(ਸਮਾਜ ਵੀਕਲੀ)
(ਅੰਤਰ-ਰਾਸ਼ਟਰੀ ਨਾਰੀ ਦਿਹਾੜੇ ‘ਤੇ ਵਿਸ਼ੇਸ਼)
ਵੱਡੇ ਤੜਕੇ ਉੱਠ ਅਲਾਰਮਾਂ ‘ਤੇ,
ਫੇਰ ਲੱਤ ਹੈ ਸਾਰਾ ਦਿਨ ਖੜ੍ਹੀ ਰਹਿੰਦੀ।
ਇੱਕ ਅੱਖ ਦੇ ਹੇਠਾਂ ਕੰਮ ਸਾਰੇ,
ਦੂਜੀ ਅੱਖ ਟਿਕੀ ਵੱਲ ਘੜੀ ਰਹਿੰਦੀ।
ਕਿਉਂਕਿ ਪਹੁੰਚਣਾ ਕੰਮ ‘ਤੇ ਸਮੇਂ ਉੱਤੇ,
ਲੋੜੋਂ ਵੱਧ ਰਫ਼ਤਾਰ ਹੈ ਫੜੀ ਰਹਿੰਦੀ।
ਕੀਹਨੇ ਕੀ ਖਾਣਾ, ਕੀ ਪਹਿਨਣਾ ਹੈ ?
ਪੂਰੀ ਸੁਰਤ ਹੈ ਸਭ ਵਿੱਚ ਜੜੀ ਰਹਿੰਦੀ।
ਛੋਟੇ ਮੋਟਿਆਂ ਖੰਘ, ਜੁਕਾਮ, ਦਰਦਾਂ,
ਨਾਲ਼ ‘ਦੜ ਜਿਹਾ ਵੱਟ ਕੇ’ ਅੜੀ ਰਹਿੰਦੀ।
ਪਹਿਲਾਂ ਘਰ ਦੇ ਫੇਰ ਦੁਕਾਨ/ਦਫ਼ਤਰ..,
ਲੱਗੀ ਕੰਮਾਂ ਦੀ ਬੱਸ ਹੈ ਝੜੀ ਰਹਿੰਦੀ।
ਛੁੱਟੀ ਕਰਕੇ ਪਹੁੰਚਕੇ ਘਰੇ ਫਿਰ ਤੋਂ,
ਦੇਹੀ ਕੰਮ-ਚੱਕਰ ਵਿੱਚ ਮੜ੍ਹੀ ਰਹਿੰਦੀ।
ਨਾਪ-ਤੋਲ ਕੇ ਸਮੇਂ ਦੀ ਵੰਡ ਕਰਕੇ,
ਮਿੰਟ ਮਿੰਟ ਤੇ ਸੈਕਿੰਡ ਵਰਤਦੀ ਹੈ।
ਘੜਾਮੇਂ ਵਾਲ਼ਿਆ ਇੱਕੋ ਇੱਕ ਕਿਸਮ ਇਹੋ,
ਜਿਹੜੀ ਕੰਮਾਂ ਤੋਂ ਕੰਮਾਂ ‘ਤੇ ਪਰਤਦੀ ਹੈ।
ਰੋਮੀ ਘੜਾਮਾਂ।
98552-81105 (ਵਟਸਪ ਨੰ.)