ਧੀਆਂ

ਰਾਜਿੰਦਰ ਰਾਣੀ

(ਸਮਾਜ ਵੀਕਲੀ)

ਧੀਆਂ ਸਦਾ ਹੀ ਘਰ ਦੀ ਸੁੱਖ ਮੰਗਦੀਆਂ ਹਨ। ਬਾਬੁਲ ਦੀ ਪੱਗ਼ ਦੀ ਇੱਜ਼ਤ ਧੀਆਂ ਹੀ ਰੱਖਦੀਆਂ ਹਨ। ਬਾਬਲ ਦੇ ਵਿਹੜੇ ਦੀ ਸੁੱਖ ਸ਼ਾਂਤੀ ਲਈ ਦੁਆਵਾਂ ਧੀਆਂ ਹੀ ਕਰਦੀਆਂ ਹਨ। ਜਿਸ ਘਰ ਧੀ ਨਹੀਂ ਉਥੇ ਵੀਰ ਦੀ ਕਲਾਈ ਰੱਖੜੀ ਬਗੈਰ ਸੱਖਣੀ ਹੀ ਰਹਿੰਦੀ ਹੈ। ਬਾਹਰੋਂ ਥੱਕੇ ਟੁੱਟੇ ਆਏ ਬਾਬਲ ਨੂੰ ਧੀ ਹੀ ਭੱਜ ਕੇ ਪਾਣੀ ਦਾ ਗਲਾਸ ਫੜਾਉਂਦੀ ਹੈ। ਘਰ ਦੀ ਸਾਂਭ-ਸੰਭਾਲ, ਰੱਖ-ਰਖਾਵ ਅਤੇ ਸਜਾਵਟ ਦਾ ਕੰਮ ਧੀ ਦੇ ਹੀ ਜ਼ਿੰਮੇ ਹੁੰਦਾ ਹੈ। ਧੀ ਬਾਬਲ ਦੀ ਲਾਡਲੀ, ਮਾਂ ਦੀ ਹਮਰਾਜ਼ ਅਤੇ ਵੀਰਾਂ ਦੀ ਪਿਆਰੀ ਜਿਹੀ ਦੋਸਤ ਹੁੰਦੀ ਹੈ। ਮੁਕਦੀ ਗੱਲ ਇਹ ਕਿ ਧੀ ਵਿਹੜੇ ਦੀ ਰੌਣਕ ਹੁੰਦੀ ਹੈ। ਧੀ ਜਦੋਂ ਤੋਂ ਹੋਸ਼ ਸੰਭਾਲਦੀ ਹੈ ਉਦੋਂ ਤੋਂ ਹੀ ਉਸ ਨੂੰ ਆਪਣੇ ਮਾਂ-ਬਾਪ ਅਤੇ ਭੈਣ ਭਰਾਵਾਂ ਦੀ ਫਿਕਰ ਲੱਗ ਜਾਂਦੀ ਹੈ। ਮਾਂ ਦੀਆਂ ਅੱਖਾਂ ਪਿੱਛੇ ਛਿਪੇ ਹੰਝੂ ਸਭ ਤੋਂ ਪਹਿਲਾਂ ਧੀ ਨੂੰ ਹੀ ਨਜ਼ਰ ਆਉਂਦੇ ਹਨ।

ਉਹ ਗਲਵਕੜੀ ਪਾ ਕੇ ਬਿਨਾਂ ਕੁਝ ਕਹੇ ਮਾਂ ਦਾ ਅੱਧਾ ਦੁੱਖ ਦੂਰ ਕਰ ਦਿੰਦੀ ਹੈ। ਮਾਂ ਵੀ ਆਪਣੀ ਧੀ ਦੇ ਭਵਿੱਖ ਬਾਰੇ ਹਮੇਸ਼ਾ ਚਿੰਤਤ ਰਹਿੰਦੀ ਹੈ। ਜ਼ਮਾਨੇ ਦੀ ਹਵਾ ਤੋਂ ਉਹ ਹਮੇਸ਼ਾ ਡਰੀ ਰਹਿੰਦੀ ਹੈ। ਪੁੱਤਰ ਖੁੱਲ੍ਹੀਆਂ ਹਵਾਵਾਂ ਵਿਚ ਉਡਾਰੀਆਂ ਮਾਰ ਆਉਣ ਤਾਂ ਕੁਝ ਨਹੀਂ ਹੁੰਦਾ ਪਰ ਧੀਆਂ ਬਰੂਹਾਂ ਤੋਂ ਪੈਰ ਹੀ ਕੱਢਣ, ਮਾਂ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਘਰੋਂ ਬਾਹਰ ਗਈ ਧੀ ਦੀ ਮਾਂ, ਸੁੱਤੇ ਸਿੱਧ ਹੀ ਫਿਕਰਮੰਦ ਹੋ ਜਾਂਦੀ ਹੈ। ਉਹ ਜਵਾਨ ਹੋ ਰਹੀ ਆਪਣੀ ਧੀ ਨੂੰ ਮੁੱਢ ਤੋਂ ਹੀ ਨਸੀਹਤਾਂ ਦੇਣੀਆਂ ਸ਼ੁਰੂ ਕਰ ਦਿੰਦੀ ਹੈ। ਜੇ ਮਾਂ ਥੋੜ੍ਹੀ ਜਿਹੀ ਸੁਚੇਤ ਰਹੇ ਚੰਗੇ ਸੰਸਕਾਰ ਦੇਵੇ ਤਾਂ ਉਸ ਦੀ ਲਾਡਲੀ ਕਦੇ ਵੀ ਗੁੰਮਰਾਹ ਨਹੀਂ ਹੋ ਸਕਦੀ। ਸਿਆਣੀ ਮਾਂ, ਪੜ੍ਹਾਈ ਖਤਮ ਹੁੰਦਿਆਂ ਹੀ ਸ਼ਖਸੀਅਤ ਨੂੰ ਨਿਖਾਰਨ ਵਾਸਤੇ, ਆਪਣੀ ਧੀ ਨੂੰ ਚੰਗੀਆਂ ਕਿਤਾਬਾਂ ਮੁਹੱਈਆ ਕਰਾਉਂਦੀ ਹੈ।

ਮਾਂ ਆਪਣੀ ਧੀ ਦੀ ਕਦਮ ਕਦਮ ‘ਤੇ ਰਹਿਨੁਮਾਈ ਕਰਦੀ ਹੈ। ਧੀਆਂ ਕਦੋਂ ਵੱਡੀਆਂ ਹੋ ਜਾਂਦੀਆਂ ਹਨ, ਮਾਵਾਂ ਨੂੰ ਪਤਾ ਵੀ ਨਹੀਂ ਲੱਗਦਾ। ਸਮਾਜ ਦਾ ਇਹ ਦਸਤੂਰ ਅਤੇ ਧੀਆਂ ਦੀ ਮਜਬੂਰੀ ਕਿ ਉਨ੍ਹਾਂ ‘ਆਪਣੇ’ ਘਰ ਚਲੇ ਹੀ ਜਾਣਾ ਹੁੰਦਾ ਹੈ। ਧੀਆਂ ਵੀ ਆਪਣੇ ਘਰ ਦੇ ਸੁਪਨੇ ਲੈਂਦੀਆਂ ਹਨ। ਉਨ੍ਹਾਂ ਦੇ ਅੰਦਰ ਨਵੀਂ ਦੁਨੀਆਂ ਵਸਾਉਣ ਦਾ ਚਾਅ ਠਾਠਾਂ ਮਾਰ ਰਿਹਾ ਹੁੰਦਾ ਹੈ। ਅਚਾਨਕ ਇਕ ਦਿਨ ਮਾਂ ਦੀ ਇਸ ਆਂਦਰ ਦਾ, ਉਸ ਤੋਂ ਵਿਛੜਨ ਦਾ ਸਬੱਬ ਬਣ ਜਾਂਦਾ ਹੈ। ਮਾਂ ਦੇ ਅੰਦਰ ਇਕ ਸਹਿਮ ਜਿਹਾ ਛਾ ਜਾਂਦਾ ਹੈ ਕਿ ਉਸ ਦੀ ਭੋਲੀ-ਭਾਲੀ ਧੀ ਅਗਲੇ ਘਰ ਜਾ ਕੇ ਖੁਸ਼ ਅਤੇ ਆਨੰਦ-ਪ੍ਰਸੰਨ ਰਹਿ ਸਕੇਗੀ। ਦੁਨੀਆਂ ‘ਚ ਮਾੜੇ ਲੋਕ ਬਹੁਤ ਹਨ ਪਰ ਕਮੀ ਚੰਗਿਆਂ ਦੀ ਵੀ ਨਹੀਂ। ਅਗਲੇ ਕਿੰਨੇ ਵੀ ਚੰਗੇ ਹੋਣ, ਫਿਰ ਵੀ ਉਨ੍ਹਾਂ ਦੇ ਦਿਲ ਜਿੱਤਣੇ ਪੈਂਦੇ ਹਨ।

ਮਾਂ ਨੂੰ ਹਮੇਸ਼ਾ ਆਪਣੀ ਬੇਟੀ ਨੂੰ ਇਹੀ ਸਮਝਾਉਣਾ ਚਾਹੀਦਾ ਹੈ ਕਿ ਕੁੜੀਆਂ ਦਾ ਅਸਲੀ ਘਰ ਉਨ੍ਹਾਂ ਦਾ ਸਹੁਰਾ ਘਰ ਹੀ ਹੁੰਦਾ ਹੈ। ਮਾਪਿਆਂ ਦਾ ਫਰਜ਼ ਹੈ ਕਿ ਧੀਆਂ ਨੂੰ ਪਾਲ-ਪੋਸ ਕੇ, ਪੜ੍ਹਾ-ਲਿਖਾ ਕੇ, ਇਕ ਸੂਝਵਾਨ ਔਰਤ ਬਣਾ ਦੇਣ। ਜਦੋਂ ਧੀ ਵਿਆਹੀ ਜਾਂਦੀ ਹੈ ਤਾਂ ਮਾਂ-ਬਾਪ ਦਾ ਦਾਅਵਾ ਖਤਮ ਹੋ ਜਾਂਦਾ ਹੈ। ਇਹ ਸਮਾਂ ਹੁੰਦਾ ਹੈ ਉਸ ਦੇ ਨਵੇਂ ਰਿਸ਼ਤੇ ਦੀ, ਇਕ ਲਾਂਭੇ ਹੋ ਕੇ ਖੁਬਸ਼ੂ ਲੈਣ ਦਾ। ਇਹ ਕੌੜਾ ਸੱਚ ਹੈ ਕਿ ਬਹੁਤ ਸਾਰੀਆਂ ਸਿਆਣੀਆਂ ਪਰ ਮੂੜ੍ਹ ਮਾਵਾਂ, ਵਿਆਹ ਤੋਂ ਬਾਅਦ ਵੀ ਧੀਆਂ ਦੇ ਜੀਵਨ ਵਿਚ ਦਖਲਅੰਦਾਜ਼ੀ ਕਰਦੀਆਂ ਰਹਿੰਦੀਆਂ ਹਨ ਅਤੇ ਜਾਣੇ-ਅਨਜਾਣੇ ਵਿਚ ਧੀਆਂ ਨੂੰ ਵੱਸਣ ਨਾ ਦੇਣ ਵਿਚ ਵਰਨਣਯੋਗ ਭੂਮਿਕਾ ਅਦਾ ਕਰਦੀਆਂ ਹਨ। ਇਹ ਆਮ ਵੇਖਿਆ ਗਿਆ ਹੈ ਕਿ ਅਜਿਹੀਆਂ ਮਾਵਾਂ ਦੀਆਂ ਧੀਆਂ ਘੱਟ ਹੀ ਆਪਣੇ ਘਰ ਜਾ ਕੇ ਸੁਖੀ ਰਹਿੰਦੀਆਂ ਹਨ।

ਮਾਂ-ਬਾਪ ਦਾ ਬਹੁਤ ਮੋਹ ਰਿਸ਼ਤਿਆਂ ਵਿਚ ਤਰੇੜਾਂ ਪਾ ਦਿੰਦਾ ਹੈ। ਧੀਆਂ ਨੂੰ ਇਹੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਤੂੰ ਹਮੇਸ਼ਾ ਸਾਡੇ ਦਿਲਾਂ ਵਿਚ ਵਸੀ ਰਹੇਂਗੀ। ਤੇਰੀ ਖੁਸ਼ਬੂ ਅਸੀਂ ਮਾਣਦੇ ਰਹਾਂਗੇ ਪਰ ਸਹੁਰਾ ਪਰਿਵਾਰ ਹੀ ਹੁਣ ਤੇਰਾ ਆਪਣਾ ਅਤੇ ਅਸਲੀ ਪਰਿਵਾਰ ਹੈ। ਆਪਣੀ ਮਾਂ ਨਾਲੋਂ ਵੀ ਜ਼ਿਆਦਾ ਪਿਆਰ, ਉਸ ਮਾਂ ਨੂੰ ਦੇਣਾ ਹੈ, ਜਿਸ ਨੇ ਤੇਰੇ ਤੋਂ ਪਾਣੀ ਵਾਰ ਕੇ ਪੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਧੀਆਂ ਨੂੰ ਤੋਰਨਾ ਮਾਂ ਲਈ ਬੜਾ ਮੁਸ਼ਕਲ ਹੁੰਦਾ ਹੈ ਅਤੇ ਜਿਗਰ ਦਾ ਟੁਕੜਾ ਅਨਜਾਣੇ ਹੱਥਾਂ ਵਿਚ ਫੜਾ ਦੇਣਾ ਬਹੁਤ ਦੁਖਦਾਇਕ। ਪਰ ਇਹ ਜ਼ਿੰਦਗੀ ਦਾ ਸੱਚ ਹੈ ਕਿਉਂਕਿ ਮਾਂ ਖੁਦ ਵੀ ਤਾਂ ਕਿਸੇ ਸਮੇਂ ਆਪਣੀ ਮਾਂ ਦਾ ਘਰ ਛੱਡ ਕੇ ਨਵੇਂ ਘਰ ਵਿਚ ਆਈ ਸੀ। ਧੀਆਂ ਘਰ ਵਿਚ ਨਹੀਂ ਬਿਠਾਈਆਂ ਜਾ ਸਕਦੀਆਂ। ਇਸ ਹਕੀਕਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।

ਬੇਟੇ ਵੀ ਆਪਣੇ ਘਰ ਬੜੇ ਲਾਡਲੇ ਹੁੰਦੇ ਹਨ। ਉਨ੍ਹਾਂ ਦੇ ਮਾਂ-ਬਾਪ ਵੀ ਬੜੀਆਂ ਰੀਝਾਂ ਤੇ ਚਾਵਾਂ ਨਾਲ ਨੂੰਹ ਨੂੰ ਧੀ ਬਣਾ ਕੇ ਆਪਣੇ ਘਰ ਲੈ ਕੇ ਆਉਂਦੇ ਹਨ। ਉਨ੍ਹਾਂ ਦੇ ਘਰ ਦੀ ਸੁਖ-ਸ਼ਾਂਤੀ ਅਤੇ ਖੁਸ਼ੀਆਂ ਨੂੰਹ ਦੇ ਹੱਥ ਹੁੰਦੀਆਂ ਹਨ। ਭਾਵੇਂ ਜੋ ਮਰਜ਼ੀ ਕਹੀਏ, ਹੁਣ ਸੱਸਾਂ ਪੁਰਾਣੇ ਜ਼ਮਾਨੇ ਦੀਆਂ ਸੱਸਾਂ ਵਰਗੀਆਂ ਨਹੀਂ ਰਹੀਆਂ। ਹੁਣ ਉਹ ਧੀਆਂ ਨਾਲੋਂ ਨੂੰਹਾਂ ਨੂੰ ਜ਼ਿਆਦਾ ਪਿਆਰ ਕਰਦੀਆਂ ਹਨ, ਬਸ਼ਰਤੇ ਕਿ ਉਹ ਹੱਕਦਾਰ ਤਾਂ ਬਣਨ। ਨੂੰਹ ਦਾ ਫਰਜ਼ ਬਣਦਾ ਹੈ ਕਿ ਸੱਸ, ਜੋ ਤੁਹਾਡੇ ਪਤੀ ਦੀ ਮਾਂ ਹੈ, ਤੁਹਾਡੀ ਵੀ ਉਨੀ ਹੀ ਮਾਂ ਹੈ। ਪਤੀ ਦੇ ਭੈਣ-ਭਰਾ ਤੁਹਾਡੇ ਆਪਣੇ ਭੈਣ-ਭਰਾ ਹਨ। ਹਰ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਉਸ ਨੂੰ ਅਗਲੇ ਘਰ ਜਾ ਕੇ ਬਹੁਤ ਪਿਆਰ ਮਿਲੇ ਪਰ ਪਿਆਰ ਮੰਗਿਆਂ ਨਹੀਂ ਮਿਲਦਾ। ਪਿਆਰ ਕਮਾਉਣਾ ਪੈਂਦਾ ਹੈ, ਪਿਆਰ ਜਿੱਤਣਾ ਪੈਂਦਾ ਹੈ।

ਪੇਕਿਆਂ ਘਰ ਕੀਤੀ ਸਰਦਾਰੀ ਉਥੇ ਵੀ ਕਾਇਮ ਰੱਖੀ ਜਾ ਸਕਦੀ ਹੈ, ਜੇ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ। ਅਧਿਕਾਰਾਂ ਦੇ ਨਾਲ-ਨਾਲ ਫਰਜ਼ ਵੀ ਚਲਦੇ ਹਨ। ਆਪਣੇ ਫਰਜ਼ ਦੀ ਪਛਾਣ ਹੋਣੀ ਚਾਹੀਦੀ ਹੈ। ਹੁਣ ਨਿਰੀ ਪੁਰੀ ਤੁਹਾਡੀ ਮਰਜ਼ੀ ਨਹੀਂ ਚੱਲਣੀ। ਪਹਿਲ ਉਨ੍ਹਾਂ ਦੀ ਹੈ। ਜੇ ਉਹ ਤੁਹਾਡੇ ਮੁਤਾਬਕ ਨਹੀਂ ਤਾਂ ਆਪਣੀ ਸ਼ਖਸੀਅਤ ਦੇ ਪ੍ਰਭਾਵ ਨਾਲ ਤੁਸੀਂ ਉਨ੍ਹਾਂ ਨੂੰ ਢਾਲ ਸਕਦੇ ਹੋ। ਉਹ ਕੀ ਚਾਹੁੰਦੇ ਹਨ ਇਸ ਦਾ ਧਿਆਨ ਰੱਖਣ ਦੀ ਲੋੜ ਹੈ। ਸਾਡੇ ਘਰ ਆਹ ਸੀ। ਸਾਡੇ ਘਰ ਔਹ ਸੀ। ਜੋ ਸੀ, ਉਹ ਬੀਤ ਗਿਆ। ਵਰਤਮਾਨ ਵਿਚ ਜਿਉਣ ਦੀ ਲੋੜ ਹੈ। ਮਾਪਿਆਂ ਨਾਲ ਮੁਕਾਬਲਾ ਕਰਕੇ ਸਹੁਰਿਆਂ ਦਾ ਕਦੇ ਨਿਰਾਦਰ ਨਹੀਂ ਕਰਨਾ ਚਾਹੀਦਾ।

ਰਾਜਿੰਦਰ ਰਾਣੀ

ਪਿੰਡ ਗੰਢੂਆਂ ( ਸੰਗਰੂਰ)

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਤਵੰਤਾ
Next articleਯੁੱਗ