(ਸਮਾਜ ਵੀਕਲੀ)
ਜਦੋਂ ਕੋਈ ਧਨਾਢ ਵਿਉਪਾਰੀ ਕਿਸੇ ਨਿੱਤ ਵਰਤੋਂ ਵਿੱਚ ਆਉਣ ਵਾਲੀ ਜ਼ਰੂਰੀ ਚੀਜ਼ ਨੂੰ ਸਸਤੇ ਭਾਅ ਖਰੀਦ ਕੇ ਮਹਿੰਗੇ ਭਾਅ ਵੇਚਣ ਲਈ ਜ਼ਖੀਰੇਬਾਜ਼ੀ ਕਰਦਾ ਹੈ , ਤਾਂ ਆਮ ਲੋਕਾਂ ਦੇ ਮਨਾਂ ਵਿੱਚ ਉਹਦੇ ਪ੍ਰਤੀ ਗੁੱਸਾ ਅਤੇ ਨਫਰਤ ਪਨਪਦੀ ਹੈ, ਜੋ ਲਾਜ਼ਮੀ ਵੀ ਹੈ ।
ਪਰ ਜਦੋਂ ਅਸੀਂ ਖੁਦ ਆਉਣ ਵਾਲੇ ਦਿਨਾਂ ਦੀ ਦਹਿਸ਼ਤ ਕਾਰਨ ਕਿਸੇ ਨਿੱਤ ਵਰਤੋਂ ਦੀ ਚੀਜ਼ ਦੀ ਜ਼ਖੀਰੇਬਾਜ਼ੀ ਕਰਦੇ ਹਾਂ ਤਾਂ ਉਹਨੂੰ ਜਾਇਜ਼ ਮੰਨਦੇ ਹਾਂ , ਜਦਕਿ ਸਾਡੀ ਇੰਸ ਹਰਕਤ ਨਾਲ ਵੀ ਕਈਆਂ ਜ਼ਰੂਰਤਮੰਦਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ।
ਤਿੰਨ ਕੁ ਵਰ੍ਹੇ ਪਹਿਲਾਂ ਕੋਰੋਨਾ ਕਾਲ ਵੇਲੇ ਵੀ ਕਿਸੇ ਨੇ ਹੋਮਿਓਪੈਥਿਕ ਦਵਾਈ #Aspidosperminum q ਬਾਰੇ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਪਾ ਦਿੱਤੀ ਸੀ ਕਿ ਇਹਦੇ ਨਾਲ ਫੇਫੜਿਆਂ ਵਿੱਚ ਘਟੀ ਆਕਸੀਜ਼ਨ ਬਹੁਤ ਜਲਦੀ ਪੂਰੀ ਹੁੰਦੀ ਹੈ ਬੇਸ਼ੱਕ ਉਸ ਬੰਦੇ ਨੂੰ ਹੋਮਿਓਪੈਥੀ ਬਾਰੇ ਕੋਈ ਜਾਣਕਾਰੀ ਨਹੀਂ ਸੀ । ਉਹਦੇ ਮਗਰ ਲੱਗ ਕੇ ਉਹਨਾਂ ਲੋਕਾਂ ਨੇ ਵੀ ਉਪਰੋਕਤ ਦਵਾਈ ਖਰੀਦਣੀ ਅਤੇ ਉਹ ਵੀਡੀਓ ਅੱਗੇ ਦੀ ਅੱਗੇ ਭੇਜਣੀ ਧੜਾਧੜ ਸ਼ੁਰੂ ਕਰ ਦਿੱਤੀ ।
ਇਸ ਭੇਡਚਾਲ ਦਾ ਅਸਰ ਇਹ ਹੋਇਆ ਕਿ ਲੋਕਾਂ ਨੇ ਬੇਮਤਲਬ ਇਹ ਦਵਾਈ ਖਰੀਦ ਲਈ ਅਤੇ ਪੂਰੇ ਦੇਸ਼ ਵਿੱਚ ਹੋਮਿਓਪੈਥਿਕ ਵਾਲਿਆਂ ਕੋਲ ਇਹ ਦਵਾਈ ਖਤਮ ਹੋ ਗਈ , ਜਿਸ ਕਾਰਨ ਬਹੁਤ ਸਾਰੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਉੱਤੇ ਇੰਸ ਦਵਾਈ ਦੇ ਖਤਮ ਹੋਣ ਦੀਆਂ ਤਖਤੀਆਂ ਲਿਖ ਕੇ ਲਗਾਉਣੀਆਂ ਪਈਆਂ । ਇਸ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਉਹਨਾਂ ਲੋਕਾਂ ਨੂੰ ਭੁਗਤਣਾ ਪਿਆ ਜਿਹਨਾਂ ਨੂੰ ਆਪਣੀ ਬਿਮਾਰੀ ਕਾਰਨ ਉਸ ਦਵਾਈ ਦੀ ਜ਼ਰੂਰਤ ਸੀ ।
ਇਸ ਵਾਰ ਸਾਲ ਚੜ੍ਹਦੇ ਹੀ Hit and run law ਦੇ ਕਾਰਨ ਡਰਾਈਵਰਾਂ ਦੀ ਹੜਤਾਲ ਤੋਂ ਡਰਦੇ ਲੋਕਾਂ ਨੇ ਪੈਟਰੋਲ ਪੰਪਾਂ ਵੱਲ ਤੇਲ ਖਰੀਦਣ ਲਈ ਹੱਲਾ ਬੋਲ ਦਿੱਤਾ । ਜਿਹੜਾ ਬੰਦਾ ਸੌ ਦੋ ਸੌ ਤੋਂ ਵੱਧ ਕਦੇ ਤੇਲ ਨਹੀਂ ਸੀ ਪਵਾਉਂਦਾ ਉਹ ਵੀ ਕੈਨੀਆਂ ਟੰਗ ਕੇ ਕਤਾਰ ਵਿੱਚ ਜਾ ਖੜਾ ਹੋਇਆ , ਜਿਸ ਕਾਰਨ ਜ਼ਰੂਰਤਮੰਦ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ ਅਤੇ ਕਈ ਪੰਪਾਂ ਉੱਤੇ ਬਹੁਤ ਜਲਦੀ ਹੀ ਤੇਲ ਖਤਮ ਹੀ ਹੋ ਗਿਆ । ਸਾਡੇ ਲੋਕਾਂ ਦਾ ਸਬਰ ਸੰਤੋਖ ਪਤਾ ਨਹੀਂ ਕਿਉਂ ਇੰਨੀ ਜਲਦੀ ਖਤਮ ਹੋ ਜਾਂਦਾ ਹੈ।
ਡਾ ਇੰਦਰਜੀਤ ਕਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly