ਡੀਲ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)

ਇੱਕ ਦੋਸਤ ਦੇ ਫੇਸਬੁੱਕ ਪੇਜ ਤੇ ਇਕ ਤਸਵੀਰ ਸੀ ਕਿਸੇ ਪ੍ਰਭਾਵਸ਼ਾਲੀ ਸ਼ਖਸ਼ੀਅਤ ਦੀ। ਨੀਲੀ ਕਮੀਜ਼, ਹੱਥ ਵਿਚ ਮਾਈਕ। ਸਭ ਨੇ ਸ਼ੁੱਭ ਇੱਛਾਵਾਂ ਦਿੱਤੀਆਂ ਹੋਈਆ ਸਨ। ਮੈ ਵੀ ਸ਼ੁੱਭ ਇੱਛਾਵਾਂ ਦੇ ਦਿੱਤੀਆਂ। ਕੁਝ ਪਲ ਬਾਅਦ ਹੀ ਉਸਦੀ ਮਿੱਤਰ ਰਿਕਵੈਸਟ ਆ ਗਈ। ਬਸ ਅਸੀ ਫੇਸਬੁੱਕ ਮਿੱਤਰ ਬਣ ਗਏ। ਦੂਸਰੇ ਦਿਨ ਓਸਦਾ ਮੈਸੇਜ ਆਇਆ ਕਿ ਆਪਣਾ ਵ੍ਹਟਸਐਪ ਨੰਬਰ ਦਿਓ। ਮੈਂ ਨੰਬਰ ਦੇ ਦਿੱਤਾ।ਉਸਦਾ ਮੈਸੇਜ ਆਇਆ ਉਸਨੇ ਆਪਣਾ ਨੰਬਰ ਦਿੱਤਾ ਤੇ ਕਿਹਾ ਕਿ ਮੇਰੇ ਵਿੱਚ ਬਹੁਤ ਸੰਭਾਵਨਾ ਹੈ। ਮੈਂ ਸ਼ੁਕਰੀਆ ਅਦਾ ਕੀਤਾ।ਮੇਰੀ ਆਦਤ ਹੈ ਹਰ ਕਿਸੇ ਨੂੰ ਸਰ ਸੰਬੋਧਨ ਕਰਨ ਦੀ। ਅਕਸਰ ਓਸਦਾ ਮੈਸੇਜ ਆਉਂਦਾ।

ਮੇਰੀ ਤਾਰੀਫ਼ ਵੀ ਕੀਤੀ ਹੁੰਦੀ। ਮੇਰੀ ਲਿਖਤਾਂ ਦੀ ਬਹੁਤ ਸ਼ਲਾਘਾ ਹੁੰਦੀ। ਮੈਂ ਵੀ ਅਦਬ ਨਾਲ ਜਵਾਬ ਦਿੰਦੀ। ਮੈਂ ਉਸ ਬਾਰੇ ਕੁਝ ਵੀ ਨਹੀਂ ਜਾਣਦੀ ਸੀ। ਉਸਨੇ ਆਪ ਹੀ ਆਪਣੇ ਕੰਮ ਬਾਰੇ ਦੱਸਿਆ। ਉਹ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰਦਾ ਸੀ। ਮੈ ਉਸਦੇ ਵਿਹਾਰ ਤੋਂ ਪ੍ਰਭਾਵਿਤ ਹੋ ਰਹੀ ਸੀ। ਉਹ ਅਕਸਰ ਕਦਰਾਂ ਕੀਮਤਾਂ ਦੀ ਗੱਲ ਕਰਦਾ। ਵਿਰਸੇ ਤੇ ਵਿਰਾਸਤ ਦੀ ਦੁਹਾਈ ਦਿੰਦਾ। ਮੈਂ ਸੋਚਦੀ ਕਿ ਇਹ ਸੋਹਣੀ ਜ਼ਿੰਦਗੀ ਜੀਅ ਰਿਹਾ ਫੇਰ ਵੀ ਕਿੰਨਾ ਨੇਕ ਕੰਮ ਕਰ ਰਿਹਾ। ਮੈ ਵੀ ਸਾਹਿਤ ਦੇ ਖੇਤਰ ਵਿੱਚ ਸਥਾਪਿਤ ਹੋ ਰਹੀ ਸੀ। ਪਰ ਮੈਂ ਕਦੇ ਕਿਸੇ ਤੋਂ ਕੋਈ ਉਮੀਦ ਨਹੀਂ ਰੱਖੀ ਸੀ।ਮੈਂ ਆਪਣੇ ਸਿਰ ਖੁਦ ਆਪਣੀ ਜਗ੍ਹਾ ਬਣਾਉਣਾ ਚਾਹੁੰਦੀ ਸੀ।

ਮੇਰੀਆਂ ਨਜ਼ਰਾਂ ਵਿਚ ਉਸ ਦਾ ਦਰਜਾ ਬਹੁਤ ਉੱਚਾ ਸੀ। ਪਰ ਮੈਂ ਹੈਰਾਨ ਸੀ ਕਿ ਔਰਤ ਪ੍ਰਤੀ ਉਸਦਾ ਰਵਈਆ ਸਮਾਜ ਵਿਚ ਕੁਝ ਹੋਰ ਤੇ ਜ਼ਾਤੀ ਤੌਰ ਤੇ ਕੁਝ ਹੋਰ ਸੀ। ਮੈਂ ਉਸਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਣ ਕਰਕੇ ਕੁਝ ਗੱਲਾਂ ਨੂੰ ਅਣਦੇਖਿਆ ਕਰ ਦਿੰਦੀ। ਉਸਦੀਆਂ ਕੁਝ ਗੱਲਾਂ ਮੈਨੂੰ ਬਹੁਤ ਅਜੀਬ ਲੱਗਦੀਆਂ। ਕੁਝ ਸਾਹਿਤ ਜਗਤ ਦੀਆਂ ਬੀਬੀਆਂ ਦੇ ਨਾਂ ਵੀ ਉਸ ਨਾਲ ਜੁੜੇ ਸਨ।ਮੈਂ ਉਸਦੇ ਹਰ ਸ਼ੋ ਨੂੰ ਵੇਖਦੀ। ਓਸਦੀਆਂ ਗੱਲਾਂ ਉੱਚੀਆਂ ਤੇ ਸੁੱਚੀਆਂ ਹੁੰਦੀਆਂ।ਮੇਰੇ ਲਈ ਉਸ ਦਾ ਦਰਜਾ ਬਹੁਤ ਉੱਚਾ ਸੀ।ਕਈ ਵਾਰ ਅਸੀਂ ਹਾਸੇ ਮਖੌਲ ਦੀਆਂ ਗੱਲਾਂ ਵੀ ਕਰਦੇ। ਦੋ ਲੋਕਾਂ ਦਾ ਇਕ ਦੂਜੇ ਪ੍ਰਤੀ ਆਕਰਸ਼ਿਤ ਹੋ ਜਾਣਾ ਆਮ ਗੱਲ ਹੈ। ਉਸਦੀਆਂ ਗੱਲਾਂ ਵਿਚ ਕਈ ਵਾਰ ਅਜੀਬ ਜਿਹੇ ਸੰਕੇਤ ਹੁੰਦੇ। ਮੈ ਸਮਝ ਕੇ ਵੀ ਨਜ਼ਰਅੰਦਾਜ਼ ਕਰ ਦਿੰਦੀ।

ਮੈਂ ਉਸਨੂੰ ਪਸੰਦ ਜਰੂਰ ਕਰਦੀ ਸੀ ਪਰ ਕਿਸੇ ਤਾਲੁਕਾਤ ਲਈ ਮੈ ਤਿਆਰ ਨਹੀਂ ਸੀ।ਉਹ ਅਕਸਰ ਮਿਲਣ ਦੀ ਗੱਲ ਕਰਦਾ। ਆਪਣੇ ਕੰਮ ਦੇ ਸਿਲਸਿਲੇ ਵਿੱਚ ਉਸਦਾ ਦੇਸ਼ ਵਿਦੇਸ਼ ਆਉਣ ਜਾਣ ਹੁੰਦਾ। ਮੈਂ ਵੀ ਮਿਲਣਾ ਚਾਹੁੰਦੀ ਸੀ। ਪਰ ਮੇਰੇ ਤੇ ਉਸਦੇ ਮਿਲਣ ਦੇ ਖਿਆਲ ਵਿੱਚ ਬਹੁਤ ਫਰਕ ਸੀ। ਉਸ ਦੀ ਜ਼ਰੂਰਤ ਸਰੀਰ ਦੀ ਸਾਂਝ ਸੀ। ਉਸਦਾ ਸਰੇਆਮ ਕਹਿਣਾ ਕਿ ਤੂੰ ਮੇਰੀ ਜ਼ਿੰਦਗੀ ਦੀ ਨਾ ਪਹਿਲੀ ਔਰਤ ਹੈ ਤੇ ਨਾ ਆਖ਼ਿਰੀ ਹੋਵੇਗੀ, ਮੈਨੂੰ ਚੰਗਾ ਨਹੀਂ ਸੀ ਲੱਗਾ। ਇਸ ਗੱਲ ਤੋਂ ਹੀ ਉਸਦੀ ਸੋਚ ਜਾਹਿਰ ਹੁੰਦੀ ਸੀ।ਉਹ ਮੇਰੇ ਤੇ ਮੇਰੀ ਸੋਚ ਤੇ ਮੇਰੀ ਕਲਮ ਤੇ ਕਾਬੂ ਰੱਖਣਾ ਚਾਹੁੰਦਾ ਸੀ ਜੋ ਮੈਨੂੰ ਪਸੰਦ ਨਹੀਂ ਸੀ। ਕਈ ਔਰਤਾਂ ਨਾਲ ਉਸਦੇ ਸੰਬੰਧਾਂ ਬਾਰੇ ਮੈਂ ਜਾਣਦੀ ਸੀ।

ਉਸਦੀਆਂ ਗੱਲਾਂ ਤੋਂ ਹੀ ਜਾਹਿਰ ਹੋ ਜਾਂਦੀ ਸੀ ਉਸਦੀ ਰੂੜੀਵਾਦੀ ਸੋਚ। ਇਕ ਦਿਨ ਉਸਨੇ ਹੱਦ ਹੀ ਕਰ ਦਿੱਤੀ ਜਦੋਂ ਮੇਰੇ ਘਰ ਆਉਣ ਦੀ ਗੱਲ ਕੀਤੀ ਤੇ ਇਸ਼ਾਰੇ ਨਾਲ ਸੰਬੰਧ ਬਣਾਉਣ ਦੀ ਵੀ। ਮੈਂ ਉਸਨੂੰ ਸਾਫ ਮਨਾ ਕਰ ਦਿੱਤਾ। ਮੈਂ ਘਰ ਦੀ ਮਰਿਯਾਦਾ ਸਮਝਦੀ ਹਾਂ।ਉਸਦੀ ਇਹ ਗੱਲ ਨੇ ਮੇਰੇ ਮਨ ਵਿੱਚ ਉਸਦਾ ਅਕਸ ਹੀ ਬਦਲ ਦਿੱਤਾ। ਮੈਨੂੰ ਜਾਪਿਆ ਜਿਵੇਂ ਇਹ ਸਲਾਹ ਬਣਾ ਕੇ ਸੰਬੰਧ ਬਣਾਉਣਾ ਚਾਹੁੰਦਾ ਹੈ। ਇਹ ਤਾਂ ਮੁਹੱਬਤ ਨਹੀਂ ਜਿਸਦੇ ਓਹ ਦਾਵੇ ਕਰਦਾ ਸੀ। ਮੇਰਾ ਮਨ ਉਸ ਪ੍ਰਤੀ ਸੁਚੇਤ ਹੋ ਗਿਆ। ਹੁਣ ਸਾਡੇ ਦਰਮਿਆਨ ਦੂਰੀ ਵਧਣ ਲੱਗੀ। ਮੇਰੀ ਨਾਂਹ ਨੇ ਉਸਦੀ ਮੇਰੇ ਪ੍ਰਤੀ ਦਿਲਚਸਪੀ ਖਤਮ ਕਰ ਦਿੱਤੀ।

ਹੁਣ ਗੱਲਬਾਤ ਘੱਟ ਹੁੰਦੀ। ਮੈਸੇਜ ਦਾ ਜਵਾਬ ਵੀ ਨਾ ਆਉਂਦਾ।ਇਕ ਦਿਨ ਮੈਂ ਦੇਖਿਆ ਉਸ ਨੇ ਮੈਨੂੰ ਬਲਾਕ ਕਰ ਦਿੱਤਾ ਸੀ। ਇਹ ਹੋਣਾ ਹੀ ਦੀ ਕਿਉਂਕਿ ਇਹ ਉਸਦੇ ਲਈ ਇਕ ਡੀਲ ਸੀ। ਡੀਲ ਜਿਸ ਵਿਚ ਮੈਨੂੰ ਮੁਹੱਬਤ ਚਾਹੀਦੀ ਸੀ ਜੋ ਇਹ ਨਹੀਂ ਦੇਣਾ ਚਾਹੁੰਦਾ ਸੀ ਤੇ ਉਸਨੂੰ ਜਿਸਮ ਚਾਹੀਦਾ ਸੀ ਜੋ ਮੈਂ ਨਹੀਂ ਦੇਣਾ ਚਾਹੁੰਦੀ ਸੀ। ਉਸਦੇ ਬਲਾਕ ਕਰ ਦੇਣ ਵਿੱਚ ਵੀ ਇਕ ਰਾਹਤ ਸੀ।ਰਿਸ਼ਤੇ ਹੁਣ ਡੀਲ ਹੀ ਤਾਂ ਰਹਿ ਗਏ।ਕਾਸ਼!! ਮੁਹੱਬਤ ਜੋ ਇਕ ਖੂਬਸੂਰਤ ਜਜ਼ਬਾ ਹੈ ਇਸ ਵਪਾਰਕ ਸੋਚ ਦੀ ਭੇਂਟ ਨਾ ਚੜਦਾ

ਹਰਪ੍ਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪ ਵਰਕਰਾਂ ਨੇ ਲਿਆਂਦੀ ਸੁਸ਼ੀਲ ਰਿੰਕੂ ਦੇ ਹੱਕ ਵਿਚ ਮੀਟਿੰਗਾਂ ਦੀ ਹਨੇਰੀ
Next articleਈਦ ਮੁਬਾਰਕ