ਜਮਹੂਰੀ ਅਧਿਕਾਰ ਸਭਾ ਨੇ ਕੌਮੀ ਜਾਂਚ ਏਜੰਸੀ ਵੱਲੋਂ ਲੋਕਪੱਖੀ ਵਕੀਲਾਂ ਅਤੇ ਜਮਹੂਰੀ ਕਾਰਕੁਨਾਂ ਦੇ ਘਰਾਂ ਵਿਚ ਛਾਪੇਮਾਰੀ ਦਾ ਵਿਰੋਧ ਦਾ ਦਿੱਤਾ ਸੱਦਾ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜਮਹੂਰੀ ਅਧਿਕਾਰ ਸਭਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਯੂ.ਪੀ ਵਿਚ ਲੋਕ ਪੱਖੀ ਵਕੀਲਾਂ, ਜਮਹੂਰੀ ਜਥੇਬੰਦੀਆਂ ਦੇ ਘਰਾਂ ਵਿੱਚ ਕੌਮੀ ਜਾਂਚ ਏਜੰਸੀ ਵਲੋਂ ਮਾਰੇ ਗਏ ਛਾਪਿਆਂ ਨੂੰ ਦਮਨਕਾਰੀ ਕਰਾਰ ਦਿੰਦਿਆਂ ਇਸਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। ਜਮਹੂਰੀ ਅਧਿਕਾਰ ਸਭਾ ਦੇ ਜਿਲਾ ਸ਼ਹੀਦ ਭਗਤ ਸਿੰਘ ਦੇ ਸਕੱਤਰ ਜਸਬੀਰ ਦੀਪ, ਜਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਅਤੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਮਹਿਮੂਦ ਪੁਰ ਨੇ ਐਡਵੋਕੇਟ ਮਨਦੀਪ, ਐਡਵੋਕੇਟ ਆਰਤੀ ਤੇ ਐਡਵੋਕੇਟ ਅਜੇ ਕੁਮਾਰ ਦੇ ਘਰਾਂ, ਪੰਜਾਬ ਵਿਚ ਕਿਸਾਨ ਆਗੂ ਸੁਖਵਿੰਦਰ ਕੌਰ ਰਾਮਪੁਰਾ ਦੇ ਘਰ ਵਿਚ ਐੱਨਆਈਏ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸੇ ਦੀ ਕੜੀ ਵਜੋਂ ਅੱਜ ਹਰਿਆਣਾ ਤੋਂ ਉੱਘੇ ਜਮਹੂਰੀ ਕਾਰਕੁਨ ਐਡਵੋਕੇਟ ਪੰਕਜ ਤਿਆਗੀ ਦੇ ਘਰ ਛਾਪੇਮਾਰੀ ਕੀਤੀ ਗਈ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਸੋਨੀਪਤ ਦੇ ਥਾਣੇ ਵਿਚ ਲਿਜਾਇਆ ਗਿਆ ਹੈ। ਇਲਾਹਾਬਾਦ ਵਿਚ ਇਨਕਲਾਬੀ ਛਾਤਰ ਮੋਰਚਾ ਦੇ ਪ੍ਰਧਾਨ ਦਵਿੰਦਰ ਆਜ਼ਾਦ ਦੇ ਕਮਰੇ ਵਿਚ ਛਾਪੇਮਾਰੀ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਹਰ ਉਸ ਤਾਕਤ ਨੂੰ ਨਿਸ਼ਾਨਾ ਬਣਾ ਰਹੀ ਹੈ, ਜੋ ਹਕੂਮਤ ਦੀਆਂ ਲੋਕਵਿਰੋਧੀ ਨੀਤੀਆਂ ਉੱਤੇ ਸਵਾਲ ਖੜ੍ਹੇ ਕਰਦਾ ਹੈ ਜਾਂ ਜਿਹੜੀ ਲੋਕ ਹਿੱਤਾਂ ਲਈ ਅਤੇ ਇਸ ਗ਼ੈਰਜਮਹੂਰੀ, ਤਾਨਾਸ਼ਾਹ ਰਾਜ ਨੂੰ ਬਦਲਣ ਲਈ ਯਤਨਸ਼ੀਲ ਹੈ। ਜਮਹੂਰੀ ਵਿਰੋਧ ਨੂੰ ਦਹਿਸ਼ਤਜ਼ਦਾ ਕਰਨ ਅਤੇ ਲੋਕਪੱਖੀ ਜਮਹੂਰੀ ਆਵਾਜ਼ਾਂ ਨੂੰ ਕੁਚਲਣ ਲਈ ਐੱਨਆਈਏ ਨੂੰ ਹਥਿਆਰ ਬਣਾਇਆ ਗਿਆ ਹੈ। ਸਾਨੂੰ ਸਾਰਿਆਂ ਨੂੰ ਇਹਨਾਂ ਤਾਨਾਸ਼ਾਹ ਕਾਰਵਾਈਆਂ ਦਾ ਗੰਭੀਰ ਨੋਟਿਸ ਲੈਣਾ ਬਣਦਾ ਹੈ। ਉਹਨਾਂ ਮੰਗ ਕੀਤੀ ਕਿ ਲੋਕਪੱਖੀ ਬੁੱਧੀਜੀਵੀਆਂ, ਵਕੀਲਾਂ ਅਤੇ ਜਮਹੂਰੀ ਕਾਰਕੁਨਾਂ ਵਿਰੁੱਧ ਐੱਨਆਈਏ ਨੂੰ ਹਥਿਆਰ ਬਣਾ ਕੇ ਵਰਤਣਾ ਬੰਦ ਕੀਤਾ ਜਾਵੇ। ਨਾਗਰਿਕਾਂ ਦੇ ਸੰਘਰਸ਼ ਕਰਨ ਅਤੇ ਸੱਤਾ ਦੀਆਂ ਨੀਤੀਆਂ ਵਿਰੁੱਧ ਆਵਾਜ਼ ਉਠਾਉਣ ਅਤੇ ਆਪਣੇ ਹੱਕਾਂ ਲਈ ਲੜਨ ਦੇ ਜਮਹੂਰੀ ਅਧਿਕਾਰ ਉੱਪਰ ਹਮਲੇ ਬੰਦ ਕੀਤੇ ਜਾਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਹੋਵੇਗਾ ਕੀਰਤਨ
Next articleਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਸ਼ੇਰਗੜ੍ਹ ’ਚ ਸਟੇਡੀਅਮ ਦੇ ਨਵੀਨੀਕਰਨ ਦੀ ਕਰਵਾਈ ਸ਼ੁਰੂਆਤ ਕਿਹਾ, ਪੰਜਾਬ ’ਚ ਖੇਡਾਂ ਦੇ ਨਵੇਂ ਯੁੱਗ ਦੀ ਹੋਈ ਹੈ ਸ਼ੁਰੂਆਤ