ਸੰਸਦ ਵੱਲ ਮਾਰਚ ਕਰਦੇ ਪਹਿਲਵਾਨਾਂ ਉਤੇ ਅਣਮਨੁੱਖੀ ਜਬਰ ਕਰਨ ਵਾਲੇ ਪੁਲੀਸ ਮੁਲਾਜਮਾਂ ਅਤੇ ਅਧਿਕਾਰੀਆਂ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਕੀਤੀ ਮੰਗ

ਮੁੱਖ ਮੁਲਜ਼ਮ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਵੀ ਕੀਤੀ ਜ਼ੋਰਦਾਰ ਮੰਗ

ਮਾਸਟਰ ਪਰਮਵੇਦ  (ਸਮਾਜ ਵੀਕਲੀ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸੰਸਦ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਉਤੇ ਦਿੱਲੀ ਪੁਲਿਸ ਵਲੋਂ ਬੇਤਹਾਸ਼ਾ ਜਬਰ ਕਰਨ , ਗ੍ਰਿਫਤਾਰ ਕਰਨ ਅਤੇ ਧੱਕੇ ਨਾਲ ਤੰਬੂ ਪੁੱਟ ਕੇ ਧਰਨਾ ਖਤਮ ਕਰਵਾਉਣ ਦੀ ਤਾਨਾਸ਼ਾਹੀ ਕਾਰਵਾਈ ਨੂੰ ਭਾਰਤੀ ਲੋਕਤੰਤਰ , ਜਮਹੂਰੀਅਤ ਦੀ ਹੱਤਿਆ ਕਰਾਰ ਦਿੰਦਿਆਂ ਦੋਸ਼ੀ ਪੁਲਿਸ ਮੁਲਾਜਮਾਂ ਅਤੇ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ ਅਤੇ ਮੁੱਖ ਮੁਲਜ਼ਮ ਬ੍ਰਿਜ ਭੂਸ਼ਨ ਸ਼ਰਨ ਸਿੰਘ ਅਤੇ ਹੋਰਨਾਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਕੇਂਦਰ ਸਰਕਾਰ ਤੋਂ ਦੁਬਾਰਾ ਮੰਗ ਕੀਤੀ ਹੈ।

ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ , ਸੀਤਾ ਰਾਮ, ਸੁਰਿੰਦਰ ਪਾਲ,ਚਰਨ ਕਮਲ ਸਿੰਘ, ਜਸਦੇਵ ਸਿੰਘ, ਰਘਵੀਰ ਸਿੰਘ,ਧਰਮਵੀਰ ਸਿੰਘ ਨੇ ਇੱਕ ਪ੍ਰੈਸ ਮਿਲਣੀ ਵਿੱਚ ਕੌਮਾਂਤਰੀ ਮੈਡਲ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੂੰ ਪੈਰਾਂ ਹੇਠ ਦਰੜਨ ਅਤੇ ਹੋਰਨਾਂ ਉਤੇ ਜਬਰ ਕਰਨ ਦੀ ਵਹਿਸ਼ੀ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ । ਉਨ੍ਹਾਂ ਕਿਹਾ ਮੋਦੀ ਸਰਕਾਰ ਮੁੱਖ ਮੁਲਜ਼ਮ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਬਜਾਇ ਉਲਟਾ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਪਹਿਲਵਾਨਾਂ ਉਤੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨਾਲ ਅੱਤਵਾਦੀਆਂ ਵਾਂਗ ਸਲੂਕ ਕਰ ਰਹੀ ਹੈ ਅਤੇ ਦੇਸ਼ ਵਿੱਚੋਂ ਜਮਹੂਰੀਅਤ ਖਤਮ ਕਰਨ ਦੀਆਂ, ਲੋਕ ਵਿਰੋਧੀ ਸਾਜਿਸ਼ਾਂ ਕਰ ਰਹੀ ਹੈ ,ਜਿਨ੍ਹਾਂ ਨੂੰ ਕਿਸੇ ਵੀ ਕੀਮਤ ਉਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ।

ਤਰਕਸ਼ੀਲ਼ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਬੇਟੀ ਪੜਾਓ ਬੇਟੀ ਬਚਾਓ” ਦੇ ਸਿਆਸੀ ਜੁਮਲੇ ਦਾ ਪਰਦਾਫਾਸ਼ ਕਰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਨਵੀਂ ਸੰਸਦ ਇਮਾਰਤ ਦੇ ਉਦਘਾਟਨ ਵਾਲੇ ਦਿਨ ਹੀ ਦਿੱਲੀ ਪੁਲੀਸ ਰਾਹੀਂ ਔਰਤ ਪਹਿਲਵਾਨਾਂ ਉਤੇ ਘੋਰ ਤਸ਼ੱਦਦ ਕਰਵਾ ਕੇ ਖ਼ੁਦ ਮੋਦੀ ਸਰਕਾਰ ਵਲੋਂ ਦਾਅਵਾ ਕੀਤੇ ਜਾਂਦੇ 140 ਕਰੋੜ ਲੋਕਾਂ ਦੇ ਅਖੌਤੀ ਲੋਕਤੰਤਰ ਅਤੇ ਉਨ੍ਹਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਦਾ ਸ਼ਰੇਆਮ ਅਪਮਾਨ ਕੀਤਾ ਹੈ ਅਤੇ ਦੇਸ਼ ਨੂੰ ਕੌਮਾਂਤਰੀ ਪੱਧਰ ਤੇ ਸ਼ਰਮਸਾਰ ਕੀਤਾ ਹੈ।

ਇਸ ਮੌਕੇ ਤਰਕਸ਼ੀਲ ਆਗੂਆਂ ਨੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਬ੍ਰਿਜ ਭੂਸ਼ਨ ਦੇ ਖਿਲਾਫ ਪੋਕਸੋ ਐਕਟ ਤਹਿਤ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਦਿੱਲੀ ਪੁਲਿਸ ਵਲੋਂ ਉਸਨੂੰ ਅਖੌਤੀ ਜਾਂਚ ਦੇ ਨਾਮ ਹੇਠ ਜਾਣ ਬੁੱਝ ਕੇ ਗ੍ਰਿਫ਼ਤਾਰ ਨਾ ਕਰਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਉਸਦੇ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਦਰਜਨਾਂ ਗੰਭੀਰ ਅਪਰਾਧਿਕ ਮਾਮਲੇ ਦਰਜ ਹੋਣ ਦੇ ਬਾਵਜੂਦ ਮੋਦੀ ਸਰਕਾਰ ਵਲੋਂ ਉਸਨੂੰ ਬਚਾਉਣ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ।

ਤਰਕਸ਼ੀਲ ਸੁਸਾਇਟੀ ਨੇ ਪੰਜਾਬ ਸਮੇਤ ਦੇਸ਼ ਭਰ ਦੀਆਂ ਲੋਕ ਪੱਖੀ, ਜਮਹੂਰੀ ਅਤੇ ਇਨਸਾਫ ਪਸੰਦ ਜਨਤਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਕ ਸਾਂਝੇ ਮੰਚ ਹੇਠ ਇਕਜੁੱਟ ਹੋ ਕੇ ਔਰਤ ਪਹਿਲਵਾਨਾਂ, ਨਾਮਵਰ ਸਮਾਜਿਕ ਕਾਰਕੁਨ ਡਾ.ਨਵਸ਼ਰਨ ਅਤੇ ਜੇਲ੍ਹਾਂ ਵਿੱਚ ਨਜਰਬੰਦ ਹੋਰਨਾਂ ਬੁੱਧੀਜੀਵੀਆਂ ਨੂੰ ਇਨਸਾਫ਼ ਦਿਵਾਉਣ ਲਈ ਅਤੇ ਮੋਦੀ ਸਰਕਾਰ ਵਲੋਂ ਦੇਸ਼ ਵਿਚ ਖਤਮ ਕੀਤੀ ਜਾ ਰਹੀ ਜਮਹੂਰੀਅਤ,ਸੰਵਿਧਾਨ ਅਤੇ ਧਰਮ ਨਿਰਪੱਖਤਾ ਦੀ ਰਾਖੀ ਲਈ ਕਿਸਾਨ ਅੰਦੋਲਣ ਵਾਂਗ ਫੈਸਲਾਕੁੰਨ ਸੰਘਰਸ਼ ਕੀਤਾ ਜਾਵੇ।
ਸੀਤਾ ਰਾਮ ਸੰਗਰੂਰ,ਚਰਨ ਕਮਲ ਸਿੰਘ, ਸੁਰਿੰਦਰ ਪਾਲ, ਜਸਦੇਵ ਸਿੰਘ, ਧਰਮਵੀਰ ਸਿੰਘ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleClashes erupt as Chinese Muslims protest to save mosque Yunnan
Next articleIndian priest gets jail for pawning temple jewellery in Singapore