ਲੇਖਕ: ਦਿਪੇਸ਼ ਜੇ ਭੂੰਡੀਆ
ਅਨੁਵਾਦ: ਰਵਿੰਦਰ ਸਿੰਘ ਸੋਢੀ

(ਸਮਾਜ ਵੀਕਲੀ) “ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਿਹੜੇ ਸੁਪਨੇ ਅਸੀਂ ਰਾਤ ਨੂੰ ਦੇਖਦੇ ਹਾਂ ਉਹ ਜਾਗਦੇ ਹੀ ਕਿਤੇ ਗੁੰਮ ਹੋ ਜਾਂਦੇ ਨੇ, ਪਰ ਦਿਨ ਵੇਲੇ ਜਾਗਦੇ ਹੋਏ ਜਿਹੜੇ ਸੁਪਨੇ ਅਸੀਂ ਖੁੱਲ੍ਹੀਆਂ ਅੱਖਾਂ ਨਾਲ ਦੇਖਦੇ ਹਾਂ, ਉਹਨਾਂ ਬਾਰੇ ਕੀ ਵਿਚਾਰ ਹੈ?” ਰਾਤ ਦੇ 12 ਵਜ ਚੁੱਕੇ ਹਨ। ਤਕਰੀਬਨ 30 ਸਾਲ ਦਾ ਇਕ ਆਦਮੀ, ਜਿਸ ਨੂੰ ਨੀਂਦ ਨਹੀਂ ਆ ਰਹੀ, ਆਪਣੇ ਕਮਰੇ ਦੇ ਬਰਾਂਡੇ ਵਿਚ ਖੜਾ ਹੈ। ਉਹ ਡੂੰਘੀਆਂ ਸੋਚਾਂ ਅਤੇ ਫ਼ਿਕਰ ਵਿਚ ਡੁੱਬਿਆ ਅੰਬਰ ਵੱਲ ਦੇਖ ਰਿਹੈ, ਪਰ ਕੌਣ ਜਾਣਦਾ ਹੈ ਕਿ ਉਸ ਨੂੰ ਕਿਸ ਚੀਜ਼ ਦੀ ਚਿੰਤਾ ਹੈ? ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ, ਪਰ ਉਹ ਰੋ ਵੀ ਨਹੀਂ ਸੀ ਸਕਦਾ। ਅਚਾਨਕ ਹੀ ਕਮਰੇ ‘ਚੋਂ ਆਵਾਜ਼ ਆਈ, “ਰਾਕੇਸ਼, ਕਿਥੇ ਹੋ ਤੁਸੀਂ?” ਰਾਕੇਸ਼ ਨੇ ਅੱਖਾਂ ‘ਚੋਂ ਹੰਝੂ ਸਾਫ ਕਰ, ਸਬਰ ਦਾ ਘੁੱਟ ਭਰਿਆ ਅਤੇ ਕਮਰੇ ਵਿਚ ਦਾਖਲ ਹੋਇਆ।
ਕਮਰੇ ਦੇ ਅੰਦਰ ਦਰਵਾਜ਼ੇ ਦੇ ਸਾਹਮਣੇ ਹੀ ਕੰਧ ‘ਤੇ ਇਕ ਘੜੀ ਲੱਗੀ ਹੋਈ ਹੈ, ਜਿਸ ‘ਤੇ ਸਵੇਰ ਦੇ 12.30 ਦਾ ਸਮਾਂ ਹੈ ਅਤੇ ਨਾਲ ਹੀ ਨਵੇਂ ਵਿਆਹੀ ਜੋੜੀ ਰਾਕੇਸ਼ ਅਤੇ ਉਸਦੀ ਪਤਨੀ ਦੀ ਫ਼ੋਟੋ ਲੱਗੀ ਹੋਈ ਹੈ। ਫ਼ੋਟੋ ਦੇ ਹੇਠਾਂ ਇਕ ਛੋਟਾ ਕਲੰਡਰ ਵੀ ਹੈ, ਜਿਸ ‘ਤੇ 30 ਤਾਰੀਖ਼ ਦੇ ਆਲੇ-ਦੁਆਲੇ ਕਈ ਗੋਲ ਚੱਕਰ ਲੱਗੇ ਹੋਏ ਹਨ ਅਤੇ ਕੁਝ ਲਿਖਿਆ ਵੀ ਹੋਇਆ ਹੈ, “ਇਕ ਅਕਿਹ ਖੁਸ਼ੀ ਦਾ ਦਿਨ”. ਕਮਰੇ ਦੇ ਵਿਚਕਾਰ ਇਕ ਵੱਡਾ ਬੈਡ ਹੈ, ਜਿਸ ‘ਤੇ ਇਕ ਔਰਤ ਬੈਠੀ ਆਸੇ-ਪਾਸੇ ਝਾਕ ਰਹੀ ਹੈ। ਜਿਵੇਂ ਹੀ ਰਾਕੇਸ਼ ਬੈਡ ਕੋਲ ਪਹੁੰਚਿਆ, ਔਰਤ ਗੁੱਸੇ ‘ਚ ਬੋਲੀ, “ਤੁਸੀਂ ਕਿਥੇ ਹੋ ਰਾਕੇਸ਼?” ਰਾਕੇਸ਼ ਉਸਦੇ ਕੋਲ ਹੀ ਬੈਠ ਗਿਆ ਅਤੇ ਉਸਦਾ ਇਕ ਹੱਥ ਆਪਣੇ ਹੱਥ ਵਿਚ ਫੜ ਕੇ ਕਹਿੰਦਾ, “ਇੰਦੂ, ਮੈਂ ਤਾਂ ਤੇਰੇ ਕੋਲ ਹੀ ਬੈਠਾ ਹਾਂ।” ਇਹ ਸੁਣਦੇ ਹੀ ਉਹ ਰੋਣ ਲੱਗੀ ਜਿਵੇਂ ਉਸਦੀ ਕੋਈ ਬਹੁਤ ਹੀ ਪਿਆਰੀ ਚੀਜ਼ ਗੁੰਮ ਗਈ ਹੋਵੇ। ਰਾਕੇਸ਼ ਨੇ ਆਪਣਾ ਸਿਰ ਉਸਦੇ ਮੋਢਿਆਂ ‘ਤੇ ਰੱਖਦੇ ਹੋਏ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ, “ਚੁੱਪ ਕਰ, ਰੋ ਨਾ, ਸਭ ਕੁਝ ਠੀਕ ਹੋ ਜਾਏਗਾ।” ਰਾਕੇਸ਼ ਦੀ ਇਹ ਗੱਲ ਸੁਣ ਕੇ ਵੀ ਇੰਦੂ ਰੋਂਦੀ ਰਹੀ, ਜਿਵੇਂ ਉਸ ਨੇ ਕੁਝ ਸੁਣਿਆ ਹੀ ਨਾ ਹੋਵੇ। ਇੰਦੂ ਅਤੇ ਰਾਕੇਸ਼ ਦੇ ਅੰਦਰਲਾ ਦਰਦ ਉਹਨਾਂ ਦੇ ਹੰਝੂਆਂ ਰਾਹੀ ਬਾਹਰ ਆ ਰਿਹਾ ਸੀ।
ਅੱਜ ਇੰਦੂ ਦੀ ਖੁਸ਼ੀ ਸਤਵੇਂ ਅਸਮਾਨ ‘ਤੇ ਸੀ। ਉਹ ਘਰ ਵਿਚ ਚਾਰੇ ਪਾਸੇ ਭੱਜੀ ਫਿਰਦੀ ਸੀ। ਰਾਕੇਸ਼ ਨੇ ਉਸ ਨੂੰ ਪਿੱਛੋਂ ਗੁੱਸੇ ਹੁੰਦੇ ਹੋਏ ਕਿਹਾ, “ਇੰਦੂ, ਧਿਆਨ ਨਾਲ। ਸੱਤਵੇਂ ਮਹੀਨੇ ਇਸ ਤਰਾਂ ਦੀ ਭੱਜ-ਨੱਠ ਠੀਕ ਨਹੀਂ।” ਇੰਦੂ ਬਹੁਤ ਖੁਸ਼ ਹੈ। ਉਹ ਤਾਂ ਹੁਣ ਦਿਨ ਗਿਣ ਰਹੀ ਹੈ ਕਿ ਕਦੋਂ ਉਹ ਖੁਸ਼ੀ ਵਾਲਾ ਦਿਨ ਆਵੇ ਅਤੇ ਉਸਦੀ ਗੋਦੀ ਭਰੀ ਹੋਵੇ। ਜਦੋਂ ਕਦੇ ਇੰਦੂ ਨੂੰ ਕੁਝ ਯਾਦ ਆ ਜਾਂਦਾ ਤਾਂ ਉਹ ਰਾਕੇਸ਼ ਦਾ ਹੱਥ ਪਕੜ ਕੇ ਉਸ ਨੂੰ ਉਸ ਕਮਰੇ ਵਿਚ ਲੈ ਜਾਂਦੀ ਜਿਥੇ ਕਲੰਡਰ ‘ਤੇ ਲਿਖਿਆ ਹੋਇਆ ਸੀ “ਇਕ ਅਕਹਿ ਖੁਸ਼ੀ ਦਾ ਦਿਨ,” ਦੋ ਮਹੀਨੇ ਬਾਅਦ 30 ਜੁਲਾਈ ਨੂੰ। ਰਾਕੇਸ਼ ਨੇ ਇੰਦੂ ਨੂੰ ਇਕ ਫ਼ੋਟੋ ਦੀ ਸੁਗ਼ਾਤ ਦਿੱਤੀ, ਜਿਹੜੀ ਉਹਨਾਂ ਦੀਆਂ ਪਹਿਲੀਆਂ ਛੁੱਟੀਆਂ ਵੇਲੇ ਖਿੱਚੀ ਸੀ। ਇੰਦੂ ਨੇ ਬੜੇ ਚਾਅ ਨਾਲ ਉਹ ਫ਼ੋਟੋ ਆਪਣੇ ਬੈਡ ਦੇ ਸਾਹਮਣੇ ਕੰਧ ‘ਤੇ ਲੱਗੀ ਘੜੀ ਨਾਲ ਲਾ ਦਿੱਤੀ। “ਮੈਨੂੰ ਤੇਰੇ ਜਿਹਾ ਇਕ ਪਿਆਰਾ ਬੱਚਾ ਚਾਹੀਦਾ ਹੈ”, ਉਹ ਮਸਤੀ ਵਿਚ ਆ ਕੇ ਬੋਲੀ।
ਰਾਕੇਸ਼ ਅਤੇ ਇੰਦੂ ਬਹੁਤ ਖੁਸ਼ ਸੀ। ਰਾਕੇਸ਼ ਨੂੰ ਆਪਣੀ ਕੰਪਨੀ ਵੱਲੋਂ ਇਕ ਬਹੁਤ ਵੱਡੇ ਕੰਮ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਲਈ ਉਸ ਨੂੰ ਸ਼ਹਿਰ ਤੋਂ ਬਾਹਰ ਇਕ ਛੋਟੇ ਜਿਹੇ ਪਿੰਡ ਵਿਚ ਰਹਿਣਾ ਪੈਣਾ ਸੀ। ਕੰਪਨੀ ਨੇ ਉਸ ਨੂੰ ਰਹਿਣ ਲਈ ਇਕ ਘਰ ਵੀ ਦਿੱਤਾ। ਰਾਕੇਸ਼ ਨਹੀਂ ਸੀ ਚਾਹੁੰਦਾ ਕਿ ਇੰਦੂ ਨੂੰ ਇਕੱਲਾ ਛੱਡਿਆ ਜਾਵੇ, ਇਸ ਲਈ ਉਹ ਇੰਦੂ ਨੂੰ ਆਪਣੇ ਨਾਲ ਹੀ ਲੈ ਗਿਆ। ਉਹ ਦੋਵੇਂ ਇਕ ਮਹੀਨਾ ਪਿੰਡ ਵਿਚ ਰਹੇ। ਉਹ ਕੰਮ ਸਿਰਫ ਇਕ ਮਹੀਨੇ ਲਈ ਹੀ ਸੀ, ਇਸ ਲਈ ਇਹ ਸਮਾਂ ਉਹਨਾਂ ਨੇ ਅਰਾਮ ਨਾਲ ਬਿਤਾ ਲਿਆ। ਜਣੇਪੇ ਵਿਚ ਇਕ ਮਹੀਨਾ ਹੀ ਰਹਿ ਗਿਆ ਸੀ, ਇਸ ਲਈ ਉਹ ਦੋਵੇਂ ਆਪਣੇ ਘਰ ਆਉਣ ਲਈ ਕਾਹਲੇ ਸੀ ਤਾਂ ਜੋ ਕੋਈ ਦਿੱਕਤ ਨਾ ਹੋਵੇ।
18 ਜੂਨ ਨੂੰ ਉਹਨਾਂ ਨੇ ਆਪਣਾ ਸਮਾਨ ਇਕੱਠਾ ਕੀਤਾ ਅਤੇ ਸ਼ਹਿਰ ਲਈ ਚਲ ਪਏ।
ਰਾਕੇਸ਼ ਕੋਲ ਆਪਣੀ ਕਾਰ ਸੀ, ਇਸ ਲਈ ਉਸ ਨੇ ਆਪਣਾ ਸਮਾਨ ਦੂਜੀ ਗੱਡੀ ਵਿਚ ਭੇਜ ਦਿੱਤਾ ਅਤੇ ਆਪ ਕਾਰ ਵਿਚ ਗਏ। ਇੰਦੂ ਵੀ ਕਾਰ ਵਿਚ ਬੈਠ ਗਈ। ਕਾਰ ਪੁਰਾਣੀ ਸੀ ਅਤੇ ਉਸਦੇ ਇਕ ਦਰਵਾਜ਼ਾ ਠੀਕ ਤਰਾਂ ਬੰਦ ਨਹੀਂ ਸੀ ਹੁੰਦਾ, ਪਰ ਇਸਦਾ ਦੋਹਾਂ ਨੂੰ ਹੀ ਨਹੀਂ ਸੀ ਪਤਾ। “ਰਾਕੇਸ਼, ਮੇਰਾ ਖਿਆਲ ਹੈ ਆਪਾਂ ਨਵੀਂ ਕਾਰ ਲੈ ਲਈਏ”, ਇੰਦੂ ਨੇ ਰਾਕੇਸ਼ ਨੂੰ ਕਿਹਾ। ਰਾਕੇਸ਼ ਆਪਣੀਆਂ ਹੀ ਗਿਣਤੀਆਂ-ਮਿਣਤੀਆਂ ਵਿਚ ਪਏ ਹੋਏ ਨੇ ਕਿਹਾ, “ਤੂੰ ਠੀਕ ਕਹਿ ਰਹੀਂ ਹੈ, ਮੈਂ ਵੀ ਇਹੋ ਸੋਚ ਰਿਹਾ ਸੀ, ਪਰ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਨਵੀਂ ਕਾਰ ਲਵਾਂਗੇ।”
“ਹਾਂ, ਇਹ ਠੀਕ ਹੈ”, ਇਹ ਕਹਿ ਕੇ ਇੰਦੂ ਚੁੱਪ ਕਰ ਗਈ ਅਤੇ ਉਸ ਨੇ ਕੁਝ ਸੋਚਦੇ ਹੋਏ ਸ਼ਰਾਰਤੀ ਮੁਸਕਰਾਹਟ ਨਾਲ ਕਿਹਾ, “ਰਾਕੇਸ਼, ਇਹ ਤਾਂ ਦੱਸੋ, ਤੁਹਾਨੂੰ ਕੀ ਚਾਹੀਦਾ ਹੈ, ਮੁੰਡਾ ਜਾਂ ਕੁੜੀ?” ਰਾਕੇਸ਼, ਸੜਕ ‘ਤੇ ਧਿਆਨ ਰੱਖ ਕੇ ਗੱਡੀ ਚਲਾ ਰਿਹਾ ਸੀ ਅਤੇ ਉਸਦੇ ਕੰਨ ਇੰਦੂ ਵੱਲ ਵੀ ਸੀ। ਉਸ ਨੇ ਇੰਦੂ ਨੂੰ ਕਿਹਾ, “ਮੈਨੂੰ ਤੇਰੇ ਵਰਗੀ ਪਿਆਰੀ ਜਿਹੀ ਬੇਟੀ ਚਾਹੀਦੀ ਹੈ ਜੋ ਮੈਨੂੰ ਤੇਰੇ ਜਿੰਨਾ ਹੀ ਪਿਆਰ ਕਰੇ।”
ਇੰਦੂ ਨੇ ਰਾਕੇਸ਼ ਨੂੰ ਛੇੜਦੇ ਹੋਏ ਕਿਹਾ, “ਉਹ, ਤਾਂ ਇਹ ਗੱਲ ਹੈ, ਫੇਰ ਮੇਰੀ ਤਾਂ ਜ਼ਰੂਰਤ ਹੀ ਨਹੀਂ ਰਹਿਣੀ? ਮੈਂ ਬੱਚੇ ਦੇ ਜਨਮ ਤੋਂ ਬਾਅਦ ਕਿਤੇ ਹੋਰ ਚਲੀ ਜਾਵਾਂਗੀ, ਤੁਸੀਂ ਆਪਣੇ ਬੱਚੇ ਨਾਲ ਹੀ ਰਹਿਣਾ, ਸਿਰਫ ਤੁਸੀਂ ਅਤੇ ਤੁਹਾਡਾ ਬੱਚਾ।”
ਇਹ ਸੁਣਦੇ ਹੀ ਰਾਕੇਸ਼ ਨੂੰ ਗੁੱਸਾ ਆ ਗਿਆ ਅਤੇ ਉਹ ਇੰਦੂ ਵੱਲ ਦੇਖ ਕੇ ਬੋਲਿਆ, “ਇਹੋ ਜਿਹੀ ਗੱਲ ਫੇਰ ਨਾ ਕਦੇ ਮੂੰਹੋਂ ਕੱਢੀਂ। ਮੇਰੇ ਲਈ ਬੱਚੇ ਨਾਲੋਂ ਜਿਆਦਾ ਜ਼ਰੂਰੀ ਤੂੰ ਹੈਂ। ਇਕ ਗੱਲ ਹੋਰ ਯਾਦ ਰੱਖੀਂ, ਬੱਚਾ ਤੇਰੇ ਕਰਕੇ ਹੈ, ਤੂੰ ਬੱਚੇ ਕਰਕੇ ਨਹੀਂ।” ਇੰਦੂ ਨੂੰ ਨਹੀਂ ਸੀ ਪਤਾ ਕਿ ਉਸਦੇ ਮਜ਼ਾਕ ਦਾ ਰਾਕੇਸ਼ ‘ਤੇ ਅਜਿਹਾ ਅਸਰ ਹੋਵੇਗਾ। ਉਸ ਨੇ ਆਪਣੇ ਪਤੀ ਦਾ ਗੁੱਸਾ ਠੰਡਾ ਕਰਦੇ ਕਿਹਾ, “ਮੈਂ ਵਾਅਦਾ ਕਰਦੀ ਹਾਂ ਕਿ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ।”
“ਅਸੀਂ ਦੋਵੇਂ ਹੀ ਇਕ ਦੂਜੇ ਬਿਨਾਂ ਅਧੂਰੇ ਹਾਂ। ਅਸੀਂ ਦੋਹਾਂ ਨੇ ਹੀ ਆਪਣੇ ਹੋਣ ਵਾਲੇ ਬੱਚੇ ਨੂੰ ਇਕੱਠੇ ਹੀ ਪਾਲਣਾ ਹੈ। ਉਸ ਨੂੰ ਚੰਗੀਆਂ ਆਦਤਾਂ ਸਿਖਾਉਣੀਆਂ ਹਨ, ਉਸਦੇ ਵਧੀਆ ਭਵਿੱਖ ਲਈ ਉਸ ਵਿਚ ਖਾਸ ਖ਼ੂਬੀਆਂ ਪੈਦਾ ਕਰਨੀਆਂ ਹਨ। ਬੱਚੇ ਨੇ ਸਾਡੇ ਕੋਲੋਂ ਹੀ ਸਭ ਕੁਝ ਸਿੱਖਣਾ ਹੈ। ਅਸੀਂ ਇਕ ਦੂਜੇ ਨੂੰ ਸਮਝਣਾ ਹੈ ਅਤੇ ਇਕ ਦੂਜੇ ਨੂੰ ਤਾਕਤ ਦੇਣੀ ਹੈ।”
ਇੰਦੂ ਨੇ ਕਾਰ ਤੋਂ ਬਾਹਰ ਦੇਖਦੀ ਹੋਈ ਨੇ ਆਪਣੇ ਆਪ ਨੂੰ ਕਿਹਾ, “ਮੈਨੂੰ ਤਾਂ ਤੁਹਾਡਾ ਅਹਿਸਾਨ ਮੰਦ ਹੋਣਾ ਚਾਹੀਦਾ ਹੈ ਕਿ ਤੁਸੀਂ ਮੇਰੇ ਵਰਗੀ ਇਕ ਬੇਸਹਾਰਾ ਕੁੜੀ ਨੂੰ ਆਪਣੀ ਜ਼ਿੰਦਗੀ ਵਿਚ ਜਗਾ ਦਿੱਤੀ। ਮੈਂ ਤਾਂ ਸੋਚ ਵੀ ਨਹੀਂ ਸਕਦੀ ਕਿ ਮੈਂ ਉਸ ਆਦਮੀ ਤੋਂ ਬਿਨਾਂ ਰਹਿ ਸਕਦੀ ਹਾਂ ਅਤੇ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਵਿਚ ਥਾਂ ਦੇ ਸਕਦੀ ਹਾਂ, ਮੈਨੂੰ ਤਾਂ ਤੁਹਾਡਾ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਤੁਸੀਂ ਮੈਨੂੰ ਪਰਵਾਨ ਕੀਤਾ ਅਤੇ ਐਨਾ ਪਿਆਰ ਦਿੱਤਾ।”
“ਕੀ ਸੋਚ ਰਹੀ ਹੈਂ, ਇੰਦੂ?” ਇੰਦੂ, ਰਾਕੇਸ਼ ਦੀ ਆਵਾਜ਼ ਸੁਣ ਕੇ ਸੰਭਲ ਕੇ ਬੈਠ ਗਈ।
“ਕੁਝ ਨਹੀਂ, ਬੱਸ ਆਪਣੇ ਬਾਰੇ ਹੀ ਸੋਚ ਰਹੀ ਸੀ।”
ਅਚਾਨਕ ਹੀ ਉਬੜ-ਖਾਬੜ ਸੜਕ ਆ ਗਈ। ਰਾਤ ਦੇ ਮੀਂਹ ਕਾਰਨ ਸੜਕ ‘ਤੇ ਪਾਣੀ ਖੜਾ ਸੀ, ਇਸ ਲਈ ਰਾਕੇਸ਼ ਨੂੰ ਇਹ ਦੇਖਣ ਵਿਚ ਮੁਸ਼ਕਲ ਆ ਰਹੀ ਸੀ ਕਿ ਅੱਗੇ ਕੀ ਹੈ। ਇੰਦੂ ਅਜੇ ਵੀ ਆਪਣੇ ਖਿਆਲਾਂ ਵਿਚ ਡੁੱਬੀ ਹੋਈ ਸੀ। ਰਾਕੇਸ਼ ਕਾਰ ਚਲਾਉਂਦਾ ਹੋਇਆ ਵੀ ਇੰਦੂ ਵੱਲ ਵੀ ਦੇਖ ਰਿਹਾ ਸੀ। ਅਚਾਨਕ ਹੀ ਕਾਰ ਦੇ ਅੱਗੇ ਇਕ ਟੋਆ ਆ ਗਿਆ। ਰਾਕੇਸ਼ ਕਾਰ ਦਾ ਸੰਤੁਲਨ ਨਾ ਰੱਖ ਸਕਿਆ। ਰਾਕੇਸ਼ ਦਾ ਹੱਥ ਕਾਰ ਦੇ ਸਟੇਰਿੰਗ ਤੋਂ ਹਿੱਲ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਸੜਕ ਤੋਂ ਲਹਿ ਕੇ ਇਕ ਵੱਡੇ ਪੱਥਰ ਨਾਲ ਜਾ ਟਕਰਾਈ, l ਇੰਦੂ ਦੇ ਪਾਸੇ ਦਾ ਦਰਵਾਜ਼ਾ ਖੁੱਲ੍ਹ ਗਿਆ ਅਤੇ ਇੰਦੂ ਕਾਰ ਵਿਚੋਂ ਡਿੱਗ ਕੇ ਕਈ ਲੋਟਣੀਆਂ ਖਾ ਗਈ। ਉਸਦਾ ਸਿਰ ਵੱਡੇ ਪੱਥਰ ਨਾਲ ਟਕਰਾ ਗਿਆ, ਜਿਸ ਕਰਕੇ ਇੰਦੂ ਬੇਹੋਸ਼ ਹੋ ਗਈ। ਘਬਰਾਇਆ ਹੋਇਆ ਰਾਕੇਸ਼ ਕਾਰ ਵਿਚੋਂ ਉਤਰਿਆ। ਉਸ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਉਹ ਕੀ ਕਰੇ? ਉਸ ਨੇ ਇੰਦੂ ਨੂੰ ਚੁੱਕ ਕੇ ਕਾਰ ਵਿਚ ਪਾਇਆ। ਉਸ ਨੇ ਕਾਰ ਚਲਾਉਣੀ ਚਾਹੀ, ਪਰ ਕਾਰ ਸਟਾਰਟ ਹੀ ਨਹੀਂ ਸੀ ਹੋ ਰਹੀ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਅਚਾਨਕ ਇਹ ਕੀ ਹੋ ਗਿਆ। ਉਸਦਾ ਦਿਮਾਗ ਹੀ ਕੰਮ ਨਹੀਂ ਸੀ ਕਰ ਰਿਹਾ। ਉਹ ਆਲੇ ਦੁਆਲੇ ਦੇਖ ਰਿਹਾ ਸੀ ਕਿ ਪਿੰਡ ਵੱਲੋਂ ਆਉਂਦਾ ਕੋਈ ਦਿੱਖ ਜਾਏ, ਤਾਂ ਜੋ ਉਹ ਸਹਾਇਤਾ ਲੈ ਸਕੇ। ਉਸ ਨੇ ਦੇਖਿਆ ਕਿ ਇਕ ਰਿਕਸ਼ਾ ਆ ਰਿਹਾ ਹੈ। ਉਸ ਲਈ ਇਹ ਉਮੀਦ ਦੀ ਕਿਰਨ ਸੀ। ਉਹ ਸੜਕ ਦੇ ਵਿਚਕਾਰ ਖੜ ਗਿਆ। ਜਦੋਂ ਰਿਕਸ਼ਾ ਨੇੜੇ ਆਇਆ ਤਾਂ ਉਹ ਸਹਾਇਤਾ ਲਈ ਬੇਨਤੀ ਕਰਦਾ ਹੋਇਆ ਕਹਿਣ ਲੱਗਿਆ, “ਮੇਰੀ ਕਾਰ ਪੱਥਰ ਨਾਲ ਟਕਰਾ ਗਈ ਹੈ, ਮੇਰੀ ਪਤਨੀ ਜ਼ਖ਼ਮੀ ਹੋ ਗਈ ਹੈ। ਉਹ ਮਾਂ ਬਣਨ ਵਾਲੀ ਹੈ।”
ਰਿਕਸ਼ਾ ਵਾਲੇ ਨੇ ਉਸਦਾ ਹੱਥ ਫੜਦੇ ਹੋਏ ਕਿਹਾ, “ਬੇਨਤੀ ਕਰਨ ਦੀ ਜ਼ਰੂਰਤ ਨਹੀਂ, ਦੇਰ ਨਾ ਹੋ ਜਾਵੇ, ਜ਼ਖ਼ਮੀ ਨੂੰ ਲੈ ਕੇ ਚਲੀਏ.”
“ਕੀ ਨੇੜੇ ਹੀ ਕੋਈ ਹਸਪਤਾਲ ਹੈ?” ਰਾਕੇਸ਼ ਨੇ ਕਾਹਲੀ-ਕਾਹਲੀ ਪੁੱਛਿਆ।
“ਹਾਂ, ਨੇੜੇ ਹੀ ਹੈ।” ਰਿਕਸ਼ਾ ਵਾਲੇ ਨੇ ਰਾਕੇਸ਼ ਨੂੰ ਹੌਂਸਲਾ ਦਿੰਦੇ ਹੋਏ ਕਿਹਾ।
ਉਹਨਾਂ ਦੋਹਾਂ ਨੇ ਇੰਦੂ ਨੂੰ ਚੁੱਕ ਕੇ ਰਿਕਸ਼ਾ ‘ਤੇ ਬਿਠਾਇਆ। ਰਾਕੇਸ਼ ਉਸ ਨੂੰ ਆਸਰਾ ਦੇ ਕੇ ਬੈਠ ਗਿਆ।
ਹਸਪਤਾਲ ਪਹੁੰਚ ਕੇ ਉਸ ਨੂੰ ਪਤਾ ਲੱਗਿਆ ਕਿ ਪੱਥਰ ਨਾਲ ਸਿਰ ਟਕਰਾਉਣ ਕਰਕੇ ਇੰਦੂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਦੂਜੀ ਭੈੜੀ ਖ਼ਬਰ ਇਹ ਮਿਲੀ ਕਿ ਮਾਂ ਅਤੇ ਬੱਚੇ ਵਿਚੋਂ ਕਿਸੇ ਇਕ ਨੂੰ ਹੀ ਬਚਾਇਆ ਜਾ ਸਕਦਾ ਹੈ। ਰਾਕੇਸ਼ ਨੇ ਬਿਨਾਂ ਝਿਜਕ ਕਿਹਾ, “ਮੇਰੀ ਪਤਨੀ, ਬੱਚੇ ਨਾਲੋਂ ਜਿਆਦਾ ਜਰੂਰੀ ਹੈ। ਇਸ ਲਈ ਮੇਰੀ ਪਤਨੀ ਨੂੰ ਬਚਾਓ”, ਇਹ ਕਹਿੰਦੇ ਹੋਏ ਉਹ ਡੂੰਗੇ ਸਦਮੇ ਵਿਚ ਚੀਕ ਮਾਰਦਾ ਹੋਇਆ ਫਰਸ਼ ‘ਤੇ ਹੀ ਗਿਰ ਗਿਆ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇੰਦੂ ਨੂੰ ਇਹ ਸਭ ਕੁਝ ਕਿਵੇਂ ਦੱਸੇ ਗਾ, ਪਰ ਹੋਰ ਕੋਈ ਚਾਰਾ ਵੀ ਨਹੀਂ ਸੀ।
ਉਪਰੇਸ਼ਨ ਤੋਂ ਬਾਅਦ ਇੰਦੂ ਨੂੰ ਵਿਸ਼ੇਸ਼ ਕਮਰੇ ਵਿਚ ਰੱਖਿਆ ਗਿਆ। ਉਹ ਬਾਰ-ਬਾਰ ਰਾਕੇਸ਼ ਦਾ ਨਾਂ ਲੈ ਰਹੀ ਸੀ।
ਜਦੋਂ ਡਾਕਟਰ ਨੇ ਰਾਕੇਸ਼ ਨੂੰ ਇੰਦੂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਤਾਂ ਉਸ ਨੇ ਪਹਿਲਾਂ ਆਪਣੇ ਆਪ ਨੂੰ ਸੰਭਾਲਿਆ ਅਤੇ ਇੰਦੂ ਦੇ ਕਮਰੇ ਵਿਚ ਚਲਾ ਗਿਆ, ਜਿਥੇ ਉਹ ਬੈਡ ‘ਤੇ ਪਈ ਸੀ। ਉਹ ਬਾਰ-ਬਾਰ ਬੈਡ ‘ਤੇ ਆਪਣੇ ਹੱਥ ਹਿਲਾਈ ਜਾ ਰਹੀ ਸੀ, ਜਿਵੇਂ ਕੋਈ ਚੀਜ਼ ਲੱਭ ਰਹੀ ਹੋਵੇ। ਰਾਕੇਸ਼ ਨੇ ਝਿਜਕਦੇ ਹੋਏ ਉਸ ਨੂੰ ਬੁਲਾਇਆ, “ਇੰਦੂ”
ਇੰਦੂ ਬੇਚੈਨੀ ਨਾਲ ਪੁੱਛਣ ਲੱਗੀ, “ਮੇਰਾ ਬੱਚਾ ਕਿਥੇ ਹੈ?”
ਰਾਕੇਸ਼ ਨੇ ਉਸ ਦਾ ਹੱਥ ਫੜਦੇ ਹੋਏ ਕਿਹਾ, “ਮੈਨੂੰ ਮੁਆਫ਼ ਕਰ ਇੰਦੂ। ਮੇਰੀ ਗਲਤੀ ਕਰਕੇ ਅਸੀਂ ਆਪਣੇ ਬੱਚੇ ਨੂੰ ਖੋ ਦਿੱਤਾ।”
ਦੋਹਾਂ ਨੇ ਇਕ ਦੂਜੇ ਨੂੰ ਆਪਣੀਆਂ ਬਾਂਹਾਂ ਵਿਚ ਘੁੱਟ ਲਿਆ ਅਤੇ ਰੋਣ ਲੱਗੇ।
ਰਾਕੇਸ਼ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਇੰਦੂ ਦਾ ਸਿਰ ਆਪਣੇ ਮੋਢਿਆਂ ਤੋਂ ਚੁੱਕਦੇ ਹੋਏ, ਉਸ ਨੂੰ ਦਿਲਾਸਾ ਦਿੰਦੇ ਕਹਿਣ ਲੱਗਿਆ, “ਫਿਕਰ ਨਾ ਕਰ ਇੰਦੂ, ਤੇਰੀਆਂ ਅੱਖਾਂ ਦਾ ਇਲਾਜ ਚੰਗੇ ਡਾਕਟਰ ਤੋਂ ਕਰਵਾਵਾਂਗੇ।”
“ਆਪਣਾ ਬੱਚਾ—–” ਇੰਦੂ ਉਸਦੀ ਗਲ ਕੱਟਦੀ ਬੋਲੀ।
ਰਾਕੇਸ਼ ਨੇ ਫੇਰ ਉਸ ਨੂੰ ਗਲਵਕੜੀ ਪਾਉਂਦੇ ਕਿਹਾ, “ਉਹ ਸਾਡਾ ਦਿਨ ਦਾ ਸੁਪਨਾ ਸੀ। ਸਾਡਾ ਬੱਚਾ ਇਕ ਅਜਿਹਾ ਸੁਪਨਾ ਹੀ ਸੀ ਜੋ ਸੁਪਨੇ ਦੇ ਅੱਧ ਵਿਚਕਾਰ ਹੀ ਟੁੱਟ ਗਿਆ।”
ਉਸ ਨੇ ਇਕ ਠੰਡਾ ਸਾਹ ਭਰਦੇ ਹੋਏ, ਇੰਦੂ ਦੀਆਂ ਅੱਖਾਂ ਤੇ ਹੱਥ ਰੱਖਦੇ ਕਿਹਾ, “ਉਸ ਦਿਨ ਦੇ ਸੁਪਨੇ ਨੇ ਮੇਰੀ ਜ਼ਿੰਦਗੀ ਦੀਆਂ ਅੱਖਾਂ ਖੋਹ ਲਈਆਂ।”
ਇਹ ਕਹਿੰਦੇ ਹੋਏ ਉਹ ਦੋਵੇਂ ਇਕ ਦੂਜੇ ਨੂੰ ਲਿਪਟ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



