ਕਿਰਤ ਤੇ ਕਿਰਸਾਨੀ ਨੂੰ ਸਮਰਪਿਤ – ਡਾ. ਗੁਰਨਾਮ ਸਿੰਘ “ਸੇਖੋਂ” 

(ਸਮਾਜ ਵੀਕਲੀ)

“ਮੋਤੀ, ਮਣਕੇ ਦਾ ਰੰਗ ਇੱਕੋ, ਇੱਕੋ ਰੂਪ ਹੈ ਦੋਹਾਂ ਦਾ,
ਜੌਹਰੀ ਕੋਲੋਂ ਪਰਖ ਕਰਾਈਏ, ਪਾੜਾ ਪਏ ਸੌ ਕੋਹਾਂ ਦਾ”
              ਧਰਮ ਕੋਈ ਵੀ ਹੋਵੇ ਮਨੁੱਖ ਨੂੰ ਸੱਚੀ ਕਿਰਤ ਕਰਨ ਲਈ ਹੀ ਪ੍ਰੇਰਦਾ ਹੈ। ਸਿੱਖ ਧਰਮ ਦਾ ਤਾਂ  ਫਲਸਫਾ ਹੀ ਸੱਚੀ ਸੁੱਚੀ ਕਿਰਤ ‘ਤੇ ਹੀ ਕੇਂਦਰਿਤ ਹੈ।
 ਕਿਰਤ ਦੇ ਹਰ ਖੇਤਰ ਵਿੱਚ ਚੋਣਵੇਂ ਸ਼ਖਸ   ਹੁੰਦੇ ਹਨ ਜੋ ਆਪਣੀ  ਕਰਮਭੂਮੀ  ਤੋਂ ਸੇਵਾ ਨਵਿਰਤ ਹੋਣ  ਉਪਰੰਤ ਵੀ, ਆਪਣੇ   ਸਾਰਥਕ ਕਾਰਜਾਂ ਵਾਸਤੇ  ਹਮੇਸ਼ਾ ਯਾਦ ਕੀਤੇ ਜਾਂਦੇ ਹਨ। ਅਜਿਹੀ ਹੀ ਸ਼ਖਸੀਅਤ  ਡਾ. ਗੁਰਨਾਮ ਸਿੰਘ ਸੇਖੋਂ (ਫੀਡ ਐਂਡ ਫੋਡਰ ਅਫਸਰ) ਦਾ ਨਾਮ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਸੁਨਹਿਰੀ ਅੱਖਰਾਂ ਵਿੱਚ ਸ਼ਾਮਿਲ ਕਰਦਿਆਂ,  ਮਾਣ ਮਹਿਸੂਸ ਕਰਦਾ ਹਾਂ।
ਲੁਧਿਆਣਾ ਸ਼ਹਿਰ ਦੀ ਦੱਖਣ-ਪੱਛਮੀਂ ਗੁੱਠ ਵਿੱਚ ਵਸੇ ਪਿੰਡ ਪਮਾਲ ਦੇ ਬਹੁਤ ਹੀ ਕਿਰਤੀ ਕਿਸਾਨ ਸਵ. ਸ. ਕਰਮ ਸਿੰਘ ਸੇਖੋਂ ਦੇ ਘਰ ਮਾਤਾ ਸਵ. ਸਰਦਾਰਨੀ ਅਜਮੇਰ ਕੌਰ ਦੀ ਬੁੱਕਲ ਵਿੱਚ 25 ਮਈ, 1965 ਨੂੰ ਪਹਿਲੀ ਕਿਲਕਾਰੀ ਮਾਰਨ ਵਾਲੇ ਪੁੱਤਰ ਗੁਰਨਾਮ ਸਿੰਘ ਸੇਖੋਂ ਨੂੰ ਮਿਹਨਤ, ਇਮਾਨਦਾਰੀ, ਨਿਮਰਤਾ ਅਤੇ ਸਾਦਾਪਣ ਗੁੜਤੀ ਵਿੱਚੋਂ ਹੀ ਮਿਲਿਆ।  ਘਰ ਦੇ ਵਿਹੜੇ ਵਿੱਚ ਮਾਪਿਆਂ ਅਤੇ ਭੈਣਾਂ ਦੇ ਪਿਆਰ ਨੇ ਇੰਨਾ ਗੁਣਾਂ ਨੂੰ ਹੋਰ ਵੀ ਪ੍ਰਪੱਕ ਕੀਤਾ। ਪਿੰਡ ਦੇ ਪ੍ਰਾਇਮਰੀ ਅਤੇ ਮਿਡਲ ਸਕੂਲ ਵਿੱਚ ਆਪਣੀ ਪੜ੍ਹਾਈ ਪ੍ਰਤੀ ਰੁਚੀ ਅਤੇ ਸੂਖਮ ਗੁਣਾਂ ਦੇ ਧਾਰਨੀ ਹੋਣ ਕਾਰਨ ਅਧਿਆਪਕਾਂ ਦੀਆਂ ਅੱਖਾਂ ਦੇ ਇਸ ਤਾਰੇ ਨੇ ਸਰਕਾਰੀ ਹਾਈ ਸਕੂਲ ਲਲਤੋਂ ਕਲਾਂ (ਲੁਧਿਆਣਾ) ਤੋਂ ਮਾਰਚ 1980 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਵਿੱਚ 76.5% ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਨਾਮ ਦਰਜ਼ ਕਰਵਾਉਂਦਿਆਂ, ਇਲਾਕੇ ਭਰ ਵਿੱਚ ਵੱਡਾ ਮਾਣ ਹਾਸਲ ਕੀਤਾ।
ਕਿਸਾਨੀ ਅਤੇ ਮਿੱਟੀ ਨਾਲ ਜੁੜੇ ਹੋਣ ਕਾਰਨ ਖੇਤੀਬਾੜੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਾਲੀ ਜਗਤ ਪ੍ਰਸਿੱਧ ਸੰਸਥਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਜੂਨ, 1985 ਵਿੱਚ ਬੀ. ਐੱਸ. ਸੀ. ਦੀ ਡਿਗਰੀ ਪ੍ਰਾਪਤ ਕੀਤੀ। ਡਾ. ਗੁਰਨਾਮ ਸਿੰਘ ਸੇਖੋਂ ਨੇ ਅਕਤੂਬਰ, 1986 ਵਿੱਚ ਬਤੌਰ ਖੇਤੀਬਾੜੀ ਵਿਕਾਸ ਅਫਸਰ ਸੇਵਾ ਸ਼ੁਰੂ ਕੀਤੀ ਅਤੇ 36 ਸਾਲ ਅਤੇ 7 ਮਹੀਨੇ ਤੋਂ ਵੱਧ ਸਮੇਂ ਦੀ ਸ਼ਾਨਦਾਰ ਸੇਵਾ ਨਿਭਾ ਕੇ ਸੇਵਾ-ਨਵਿਰਤ ਹੋਏ। ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਆਪ ਨੇ ਆਪਣੇ ਸੇਵਾ-ਕਾਲ ਦੌਰਾਨ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਸੰਭਾਲੀ ਹਰ ਜਿੰਮੇਂਵਾਰੀ ਨੂੰ ਪੂਰੀ ਸੁਹਿਰਦਤਾ ਨਾਲ ਨਿਭਾਉਂਦਿਆਂ ਅਨੇਕਾਂ ਸਨਮਾਨ ਪ੍ਰਾਪਤ ਕੀਤੇ ਹਨ।
ਪੰਜਾਬ ਦੀ ਕਿਸਾਨੀ ਨੂੰ ਆਰਥਿਕ ਸਮੱਸਿਆਵਾਂ ਵਿੱਚੋਂ ਕੱਢਣ ਅਤੇ ਤਰੱਕੀ ਦੇ ਰਾਹ ਤੋਰਨ ਲਈ ਵਿਭਾਗੀ ਕਾਰਜਾਂ ਦੇ ਨਾਲ-ਨਾਲ ਆਪ ਨੇ ਆਪਣੇ ਨਿੱਜੀ ਯਤਨਾਂ ਨੂੰ ਵੀ ਕਦੇ ਅਵੇਸਲੇ ਨਹੀਂ ਹੋਣ ਦਿੱਤਾ। ਲੰਮੇ ਸੇਵਾ-ਕਾਲ ਦੇ ਤਜ਼ਰਬੇ ਨਾਲ ਆਪ ਨੇ ਘੱਟ ਸਮੇਂ ਵਿੱਚ ਪਸ਼ੂਆਂ ਲਈ ਪ੍ਰਤੀ ਯੂਨਿਟ ਰਕਬੇ ਵਿੱਚੋਂ ਵੱਧ ਸੰਤੁਲਿਤ ਚਾਰੇ ਦਾ ਉਤਪਾਦਨ, ਦੁੱਧ ਦੀ ਲਾਗਤ ਨੂੰ ਘੱਟ ਕਰਨ ਲਈ ਚਾਰੇ ਨੂੰ ਅਚਾਰ ਦੇ ਤੌਰ ’ਤੇ ਸੰਭਾਲਣ, ਅਮੋਨੀਆ ਟ੍ਰੀਟਮੈਂਟ ਨਾਲ ਤੂੜੀ ਨੂੰ ਤੱਤਾਂ ਭਰਪੂਰ ਬਣਾਉਣ, ਸਸਤਾ ਦੁੱਧ ਉਤਪਾਦਨ ਕਰਨ ਲਈ ਸੰਤੁਲਿਤ ਫੀਡ ਤਿਆਰ ਕਰਨ ਅਤੇ ਦੁਧਾਰੂ ਪਸ਼ੂਆਂ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਕਾਰਨ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਕਿਸਾਨਾਂ ਸਿੱਖਿਅਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ ਹੈ। ਆਪ ਦੇ ਆਪਣੇ ਖੇਤਰ ਨਾਲ ਸਬੰਧਿਤ 250 ਤੋਂ ਵੱਧ ਤਕਨੀਕੀ ਆਰਟੀਕਲ ਵੱਖ-ਵੱਖ ਅਖਬਾਰਾਂ ਅਤੇ ਹੋਰ ਰਸਾਲਿਆਂ ਵਿੱਚ ਛਪੇ ਹਨ।ਸਹਿ-ਲੇਖਕ ਵਜੋਂ 2 ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਜਨਰਲ ਛਪਣੇ ਵੀ ਆਪ ਦੀ ਵੱਡੀ ਉਪਲੱਬਧੀ ਹੈ।
               ਡਾ.ਸੇਖੋਂ  ਨੇ ਆਪਣੀ ਸਮੁੱਚੀ ਸੇਵਾ ਦੌਰਾਨ ਜਿੱਥੇ ਸਮੇਂ-ਸਮੇਂ ’ਤੇ ਸੇਵਾ ਨਿਭਾ ਚੁੱਕੇ ਅਧਿਕਾਰੀਆਂ, ਸਹਿ-ਕਰਮੀਆਂ ਅਤੇ ਹੋਰ ਕਰਮਚਾਰੀਆਂ ਨਾਲ ਬਹੁਤ ਹੀ ਕਰੀਬੀ ਸਬੰਧ ਬਣਾਏ ਹਨ, ਉੱਥੇ ਖੇਤੀਬਾੜੀ ਅਤੇ ਪਸ਼ੂ-ਪਾਲਣ ਨਾਲ ਜੁੜੇ ਕਿਸਾਨਾਂ ਦੇ ਦਿਲਾਂ ਵਿੱਚ ਵੀ ਬਹੁਤ ਹੀ ਸਤਿਕਾਰਤ ਥਾਂ ਬਣਾਈ ਹੈ।
    ਡਾ. ਗੁਰਨਾਮ ਸਿੰਘ ਸੇਖੋਂ ਨੇ ਆਪਣੇ ਵਿਭਾਗ, ਇਲਾਕੇ ਅਤੇ ਜੱਦੀ ਪਿੰਡ ਪਮਾਲ ਦੇ ਸਰਵ-ਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ।  ਹਰ ਸਾਂਝੇ ਕੰਮ ਵਿੱਚ ਨਗਰ ਨਿਵਾਸੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੇ ਸੱਚੀ-ਸੁੱਚੀ ਕਿਰਤ ਅਤੇ ਅਗਾਂਹ-ਵਧੂ ਸੋਚ ਦੇ ਧਾਰਨੀ ਇਸ ਸੂਝਵਾਨ ਇਨਸਾਨ ਤੋਂ ਪਿੰਡ ਵਾਸੀਆਂ ਨੂੰ ਹੋਰ ਵੀ ਢੇਰ ਸਾਰੀਆਂ ਉਮੀਦਾਂ ਹਨ।
ਮਨਦੀਪ ਸਿੰਘ ਸੇਖੋਂ (ਪਮਾਲ)
 94643-68055

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਤੁਮ ਮੁਝੇ ਯੂੰ ਭੁਲਾ ਨਾ ਪਾਓਗੇ”
Next articleਮਿੰਨੀ ਕਹਾਣੀ ਗਰੀਬ ਬੇਈਮਾਨ ਨਹੀਂ ਹੁੰਦਾ