇ ਲੰਮੇ ਸਮੇਂ ਤੋਂ ਚੱਲ ਰਹੇ ਨਜਾਇਜ਼ ਸ਼ਰਾਬ ਦੇ ਧੰਦੇ ਨੂੰ ਬੰਦ ਕਰਨ ਨਾਕਾਮ ਰਹਿਣ ਨੂੰ ਜੁਮੇਵਾਰ ਠਹਿਰਾਇਆ*
 ਸੰਗਰੂਰ  (ਸਮਾਜ ਵੀਕਲੀ) ਬੀਤੇ ਮਾਰਚ ਦੇ ਮਹੀਨੇ ਵਿਚ ਗੁਜਰਾਂ, ਢੰਡੋਲੀ, ਜਖੇਪਲ ਅਤੇ ਟਿੱਬੀ ਰਵੀਦਾਸ ਪੁਰਾ, ਸੁਨਾਮ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਸੰਬੰਧੀ ਜਮਹੂਰੀ ਅਧਿਕਾਰ ਸਭਾ ਵੱਲੋਂ ਗਠਿਤ ਕੀਤੀ ਤੱਥ ਖੋਜ ਕਮੇਟੀ ਨੇ ਕੀਤੀ ਜਾਂਚ ਪੜਤਾਲ ਦੀ ਰਿਪੋਰਟ ਸਭਾ ਦੀ ਜ਼ਿਲ੍ਹਾ ਇਕਾਈ ਸੰਗਰੂਰ ਨੇ ਜਾਰੀ ਕਰ ਦਿੱਤੀ ਹੈ। ਸਭਾ ਦੇ ਆਗੂਆਂ ਸਰਵ ਸ੍ਰੀ ਜਗਜੀਤ ਭੁਟਾਲ, ਕੁਲਦੀਪ ਸਿੰਘ, ਸਵਰਨਜੀਤ ਸਿੰਘ,ਬਿਸੇਸਰ ਰਾਮ ਅਤੇ ਰਘਬੀਰ ਭੁਟਾਲ ਦੇ ਅਧਾਰਤ ਗਠਿਤ ਕੀਤੀ ਕਮੇਟੀ ਨੂੰ ਜਾਂਚ ਪੜਤਾਲ ਕਰਨ ਸਮੇਂ ਸਭਾ ਦੇ ਮੈਂਬਰਾਂ ਲਛਮਣ ਅਲੀਸ਼ੇਰ, ਮਨਪ੍ਰੀਤ ਛਾਜਲੀ ਅਤੇ ਮਾਸਟਰ ਨਿਰਭੈ ਸਿੰਘ ਨੇ ਸਰਗਰਮ ਭੂਮਿਕਾ ਨਿਭਾਈ।ਤੱਥ ਖੋਜ ਕਮੇਟੀ ਵਲੋਂ ਗੁਜਰਾਂ ਢੰਡੋਲੀ ਜਖੇਪਲ ਅਤੇ ਟਿੱਬੀ ਰਵੀਦਾਸ ਪੁਰਾ ਸੁਨਾਮ ਵਿਖੇ ਜਾ ਕੇ ਪੀੜਤ ਪਰਿਵਾਰਾਂ, ਪਿੰਡਾਂ ਦੇ ਲੋਕਾਂ, ਜਨਤਕ ਨੁਮਾਇੰਦਿਆਂ ਅਤੇ ਦੋਸ਼ੀ ਧਿਰ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ, ਨੁਮਾਇੰਦਿਆਂ ਨੂੰ ਮਿਲ ਕੇ ਤੱਥ ਇਕੱਠੇ ਕੀਤੇ। ਇਸ ਤੋਂ ਇਲਾਵਾ ਵੱਖ ਵੱਖ ਥਾਵਾਂ ਤੇ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਘਟਨਾਵਾਂ ਸਬੰਧੀ ਜਾਂਚ ਪੜਤਾਲ ਕੀਤੀ ਗਈ। ਇਹਨਾਂ ਘਟਨਾਵਾਂ ਸਬੰਧੀ ਦਰਜ ਕੀਤੀਆਂ ਐਫ਼ ਆਈ ਆਰ ਨੂੰ ਵੀ ਘੋਖਿਆ ਗਿਆ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਹਨਾਂ ਪਿੰਡਾਂ ਵਿੱਚੋਂ ਮਿਲੀ ਜਾਣਕਾਰੀ ਅਨੁਸਾਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਕੁੱਲ 22ਮੌਤਾਂ ਹੋਈਆਂ ਹਨ। ਅਤੇ 7 ਵਿਆਕਤੀਆਂ ਦੀ ਨਜ਼ਰ ਉਪਰ ਗੰਭੀਰ ਪ੍ਰਭਾਵ ਪਿਆ ਹੈ। ਇਹਨਾਂ ਵਿਆਕਤੀਆਂ ਦੀ ਉਮਰ 25ਸਾਲ ਤੋਂ 70ਸਾਲ ਦਰਮਿਆਨ ਹੈ। ਇਹ ਇਹਨਾਂ ਵਿਚੋਂ ਜ਼ਿਆਦਾਤਰ ਵਿਆਕਤੀਆਂ ਅਨੂਸੂਚਿਤ ਜਾਤੀਆਂ ਜਨਜਾਤੀਆਂ ਨਾਲ ਸੰਬੰਧਿਤ ਹਨ। ਇਹਨਾਂ ਪਾਸ ਮਿਹਨਤ ਮਜ਼ਦੂਰੀ ਬਿਨਾਂ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਹੈ। ਜ਼ਿਆਦਾਤਰ ਦੇ ਪਰਿਵਾਰ ਇੱਕ ਦੋ ਕਮਰਿਆਂ ਵਾਲੇ ਮਕਾਨਾਂ ਵਿਚ ਰਹਿੰਦੇ ਹਨ।
 ਕਮੇਟੀ ਨੇ ਕਿਹਾ ਭਾਵੇਂ ਇਸ ਜ਼ਹਿਰੀਲੀ ਸ਼ਰਾਬ ਨੂੰ ਬਣਾਉਣ ਵਾਲੇ, ਇਸ ਨੂੰ ਅੱਗੇ ਸਪਲਾਈ ਕਰਨ ਵਾਲੇ ਅਤੇ ਪਿੰਡਾਂ ਵਿੱਚ ਵੇਚਣ ਵਾਲੇ ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ। ਪਰ ਇਹ ਸ਼ਰਾਬ ਪਹਿਲੀ ਵਾਰ ਬਣਾ ਕੇ ਹੀ ਸਪਲਾਈ ਕੀਤੀ ਗਈ ਹੈ ਜਦੋਂ ਕਿ ਇਨ੍ਹਾਂ ਪਿੰਡਾਂ ਵਿੱਚ ਇਸ ਨਜਾਇਜ਼ ਸ਼ਰਾਬ ਦਾ ਧੰਦਾ ਪਿਛਲੇ ਅੱਠ ਦਸ ਸਾਲਾਂ ਤੋਂ ਚੱਲ ਰਿਹਾ ਸੀ। ਇਸ ਲਈ ਇਸ ਤੋਂ ਪਹਿਲਾਂ ਸਪਲਾਈ ਕੀਤੀ ਜਾਣ ਵਾਲੀ ਸ਼ਰਾਬ ਨੂੰ ਬਣਾਉਣ ਅਤੇ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਮੁਕੱਦਮੇ ਵਿਚ ਸ਼ਾਮਿਲ ਨਾ ਕਰਕੇ ਨਜਾਇਜ਼ ਸ਼ਰਾਬ ਦੇ ਧੰਦੇ ਦੇ ਵੱਡੇ ਮਾਫੀਆ ਨੂੰ ਹੱਥ ਪਾਉਣ ਤੋਂ ਪਾਸਾ ਵੱਟ ਲਿਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਭਾਵੇਂ ਇਹਨਾਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਵੀ ਕਿਉਂ ਨਾ ਹੋ ਜਾਣ ਪਰ ਸ਼ਰਾਬ ਦੇ ਧੰਦੇ ਦੇ ਵੱਡੇ ਮਹਾਂਰਥੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਤੋਂ ਬਿਨਾਂ ਜ਼ਹਿਰੀਲੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸ਼ਰਾਬ ਬਣਾਉਣ ਵਾਲੇ ਦੋਸ਼ੀ ਵਲੋਂ ਸਹਿਕਾਰੀ ਸੁਸਾਇਟੀ ਵਿਚ ਕੀਤੇ ਕਰੋੜਾਂ ਦੇ ਗ਼ਬਨ ਦੇ ਕੇਸ ਨੂੰ ਮਹਿਕਮਾਨਾ ਅਤੇ ਵਿਜੀਲੈਂਸ ਜਾਂਚ ਪੜਤਾਲਾਂ ਲਮਕਾ ਕੇ ਉਸ ਉਪਰ ਕੋਈ ਕੇਸ ਦਰਜ ਨਾ ਕਰਵਾਉਣ ਅਤੇ ਗ਼ਬਨ ਕੀਤੀ ਰਕਮ ਉਗਰਾਉਣ ਸੰਬੰਧੀ ਠੋਸ ਕਦਮਾਂ ਦੀ ਘਾਟ ਅਤੇ ਉਸ ਵਲੋਂ ਰਚੇ ਲੁੱਟ ਖੋਹ ਦੇ ਡਰਾਮੇ ਨੂੰ ਖੁਰਦ ਬੁਰਦ ਕਰਨ ਦੇ ਵਰਤਾਰੇ ਨੇ ਦੋਸ਼ੀ ਨੂੰ ਅਜਿਹਾ ਘਿਨਾਉਣਾ ਅਪਰਾਧ ਕਰਨ ਲਈ ਉਤਸ਼ਾਹਿਤ ਕੀਤਾ ਹੈ। ਉਹਨਾਂ ਕਿਹਾ ਕਿ ਵੱਡੇ ਵੱਡੇ ਮਾਫੀਆ ਦੇ ਸਰਗਣਿਆਂ ਨੂੰ ਜੇਲ੍ਹਾਂ ਵਿੱਚ ਸੁੱਟਣ ਦੀ ਥਾਂ ਉਨ੍ਹਾਂ ਦੇ ਕਰਿੰਦਿਆਂ ਨੂੰ ਜੇਲ੍ਹਾਂ ਵਿੱਚ ਸੁੱਟਣ ਦੇ ਵਰਤਾਰੇ ਨੇ ਜੇਲ੍ਹਾਂ ਨੂੰ ਜ਼ਰਾਇਮ ਪੇਸ਼ਾ ਲੋਕਾਂ ਦੇ ਟ੍ਰੇਨਿੰਗ ਸੈਂਟਰ ਬਣਾ ਦਿੱਤਾ ਹੈ। ਇਸ ਕਾਂਡ ਵਿਚ ਸ਼ਾਮਿਲ ਦੋਸ਼ੀਆਂ ਨੇ ਵੀ ਜੇਲ ਵਿਚ ਰਹਿ ਕੇ ਇਹ ਧੰਦਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੁਨਾਮ, ਸੰਗਰੂਰ ਦੇ ਸਰਕਾਰੀ ਹਸਪਤਾਲਾਂ ਵਿਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਪੀੜਤਾਂ ਨੂੰ ਇੱਕ ਤੋਂ ਦੂਜੀ ਥਾਂ ਰੈਫਰ ਕਰਨ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਉੱਚ ਪਾਏ ਦੀਆਂ ਸਹੂਲਤਾਂ ਦੀ ਘਾਟ ਨੇਂ ਵੀ ਮੌਤਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਜਾਣਾ ਪਿਆ ਹੈ।ਰਿਪੋਰਟ ਵਿਚ ਜਨਤਕ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਵਲੋ ਪੀੜ੍ਹਤਾਂ ਲਈ ਸੰਘਰਸ਼ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹਾ ਕਰਨ ਕਰਕੇ ਹੀ ਲੋਕਾਂ ਨੂੰ ਕੁਝ ਸਿਹਤ ਸਹੂਲਤਾਂ, ਮੁਆਵਜ਼ਾ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਸੰਭਵ ਹੋਈ ਹੈ। ਸਭਾ ਨੇ ਸ਼ਰਾਬ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ, ਪੀੜਤ ਪਰਿਵਾਰਾਂ ਦੇ ਰੁਜ਼ਗਾਰ/ਗੁਜ਼ਾਰੇ ਦੇ ਯੋਗ ਪ੍ਰਬੰਧ ਕਰਨ, ਬੇਸਹਾਰਾ ਹੋਏ ਪਰਿਵਾਰਾਂ ਨੂੰ ਗੁਜ਼ਾਰਾ ਭੱਤੇ ਦੇਣ, ਨਜਾਇਜ਼ ਸ਼ਰਾਬ ਤੇ ਹੋਰ ਨਸ਼ਿਆਂ ਸਮੇਤ ਵੱਖ ਵੱਖ ਖੇਤਰਾਂ ਵਿਚ ਸਰਗਰਮ ਵੱਡੀ ਪੱਧਰ ਤੇ ਨਜਾਇਜ਼ ਧੰਦੇ ਕਰਨ ਵਾਲੇ ਮਾਫ਼ੀਏ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ ਅਤੇ ਉਹਨਾਂ ਲਈ ਹੇਠਲੇ ਪੱਧਰ ਤੇ ਕੰਮ ਕਰਦੇ ਕਰਿੰਦਿਆਂ ਲਈ ਬਦਲਵੇਂ ਰੁਜ਼ਗਾਰ ਦਾ ਪ੍ਰਬੰਧ ਕਰਕੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇ। ਜ਼ਿਲ੍ਹਾ ਪੱਧਰੀ ਹਸਪਤਾਲਾਂ ਵਿਚ ਉਚ ਪੱਧਰੀ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ। ਪ੍ਰਾਈਵੇਟ ਤੌਰ ਤੇ ਇਲਾਜ ਕਰਵਾਉਣ ਵਾਲੇ ਪੀੜ੍ਹਤਾਂ ਦੇ ਇਲਾਜ ਦੇ ਖਰਚੇ ਦੀ ਪ੍ਰਤੀਪੂਰਤੀ ਕੀਤੀ ਜਾਵੇ।  ਰਿਪੋਰਟ ਜਾਰੀ ਕਰਨ ਸਮੇਂ  ਤੱਥ ਖੋਜ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਜ਼ਿਲ੍ਹਾ ਆਗੂ ਅਮਰੀਕ ਸਿੰਘ, ਦਰਸ਼ਨ ਸਿੰਘ ਕੁਨਰਾਂ, ਹਰਗੋਬਿੰਦ ਸਿੰਘ, ਕੁਲਵਿੰਦਰ ਬੰਟੀ,ਇਨਜਿੰਦਰ ਅਤੇ ਵਿਸ਼ਵ ਕਾਂਤ ਮੌਜੂਦ ਸਨ।
ਜਾਰੀ ਕਰਤਾ: ਕੁਲਦੀਪ ਸਿੰਘ ਜ਼ਿਲ੍ਹਾ ਸਕੱਤਰ 9888123403
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਰੋਪੜ ਇਕਾਈ ਵੱਲੋਂ ਜ਼ਰੂਰਤਮੰਦਾ ਨੂੰ ਚੈੱਕ ਤਕਸੀਮ ਕੀਤੇ ਗਏ
Next articleਹੰਸ ਰਾਜ ਹੰਸ ਦੇ ਧਮਕੀਆਂ ਭਰੇ ਬਿਆਨਾਂ ਖ਼ਿਲਾਫ਼ ਪਲਸ ਮੰਚ ਵੱਲੋਂ ਆਵਾਜ਼ ਬੁਲੰਦ ਕਰਨ ਦਾ ਸੱਦਾ