ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਬਰਤਾਨੀਆ ਤੇ ਅਮਰੀਕਾ ਦੇ ਵਿਕਾਸ ਮਾਡਲ ਦੇ ਆਧਾਰ ’ਤੇ ਦਿੱਲੀ ਵਿੱਚ ਨੀਤੀਆਂ ਬਣਾ ਰਹੀ ਹੈ। ਕਿਸੇ ਵੀ ਦੇਸ਼ ਦੇ ਵਿਕਾਸ ਲਈ ਮਿਆਰੀ ਸਿਹਤ ਸੰਭਾਲ ਤੇ ਸਿੱਖਿਆ ਬਹੁਤ ਮਹੱਤਵਪੂਰਨ ਹੁੰਦੀ ਹੈ, ਇਸ ਕਰ ਕੇ ਵਿਕਸਿਤ ਦੇਸ਼ ਵਿਕਾਸ ਕਰਨ ਦੇ ਯੋਗ ਹੋਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਸਮਰਪਿਤ ਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਮਾਡਲ ਨੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਲਈ ਜਾਗਰੂਕ ਕੀਤਾ ਹੈ। ਸ੍ਰੀ ਜੈਨ ਨੇ ਅਲੀਪੁਰ ਪਿੰਡ ਨਰੇਲਾ ਵਿਚ ਇੱਕ ਬਹੁ-ਮੰਤਵੀ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ।
ਮਿਆਰੀ ਸਿਹਤ ਸੰਭਾਲ ਤੇ ਹੋਰ ਸਹੂਲਤਾਂ ਲਈ ਦਿੱਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਸ੍ਰੀ ਜੈਨ ਨੇ ਕਿਹਾ ਕਿ ਬਰਤਾਨੀਆ ਅਤੇ ਅਮਰੀਕਾ ਵਿਕਾਸ ਮਾਡਲ ਸਿਰਫ਼ ਸ਼ਾਨਦਾਰ ਸਿੱਖਿਆ ਤੇ ਸਿਹਤ ਸੰਭਾਲ ਦੇ ਕਾਰਨ ਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਚੀਜ਼ ਦ੍ਰਿੜ ਇੱਛਾਸ਼ਕਤੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ, ਕੋਈ ਵੀ ਕੰਮ ਅਸੰਭਵ ਨਹੀਂ ਹੈ, ਸਿਰਫ਼ ਵਚਨਬੱਧਤਾ ਦੀ ਲੋੜ ਹੈ ਜੋ ਪਿਛਲੀਆਂ ਸਰਕਾਰਾਂ ਨੇ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਰਾਜਨੇਤਾ ਦੇਸ਼ ਦੀ ਤਰੱਕੀ ਲਈ ਚੁਣੇ ਜਾਂਦੇ ਹਨ ਤੇ ਉਨ੍ਹਾਂ ਦੀ ਸੇਵਾ ਵਿੱਚ ਨਿਰਸਵਾਰਥ ਹੋਣਾ ਜ਼ਰੂਰੀ ਹੈ। ਸਾਡੇ ਭ੍ਰਿਸ਼ਟਾਚਾਰ ਮੁਕਤ ਤੇ ਲੋਕ ਸਮਰਪਿਤ ਸ਼ਾਸਨ ਮਾਡਲ ਨੇ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਸਿਹਤ ਸੰਭਾਲ ਵਰਗੇ ਆਪਣੇ ਅਧਿਕਾਰਾਂ ਲਈ ਜਾਗਰੂਕ ਕੀਤਾ ਹੈ।
ਉਨ੍ਹਾਂ ਕਿਹਾ,‘‘ਦਿੱਲੀ ਸਰਕਾਰ ’ਤੇ ਮੁਫ਼ਤ ਸੇਵਾਵਾਂ ਦੀ ਰਾਜਨੀਤੀ ਕਰਨ ਦਾ ਦੋਸ਼ ਹੈ। ਅਸੀਂ ਪੁੱਛਦੇ ਹਾਂ ਕਿ ਜੇ ਅਸੀਂ ਲੋਕਾਂ ਦੇ ਪੈਸੇ ਦੀ ਸਮਝਦਾਰੀ ਨਾਲ ਵਰਤੋਂ ਕਰ ਕੇ ਲੋਕਾਂ ਨੂੰ ਮੁਫ਼ਤ ਤੇ ਮਿਆਰੀ ਸੇਵਾਵਾਂ ਦੇ ਰਹੇ ਹਾਂ ਤਾਂ ਕੀ ਇਹ ਲਾਭਦਾਇਕ ਨਹੀਂ ਹੈ, ਸਰਕਾਰ ਨੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਹੈ ਤੇ ਸਰਕਾਰ ਲੋਕਾਂ ਦੀ ਭਲਾਈ ਲਈ ਢੁੱਕਵੀਆਂ ਨੀਤੀਆਂ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly