ਸਰੀ ਚ ਸਜਾਏ ਨਗਰ ਕੀਰਤਨ ਚ ਲੱਖਾਂ ਦੀ ਗਿਣਤੀ ਚ ਸੰਗਤਾਂ ਸ਼ਾਮਿਲ ਹੋਈਆਂ
*ਟਰੈਕਟਰ ਟਰਾਲੀਆਂ ਮੋਟਰਸਾਈਕਲਾਂ ਅਤੇ ਜੀਪਾ ਦੇ ਕਾਫਲਿਆਂ ਨੇ ਸਿਰਜਿਆ ਪੰਜਾਬ ਵਰਗਾ ਮਾਹੌਲ
*ਪ੍ਰਬੰਧਕਾਂ ਮੁਤਾਬਿਕ ਇਸ ਸਾਲ ਸੰਗਤਾਂ ਦੀ ਗਿਣਤੀ 5 ਲੱਖ ਤੋ ਟਪਣ ਦਾ ਅਨੁੁਮਾਨ
ਵੈਨਕੂਵਰ, (ਸਮਾਜ ਵੀਕਲੀ) ( ਮਲਕੀਤ ਸਿੰਘ)– ਖਾਲਸਾ ਸਾਜਨਾ ਦਿਵਸ( ਵਿਸਾਖੀ ) ਨੂੰ ਸਮਰਪਿਤ ਮਿਨੀ ਪੰਜਾਬ ਵਜੋਂ ਜਾਣੇ ਜਾਂਦੇ ਕਨੇਡਾ ਦੇ ਸਰੀ ਸ਼ਹਿਰ ਚ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਤੋਂ ਅੱਜ ਸਵੇਰੇ ਸਜਾਏ ਗਏ ਮਹਾਨ ਨਗਰ ਕੀਰਤਨ ਚ ਲੱਖਾਂ ਦੀ ਗਿਣਤੀ ਚ ਸੰਗਤਾਂ ਨੇ ਹਾਜਰੀ ਭਰ ਕੇ ਗੁਰੂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਅੱਜ ਸਵੇਰ ਵੇਲੇ ਇੱਥੋਂ ਦੀ 128 ਸਟਰੀਟ ਤੇ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਚ ਆਰੰਭ ਹੋਇਆ ਇਹ ਮਹਾਨ ਨਗਰ ਕੀਰਤਨ 128 ਸਟਰੀਟ ,124 ਸਟਰੀਟ, ਅਤੇ 76 ਐਵਨਿਊ ਆਦਿ ਮੁੱਖ ਸੜਕਾਂ ਰਾਹੀਂ ਹੁੰਦਾ ਹੋਇਆ ਸ਼ਾਮ ਵੇਲੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਸਮਾਪਤ ਹੋਇਆ। ਜ਼ਿਕਰ ਯੋਗ ਹੈ ਕਿ ਇਸ ਨਗਰ ਕੀਰਤਨ ਲਈ ਉਲੀਕੇ ਗਏ ਤੈਅਸ਼ੁਦਾ ਰੂਟਾਂ ਕਾਰਨ ਸਥਾਨਕ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਸਰੀ ਸਿਟੀ ਕੌਂਸਲ ਅਤੇ ਸਰੀ ਪੁਲਿਸ ਦੀ ਮਦਦ ਨਾਲ ਉਕਤ ਮੁੱਖ ਸੜਕਾਂ ਤੇ ਰੋਜ਼ਾਨਾ ਚਲਦੀ ਆਮ ਵਾਹਨਾਂ ਦੀ ਆਵਾਜਾਈ ਨੂੰ ਆਰਜੀ ਤੌਰ ਤੇ ਕੁਝ ਘੰਟਿਆਂ ਲਈ ਬੰਦ ਕਰਵਾ ਲਿਆ ਜਾਂਦਾ ਹੈ|
ਇਹ ਵੀ ਦੱਸਣ ਯੋਗ ਹੈ ਕਿ ਜਿੱਥੇ ਇਸ ਮਹਾਨ ਨਗਰ ਕੀਰਤਨ ਚ ਕਨੇਡਾ ਦੇ ਦੂਸਰੇ ਸ਼ਹਿਰਾਂ ਤੋਂ ਸਿੱਖ ਸੰਗਤਾਂ ਉਚੇਚੇ ਤੌਰ ਤੇ ਬੜੇ ਉਤਸ਼ਾਹ ਨਾਲ ਸ਼ਿਰਕਤ ਕਰਦੀਆਂ ਹਨ ਉੱਥੇ ਕਨੇਡਾ ਦੇ ਗੁਆਂਢੀ ਮੁਲਕ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਤੋਂ ਵੀ ਸਿੱਖ ਸੰਗਤਾਂ ਦੇ ਨਾਲ ਨਾਲ ਗੈਰ ਸਿੱਖ ਲੋਕ ਵੀ ਇਸ ਨਗਰ ਕੀਰਤਨ ਚ ਸ਼ਾਮਿਲ ਹੋਏ ਵੇਖੇ ਜਾ ਸਕਦੇ ਹਨ ਨਗਰ ਕੀਰਤਨ ਚ ਸ਼ਾਮਿਲ ਸੰਗਤਾਂ ਦੀ ਸਹੂਲਤ ਲਈ ਇਥੋਂ ਦੇ ਮਸ਼ਹੂਰ ਨਾਂਨਕ ਫੂਡ , ਸ਼ੇਰ ਆਟਾ, ਡੇਅ ਟੂ ਡੇਅ ਆਦਿ ਵੱਖ-ਵੱਖ ਕਾਰੋਬਾਰੀ ਅਦਾਰਿਆਂ ਵੱਖ ਵੱਖ ਸਥਾਨਕ ਲੋਕਾਂ ਵੱਲੋਂ ਥਾਂ-ਥਾਂ ਤੇ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
ਇਸ ਦੇ ਨਾਲ ਨਾਲ ਪੁਲਿਸ ਵੱਲੋਂ ਜਿੱਥੇ ਸੁਰੱਖਿਆ ਅਤੇ ਨਿਰਵਿਘਨ ਆਵਾਜਾਈ ਲਈ ਪੁੁਖਤਾ ਪ੍ਰਬੰਧ ਕੀਤੇ ਗਏ ਸਨ ਉੱਥੇ ਸਰੀ ਸਿਟੀ ਕੌਂਸਲ ਅਤੇ ਵੱਖ ਵੱਖ ਅਦਾਰਿਆਂ ਦੀਆਂ ਵਲੰਟੀਅਰ ਟੀਮਾਂ ਵੱਲੋਂ ਸਾਫ ਸਫਾਈ ਅਤੇ ਹੋਰਨਾਂ ਲੜੀਂਦੇ ਪ੍ਰਬੰਧਾਂ ਦਾ ਬੜੇ ਹੀ ਸੁਚਾਰੂ ਢੰਗ ਨਾਲ ਇੰਤਜ਼ਾਮ ਕੀਤਾ ਗਿਆ ਸੀ।
ਅੱਜ ਦੇ ਇਸ ਨਗਰ ਕੀਰਤਨ ਚ ਜਿੱਥੇ ਕਿ ਨਿਹੰਗ਼ ਸਿੰਘਾ ਦੇ ਬਾਣੇ ਚ ਸਜੀਆ ਵੱਖ-ਵੱਖ ਗਤਕਾ ਪਾਰਟੀਆਂ ਵੱਲੋਂ ਗਤਕੇ ਦੇ ਜੌਹਰ ਵਿਖਾ ਕੇ ਜੰਗਾਂਜੂ ਦ੍ਰਿਸ਼ ਪੇਸ਼ ਕੀਤੇ ਗਏ, ਉੱਥੇ ਸਰੀ ਦੇ ਵੱਖ-ਵੱਖ ਸਕੂਲੀ ਬੱਚਿਆਂ ਅਤੇ ਹੋਰਨਾਂ ਕੀਰਤਨੀ ਜਥੇਆਂ ਵੱਲੋਂ ਵੱਖ-ਵੱਖ ਵਾਹਨਾਂ ਤੇ ਸਜਾਈਆਂ ਪ੍ਰਭਾਵਸ਼ਾਲੀ ਸਟੇਜਾਂ ਤੋਂ ਗੁਰਬਾਣੀ ਦੇ ਕੀਤੇ ਗਏ ਰਸਭਿੰਨੇ ਕੀਰਤਨ ਦਾ ਵੀ ਸੰਗਤਾਂ ਨੇ ਆਨੰਦ ਮਾਣਿਆ| ਅੱਜ ਦੇ ਇਸ ਨਗਰ ਕੀਰਤਨ ਚ ਵੱਖ-ਵੱਖ ਸਿਆਸੀ ਆਗੂਆਂ ਨੇ ਵੱਖ ਵੱਖ ਸਟੇਜਾਂ ਤੋਂ ਸੰਬੋਧਨ ਕਰਦਿਆਂ ਆਈਆਂ ਸੰਗਤਾਂ ਨੂੰ ਜੀ ਆਇਆ ਆਖਿਆ| ਇਸ ਮੌਕੇ ਤੇ ਕੋਹੇਨੂਰ ਫੋਰਕ ਆਰਟਸ ਕਲੱਬ ਅਤੇ ਕਨੇਡੀਅਨ ਸਿੱਖ ਸਟੱਡੀ ਵੱਲੋਂ ਨੌਜਵਾਨਾਂ ਨੂੰ ਦਸਤਾਰ ਸਜਾਉਣ ਵੱਲ ਪ੍ਰੇਰਿਤ ਕਰਨ ਸਬੰਧੀ ਅਰੰਭੀ ਮੁਹਿੰਮ ਤਹਿਤ ਵੱਡੀ ਗਿਣਤੀ ਚ ਨੌਜਵਾਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ|
ਟਰੈਕਟਰ ਟਰਾਲੀਆਂ ਦੀ ਸ਼ਮੂਲੀਅਤ ਨੇ ਸਿਰਜਿਆ ਪੰਜਾਬ ਵਰਗਾ ਮਾਹੌਲ….!
ਭਾਵੇਂ ਕਿ ਅੱਜ ਸਜਾਏ ਗਏ ਨਗਰ ਕੀਰਤਨ ਚ ਕੇਸਰੀ ਅਤੇ ਨੀਲੀਆਂ ਦਸਤਾਰਾਂ ਸਜਾਈ ਸੰਗਤਾਂ ਦੀ ਬਹੁਤਾਤ ਨਾਲ ਸਮੁੱਚਾ ਸਰੀ ਸ਼ਹਿਰ ਖਾਲਸਾਈ ਰੰਗ ਚ ਰੰਗਿਆ ਮਹਿਸੂਸ ਹੋਇਆ, ਉੱਥੇ ਨਗਰ ਕੀਰਤਨ ਚ ਸ਼ਾਮਿਲ ਟਰੈਕਟਰ ਟਰਾਲੀਆਂ ਜੀਪਾ ਅਤੇ ਮੋਟਰਸਾਈਕਲਾਂ ਦੇ ਕਾਫਲਿਆਂ ਨਾਲ ਇੱਕ ਤਰ੍ਹਾਂ ਨਾਲ ਪੰਜਾਬ ਦੇ ਕਿਸੇ ਧਾਰਮਿਕ ਸਮਾਗਮ ਜਾਂ ਮੇਲੇ ਵਰਗਾ ਮਾਹੌਲ ਬਣਿਆ ਵੀ ਨਜ਼ਰੀ ਪਿਆ ਇਸ ਮੌਕੇ ਤੇ ਸਿੱਖ ਮੋਟਰਸਾਈਕਲ ਕਲੱਬ ਸਰੀ ਦੇ ਮੈਂਬਰਾਂ ਵੱਲੋਂ ਆਪਣੇ ਮੋਟਰਸਾਈਕਲਾਂ ਸਮੇਤ ਕੀਤੀ ਗਈ ਸ਼ਮੂਲੀਅਤ ਵੀ ਖਿੱਚ ਦਾ ਕੇਂਦਰ ਬਣੀ ਰਹੀ।