ਦੀਪ ਸਿੱਧੂ ਅਤੇ ਹੋਰ ਮੁਲਜ਼ਮਾਂ ਨੂੰ 29 ਨੂੰ ਪੇਸ਼ ਹੋਣ ਦੇ ਹੁਕਮ

ਨਵੀਂ ਦਿੱਲੀ (ਸਮਾਜ ਵੀਕਲੀ):  ਗਣਤੰਤਰ ਦਿਵਸ ’ਤੇ ਹੋਈ ਹਿੰਸਾ ਦੇ ਕੇਸ ’ਚ ਅਦਾਕਾਰ ਦੀਪ ਸਿੱਧੂ ਅਤੇ ਹੋਰਾਂ ਖ਼ਿਲਾਫ਼ ਦਾਖ਼ਲ ਪੂਰਕ ਚਾਰਜਸ਼ੀਟ ਦਾ ਨੋਟਿਸ ਲੈਂਦਿਆ ਇਥੋਂ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ 29 ਜੂਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਜੁਡੀਸ਼ਲ ਹਿਰਾਸਤ ’ਚ ਮਨਿੰਦਰ ਸਿੰਘ ਅਤੇ ਖੇਮਪ੍ਰੀਤ ਸਿੰਘ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ। ਦੋਹਾਂ ਨੂੰ ਛੱਡ ਕੇ ਬਾਕੀ ਦੇ ਹੋਰ ਮੁਲਜ਼ਮ ਜ਼ਮਾਨਤ ’ਤੇ ਹਨ। ਜੱਜ ਨੇ ਕਿਹਾ ਕਿ ਅਦਾਲਤ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਨਾਲ ਸਬੰਧਤ ਚਾਰਜਸ਼ੀਟ ਦਾ ਨੋਟਿਸ ਲੈ ਰਹੀ ਹੈ। ਮਹਾਮਾਰੀ ਰੋਗ ਐਕਟ, ਆਫ਼ਤ ਪ੍ਰਬੰਧਨ ਐਕਟ ਅਤੇ ਆਰਮਜ਼ ਐਕਟ ਤਹਿਤ ਕੇਸ ਚਲਾਉਣ ਲਈ ਸਬੰਧਤ ਅਧਿਕਾਰੀਆਂ ਤੋਂ ਪ੍ਰਵਾਨਗੀ ਦੀ ਉਡੀਕ ਕੀਤੀ ਜਾ ਰਹੀ ਹੈ।

ਪੁਲੀਸ ਨੇ 17 ਜੂਨ ਨੂੰ ਪੂਰਕ ਚਾਰਜਸ਼ੀਟ ਦਾਖ਼ਲ ਕੀਤੀ ਸੀ। ਆਪਣੀ ਅੰਤਿਮ ਰਿਪੋਰਟ ’ਚ ਜਾਂਚ ਅਧਿਕਾਰੀ ਨੇ ਗੰਭੀਰ ਤੌਰ ’ਤੇ ਜ਼ਖ਼ਮੀ ਹੋਏ ਗਵਾਹਾਂ ਜਾਂ ਜਿਨ੍ਹਾਂ ਦੇ ਹਥਿਆਰ ਖੋਹੇ ਗਏ ਸਨ, ਦੇ ਨਾਮ ਸ਼ਾਮਲ ਕੀਤੇ ਹਨ। ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਸਿੱਧੂ ਅਤੇ 15 ਹੋਰਾਂ ਖ਼ਿਲਾਫ਼ 17 ਮਈ ਨੂੰ 3,224 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਪੁਲੀਸ ਨੇ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਹਿੰਸਾ ਲਈ ਸਿੱਧੂ ਨੂੰ ਮੁੱਖ ਦੋਸ਼ੀ ਕਰਾਰ ਦਿੰਦਿਆਂ 9 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਜੇਲ੍ਹ ’ਚ ਰਿਹਾ ਸੀ ਅਤੇ 17 ਅਪਰੈਲ ਨੂੰ ਜ਼ਮਾਨਤ ਮਿਲੀ ਸੀ। ਦੀਪ ਸਿੱਧੂ ਤੋਂ ਇਲਾਵਾ ਪੁਲੀਸ ਨੇ ਇਕਬਾਲ ਸਿੰਘ ਦੇ ਨਾਮ ਦਾ ਜ਼ਿਕਰ ਵੀ ਕੀਤਾ ਹੈ ਜੋ ਫੇਸਬੁੱਕ ’ਤੇ ਲਾਈਵ ਸੈਸ਼ਨ ਚਲਾ ਰਿਹਾ ਸੀ ਅਤੇ ਉਸ ’ਤੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਪ੍ਰਦਰਸ਼ਨਕਾਰੀਆਂ ਨੂੰ ਭੜਕਾਇਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਓਂਟਾਰੀਓ ਦੀ ਕੈਬਨਿਟ ’ਚ ਤਿੰਨ ਪੰਜਾਬੀ ਸ਼ਾਮਲ
Next articleਸੰਯੁਕਤ ਰਾਸ਼ਟਰ ਵੱਲੋਂ ਮਿਆਂਮਾਰ ’ਚ ਫ਼ੌਜੀ ਰਾਜ ਪਲਟੇ ਖ਼ਿਲਾਫ਼ ਮਤਾ ਪਾਸ