ਨਵੀਂ ਦਿੱਲੀ (ਸਮਾਜ ਵੀਕਲੀ): ਅਮਰੀਕਾ-ਕੈਨੇਡਾ ਦੀ ਸਰਹੱਦ ਨੇੜੇ ਮ੍ਰਿਤਕ ਮਿਲੇ ਚਾਰ ਭਾਰਤੀਆਂ ਬਾਰੇ ਵੇਰਵੇ ਇਕੱਤਰ ਕਰਨ ਲਈ ਕੈਨੇਡਾ ਸਥਿਤ ਭਾਰਤੀ ਮਿਸ਼ਨ ਨੇ ਲਗਾਤਾਰ ਕੈਨੇਡੀਅਨ ਅਥਾਰਿਟੀ ਨਾਲ ਰਾਬਤਾ ਬਣਾਇਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਬੇਹੱਦ ਸਰਦ ਮੌਸਮੀ ਹਾਲਤਾਂ ਵਿਚ ਮਰਨ ਵਾਲਿਆਂ ’ਚ ਇਕ ਨਵਜੰਮਿਆ ਬੱਚਾ ਵੀ ਸ਼ਾਮਲ ਸੀ। ਇਹ ਸਾਰੇ ਕੈਨੇਡਾ ਵੱਲੋਂ ਅਮਰੀਕਾ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਮਰੀਕਾ ਨੇ ਬਿਨਾਂ ਢੁੱਕਵੇਂ ਦਸਤਾਵੇਜ਼ਾਂ ਤੋਂ ਸੱਤ ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਇਕ ਅਮਰੀਕੀ ਨਾਗਰਿਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਉਤੇ ਮਨੁੱਖੀ ਤਸਕਰੀ ਕਰਵਾਉਣ ਦਾ ਦੋਸ਼ ਲਾਇਆ ਗਿਆ ਹੈ। ਉਹ ਕੈਨੇਡਾ ਤੋਂ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਮਦਦ ਕਰ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ 19 ਜਨਵਰੀ ਨੂੰ ਅਮਰੀਕਾ ਦੇ ਮਿਨੀਸੋਟਾ ਸੂਬੇ ਵਿਚ ਸਥਾਨਕ ਪ੍ਰਸ਼ਾਸਨ ਨੂੰ ਅਮਰੀਕਾ-ਕੈਨੇਡਾ ਦੀ ਹੱਦ ਨੇੜੇ ਕੁਝ ਲੋਕ ਮਿਲੇ ਸਨ ਜਿਨ੍ਹਾਂ ਕੋਲ ਲੋੜੀਂਦੇ ਕਾਗਜ਼ਾਤ ਨਹੀਂ ਸਨ। ਉਨ੍ਹਾਂ ਕੋਲੋਂ ਮਿਲੀ ਜਾਣਕਾਰੀ ਦੇ ਅਧਾਰ ’ਤੇ ਕੈਨੇਡੀਅਨ ਪੁਲੀਸ ਕੁਝ ਲੋਕਾਂ ਦੀ ਭਾਲ ਕਰ ਰਹੀ ਸੀ ਜਿਨ੍ਹਾਂ ਦੀਆਂ ਲਾਸ਼ਾਂ ਕੈਨੇਡਾ ਵਾਲੇ ਪਾਸੇ ਮੈਨੀਟੋਬਾ ਸੂਬੇ ਵਿਚ ਮਿਲੀਆਂ ਹਨ।
ਇਕ ਪੁਰਸ਼, ਇਕ ਔਰਤ, ਇਕ ਲੜਕੇ ਤੇ ਇਕ ਬੱਚੇ ਦੀ ਠੰਢ ਕਾਰਨ ਮੌਤ ਹੋਈ ਹੈ। ਪੜਤਾਲ ਮਗਰੋਂ ਇਨ੍ਹਾਂ ਸਾਰਿਆਂ ਨੂੰ ਭਾਰਤੀ ਨਾਗਰਿਕ ਦੱਸਿਆ ਗਿਆ ਸੀ। ਇਨ੍ਹਾਂ ਦੀ ਸ਼ਨਾਖ਼ਤ ਲਈ ਹੋਰ ਯਤਨ ਕੀਤੇ ਜਾ ਰਹੇ ਹਨ ਤੇ ਨਾਗਰਿਕਤਾ ਬਾਰੇ ਵੀ ਪੁਸ਼ਟੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਸ ਤ੍ਰਾਸਦੀ ਨੇ ‘ਹਿਲਾ ਕੇ ਰੱਖ ਦਿੱਤਾ ਹੈ।’
ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਅਮਰੀਕਾ ਵੱਲ ਮਨੁੱਖੀ ਤਸਕਰੀ ਰੋਕਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਟਰੂਡੋ ਨੇ ਕਿਹਾ ਕਿ ਇਸੇ ਲਈ ਉਹ ਲੋਕਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਬਾਰਡਰ ਪਾਰ ਕਰਨ ਤੋਂ ਰੋਕਦੇ ਹਨ ਕਿਉਂਕਿ ਇਸ ਵਿਚ ਵੱਡਾ ਜੋਖ਼ਮ ਹੈ। ਦੱਸਣਯੋਗ ਹੈ ਕਿ ਟੋਰਾਂਟੋ ਦੇ ਭਾਰਤੀ ਕੌਂਸਲੇਟ ਨੇ ਤੁਰੰਤ ਇਕ ਕੌਂਸਲਰ ਟੀਮ ਮੈਨੀਟੋਬਾ ਭੇਜੀ ਹੈ ਜੋ ਕਿ ਸਥਾਨਕ ਪ੍ਰਸ਼ਾਸਨ ਨਾਲ ਰਾਬਤਾ ਕਰ ਰਹੀ ਹੈ। ਓਟਵਾ ਦਾ ਭਾਰਤੀ ਹਾਈ ਕਮਿਸ਼ਨ ਵੀ ਕੈਨੇਡਾ ਸਰਕਾਰ ਤੇ ਸੂਬਾਈ ਪ੍ਰਸ਼ਾਸਨ ਦੇ ਸੰਪਰਕ ਵਿਚ ਹੈ। ਅਮਰੀਕਾ ਦੇ ਸ਼ਿਕਾਗੋ ਸਥਿਤ ਭਾਰਤੀ ਦੂਤਾਵਾਸ ਨੇ ਵੀ ਇਕ ਟੀਮ ਮਿਨੀਪੋਲਿਸ ਭੇਜੀ ਹੈ ਜੋ ਕਿ ਮਦਦ ਕਰ ਰਹੀ ਹੈ। ਉਨ੍ਹਾਂ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਤੱਕ ਕੌਂਸਲਰ ਪਹੁੰਚ ਮੰਗੀ ਹੈ।
ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਾਵਾਸ ਵੀ ਅਮਰੀਕਾ ਦੇ ਨਿਆਂ ਤੇ ਕਸਟਮ ਵਿਭਾਗ, ਬਾਰਡਰ ਪੁਲੀਸ ਦੇ ਸੰਪਰਕ ਵਿਚ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ 47 ਸਾਲਾ ਅਮਰੀਕੀ ਨਾਗਰਿਕ ਸਟੀਵ ਸੈਂਡ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਭਾਰਤੀਆਂ ਦੇ ਮਰਨ ਬਾਰੇ ਮੈਨੀਟੋਬਾ ਪੁਲੀਸ ਨੇ ਵੀਰਵਾਰ ਜਾਣਕਾਰੀ ਜਨਤਕ ਕੀਤੀ ਸੀ ਤੇ ਸ਼ੱਕ ਜ਼ਾਹਿਰ ਕੀਤਾ ਗਿਆ ਹੈ ਕਿ ਇਹ ਗੁਜਰਾਤੀ ਮੂਲ ਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly