(ਸਮਾਜ ਵੀਕਲੀ)
ਸ਼ਾਇਦ ਕੁਝ ਵਿਦਿਆਰਥੀ ਜਨਮ ਤੋਂ ਹੀ ਹੋਣਹਾਰ ਹੁੰਦੇ ਹਨ। ਉਹ ਕੋਈ ਨਵਾਂ – ਨਰੋਆ ਤੇ ਚੰਗਾ ਕੰਮ ਕਰਨ ਲਈ ਕੇਵਲ ਤੇ ਕੇਵਲ ਆਪਣੇ ਅਧਿਆਪਕ ਦੇ ਹੁਕਮਾਂ ਦੀ ਹੀ ਉਡੀਕ ਨਹੀਂ ਕਰਦੇ ; ਸਗੋਂ ਆਪਣੇ ਅਧਿਆਪਕ ਵਲੋਂ ਸਮਝਾਈ ਹੋਈ ਗੱਲ ਨੂੰ ਸਮਝ ਕੇ ਉਸ ‘ਤੇ ਚੁੱਪਚਾਪ ਅਮਲ ਹੀ ਕਰ ਦਿੰਦੇ ਹਨ। ਪਿਛਲੇ ਮਹੀਨੇ ਸਾਡੇ ਸਕੂਲ ਦੇ ਕਈ ਵਿਦਿਆਰਥੀ ਪੰਛੀਆਂ ਨੂੰ ਪਾਣੀ ਪਿਲਾਉਣ ਲਈ ਆਪਣੇ – ਆਪ ਆਪਣੇ ਘਰਾਂ ਤੋਂ ਮਿੱਟੀ ਦੇ ਕਈ ਬਰਤਨ ਲੈ ਆਏ।
ਜਦੋਂ ਮੈਂ ਪੁੱਛਿਆ ਤਾਂ ਇਨ੍ਹਾਂ ਬੱਚਿਆਂ ਦਾ ਜਵਾਬ ਸੀ ਕਿ ਸਰ ! ਤੁਸੀਂ ਹੀ ਤਾਂ ਪੰਛੀਆਂ ਦੀ ਸੇਵਾ ਕਰਨ ਦੀ ਗੱਲ ਸਾਨੂੰ ਸਮਝਾਈ ਸੀ। ਮੈਂ ਇਹ ਦੇਖ ਕੇ ਉਦੋਂ ਬਹੁਤ ਹੈਰਾਨ ਹੋਇਆ ਸੀ। ਇਹਨਾਂ ਵਿੱਚੋਂ ਸਾਡੇ ਸਕੂਲ ਦੀਆਂ ਕਈ ਵਿਦਿਆਰਥਣਾਂ ਅਜਿਹੀਆਂ ਹਨ , ਜੋ ਹਰ ਰੋਜ਼ ਦੁਪਹਿਰ ਦਾ ਭੋਜਨ ਖਾਣ ਤੋਂ ਪਹਿਲਾਂ ਪੰਛੀਆਂ ਲਈ ਰੱਖੇ ਹੋਏ ਮਿੱਟੀ ਦੇ ਬਰਤਨਾਂ ਵਿੱਚ ਤਾਜ਼ਾ ਪਾਣੀ ਪਾਉਂਦੀਆਂ ਹਨ।
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਨ੍ਹਾਂ ਪਿਆਰੀਆਂ ਵਿਦਿਆਰਥਣਾਂ ਦਾ ਕੁਦਰਤ , ਵਾਤਾਵਰਣ ਅਤੇ ਪੰਛੀਆਂ ਪ੍ਰਤੀ ਅਜਿਹਾ ਲਗਾਓ , ਵਿਵਹਾਰ ਤੇ ਸਮਰਪਣ – ਭਾਵ ਦੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ ਤੇ ਸੋਚਾਂ ਵਿੱਚ ਵੀ ਪੈ ਗਿਆ ਕਿ ਇਹ ਨਿੱਕੀਆਂ – ਪਿਆਰੀਆਂ ਬੱਚੀਆਂ ਅੱਜ ਦੇ ਮਨੁੱਖ ਨੂੰ ਤੇ ਸਮਾਜ ਨੂੰ ਕੁਦਰਤ ਪ੍ਰਤੀ ਲਗਾਓ ਤੇ ਸਮਰਪਣ ਦਾ ਕਿੰਨਾ ਵਧੀਆ ਸੰਦੇਸ਼ ਦੇ ਰਹੀਆਂ ਹਨ। ਮੈਂ ਸੋਚਦਾ ਹਾਂ ਕਿ ਅਜਿਹੇ ਬੱਚਿਆਂ ਦਾ ਅਧਿਆਪਕ ਹੋਣਾ ਵੀ ਮੇਰੇ ਲਈ ਬਹੁਤ ਮਾਣ ਵਾਲ਼ੀ ਗੱਲ ਹੈ।
ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ,
ਸੈਂਟਰ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ ,
ਜ਼ਿਲ੍ਹਾ ਰੂਪਨਗਰ ( ਪੰਜਾਬ )
ਲੇਖਕ ਦਾ ਨਾਂ ਸਾਹਿਤ ਦੇ ਖੇਤਰ ਲਈ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356