(ਸਮਾਜ ਵੀਕਲੀ)
ਸੋਲਾਂ ਸੌ ਨੜਿੰਨਵੇਂ ਦੀ ਆ ਗਈ ਵੈਸਾਖੀ ਸੀ ,
ਗੁਰੂ ਦਸਮੇਸ਼ ਨੇ, ਕਰਾਂਤੀ ਇੱਕ ਖਾਕੀ ਸੀ ,
ਮੌਤ ਨਾਲ ਲੈਣ ਪੰਗਾ, ਉਹ ਸਿੰਘ ਮੈਂ ਸਜਾਉਣਾ ਆਂ
ਜਾਬਰਾਂ ਦਾ ਡਰ , ਜ਼ਿਹਨਾਂ ਵਿੱਚੋਂ ਮੈਂ ਕਢਾਉਣਾ ਆਂ,…
ਚਿੜੀਆਂ ਦੇ ਹੱਥੋਂ ਤਾਹੀਉਂ ਬਾਜਾਂ ਨੂੰ ਮਰਾਉਣਾ ਆਂ ।
ਭੇਜਿਆ ਸੁਨੇਹਾ ਦੂਰ ਤਾਈਂ ਸਭੇ ਲੋਕਾਂ ਨੂੰ,
ਪਹੁੰਚਿਉ ਅਨੰਦਪੁਰ , ਪਾਸੇ ਕਰ ਰੋਕਾਂ ਨੂੰ,
ਹੁਕਮ ਗੁਰੂ ਦਾ ਸਭ ਸਿੱਖਾਂ ਨੇ ਗਜਾਉਣਾ ਆਂ,
ਗਭਰੂ ਜਵਾਨਾਂ ਨੂੰ ਜ਼ਰੂਰ ਲੈ ਕੇ ਆਉਣਾ ਆਂ….
ਚਿੜੀਆਂ ਦੇ ਹੱਥੋਂ ਹੁਣ ਬਾਜਾਂ ਨੂੰ ਮਰਾਉਣਾ ਆਂ।
ਸੈਂਕੜੇ ਹਜ਼ਾਰਾਂ ‘ਚ ਹਜ਼ੂਮ ਸਾਂਹਵੇ ਬਹਿ ਗਿਆ,
ਮਿਲੂਗੀ ਅਸੀਸ ਰੱਜ , ਇਹੋ ਮਨ ਕਹਿ ਰਿਹਾ
ਸੋਚਿਆ ਨਹੀਂ ਸੀ , ਨਵਾਂ ਕੌਤਕ ਰਚਾਉਣਾ ਆਂ
ਸਾਜਣੇ ਸਿਪਾਹੀ ਹੱਥੀਂ ਖੰਡਾ ਵੀ ਫੜਾਉਣਾ ਆਂ….
ਚਿੜੀਆਂ ਦੇ ਹੱਥੋਂ ਖੂਨੀ ਬਾਜਾਂ ਨੂੰ ਮਰਾਉਣਾ ਆਂ।
ਨੰਗੀ ਤਲਵਾਰ ਕੱਢ, ਗਰਜੇ ਨੇ ਪਾਤਸ਼ਾਹ,
ਪੰਜ ਸਿਰ ਚਾਹੀਦੇ ਨੇ , ਸੁਣ ਥੰਮ ਗਏ ਨੇ ਸਾਹ ,
ਇਹੋ ਭੇਟਾ ਦਾਨ, ਮੇਰੇ ਦਰ ਤੇ ਚੜਾਉਣਾ ਆਂ..
ਸੋਚ ਲਵੋ ਭੱਜਣਾ ਕਿ ਗੁਰੂ ਵੱਲ ਆਉਣਾ ਆਂ….
ਚਿੜੀਆਂ ਦੇ ਹੱਥੋਂ ਏਦਾਂ ਬਾਜਾਂ ਨੂੰ ਮਰਾਉਣਾ ਆਂ।
ਜੀਹਨਾਂ ਨੂੰ ਸੀ ਡਾਢਿਆਂ ਨੇ ਸਿਰੇ ਤੋਂ ਨਕਾਰਿਆ,
ਸਿਰ ਦੇਕੇ ਪੰਜਾਂ ਨੇ ਸੀ , ਸਿੰਘ ਬਾਣਾ ਧਾਰਿਆ,
ਗਿੱਦੜਾਂ ਤੋਂ ਝੁੰਡ ,ਸ਼ੇਰਾਂ ਵਾਲਾ ਮਰਵਾਉਣਾ ਆਂ,
ਕਿਰਤੀਆਂ ਸਿਰ ਰਾਜ ਤਾਜ ਮੈਂ ਸਜਾਉਣਾ ਆਂ….
ਚਿੜੀਆਂ ਦੇ ਹੱਥੋਂ ਇੰਝ ਬਾਜਾਂ ਨੂੰ ਮਰਾਉਣਾ ਆਂ।
ਬਾਣੀ , ਬਾਣੇ, ਪਾਹੁਲ ਨਾਲ ਖਾਲਸਾ ਸੀ ਸਾਜਿਆ,
ਚੇਲਾ ਬਣ ਗੁਰੂ ਨੇ ਸੀ ਖਾਲਸਾ ਨਿਵਾਜਿਆ ,
ਜ਼ਾਲਮਾ ਔਰੰਗੇ ! ਪੈਰੀਂ, ਲਾਬੂੰ ਤੇਰੇ ਲਾਉਣਾ ਆਂ
ਚਿੜੀਆਂ ਦੇ ਹੱਥੋਂ ਮੈਂ ਤਾਂ ਬਾਜਾਂ ਨੂੰ ਮਰਾਉਣਾ ਆਂ।
ਤੁਸੀਂ ਜੇ ਸਜਾਇਆ, ਮੈ ਵੀ ਸਿਰ ਤੁਹਾਥੋਂ ਵਾਰਾਂਗਾ,
ਪੂਰਾ ਖਾਨਦਾਨ , ਭੇਟਾ ਜੰਗ ‘ਚ ਉਤਾਰਾਂਗਾ,
ਲੋਕ ਰਾਜ ਵਾਲਾ , ਮੈ, ਨਿਸ਼ਾਨ ਵੀ ਝੁਲਾਉਣਾ ਆਂ,
“ਰੱਤੜੇ” ਨੇ ਜੋੜ ਕਿੱਸਾ, ਜੱਗ ਨੂੰ ਸੁਨਾਉਣਾ ਆਂ
ਚਿੜੀਆਂ ਦੇ ਹੱਥੋਂ ਮੈਂ ਹੀ ਬਾਜਾਂ ਨੂੰ ਮਰਾਉਣਾ ਆਂ….
ਖਾਲਸੇ ਦੇ ਹੱਥੋਂ ਦਗੇ ਬਾਜਾਂ ਨੂੰ ਮਰਾਉਣਾ ਆਂ।
ਪ੍ਰਿੰਸੀਪਲ ਕੇਵਲ ਸਿੰਘ ਰੱਤੜਾ
8283830599