(ਸਮਾਜ ਵੀਕਲੀ)
ਸੁਭਾ ਸਵੇਰੇ ਚਿੜੀਆਂ ਚੂਕਣ,
ਤੋਤੇ ਬੇਰੀਆਂ ਉੱਤੇ ਕੂਕਣ।
ਮੈਨਾ ਬੈਠੀ ਵਿਚ ਕਤਾਰ,
ਪੰਛੀ ਕੁਦਰਤ ਦਾ ਸ਼ਿੰਗਾਰ।
ਉਧਰੋਂ ਕੋਇਲ ਕੂ ਕੂ ਕਰਦੀ,
ਇੱਧਰ ਬੱਤਖ਼ ਚੁੱਭੀਆਂ ਭਰਦੀ।
ਕਿਧਰੇ ਉੱਡਦੀ ਫਿਰੇ ਗਟਾਰ,
ਪੰਛੀ ਕੁਦਰਤ ਦਾ ਸ਼ਿੰਗਾਰ।
ਬੁਲਬੁਲ ਮਿੱਠੇ ਗੀਤ ਸੁਣਾਵੇ,
ਬਿਜੜਾ ਕਿਤੇ ਆਲ੍ਹਣਾ ਪਾਵੇ।
ਸ਼ਿਕਰਾ ਕਿਧਰੇ ਕਰੇ ਸ਼ਿਕਾਰ,
ਪੰਛੀ ਕੁਦਰਤ ਦਾ ਸ਼ਿੰਗਾਰ।
ਰੰਗ ਬਿਰੰਗਾ ਗਰੁੜ ਆ ਗਿਆ,,
ਚੱਕੀ ਲਾਹੁਣਾ ਉਡਾਰੀ ਲਾ ਗਿਆ।
ਕੁੱਕੜ ਬੋਲਿਆ ਵੱਜ ਗਏ ਚਾਰ,
ਪੰਛੀ ਕੁਦਰਤ ਦਾ ਸ਼ਿੰਗਾਰ।
ਇੱਲ ਗਿਰਝਾਂ ਤੇ ਬਾਜ਼ ਬਟੇਰੇ,
ਬਗਲਾ ਲਾਉਂਦਾ ਛੱਪੜੀ ਡੇਰੇ।
ਔਹ ਉੱਡਦੀ ਕੂੰਜਾਂ ਦੀ ਡਾਰ,
ਪੰਛੀ ਕੁਦਰਤ ਦਾ ਸ਼ਿੰਗਾਰ।
ਕਿਤੇ ਕਬੂਤਰ ਬਾਜ਼ੀ ਲਾਉਂਦੇ,
ਮੋਰ ਮਸਤ ਹੋ ਪੈਲਾਂ ਪਾਉਂਦੇ।
ਸੁਣਦੀ ਚਹੁੰ ਪਾਸੇ ਗੁਜ਼ਾਰ,
ਪੰਛੀ ਕੁਦਰਤ ਦਾ ਸ਼ਿੰਗਾਰ।
ਸਿਖਰ ਦੁਪਹਿਰੇ ਘੁੱਗੀ ਬੋਲੀ,
ਆ ਆਗੀ ਤਿੱਤਰਾਂ ਦੀ ਟੋਲੀ।
ਵੱਟ ਤੇ ਬੈਠੇ ਬੰਨ੍ਹ ਕਤਾਰ,
ਪੰਛੀ ਕੁਦਰਤ ਦਾ ਸ਼ਿੰਗਾਰ।
ਰੰਗ ਬਰੰਗੇ ਪੰਛੀ ਪਿਆਰੇ,
ਬੰਦੇ ਦੇ ਲਾਲਚ ਨੇ ਮਾਰੇ।
ਭੁੱਲ ਬੈਠਾ ਸਭ ਪ੍ਰੇਮ ਪਿਆਰ,
ਪੰਛੀ ਕੁਦਰਤ ਦਾ ਸ਼ਿੰਗਾਰ।
ਮਾਸਟਰ ਪ੍ਰੇਮ ਸਰੂਪ ਛਾਜਲੀ
ਜ਼ਿਲ੍ਹਾ ਸੰਗਰੂਰ
9417134982
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly