ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਹਰਿਆਵਲ ਧਰਤੀ ਦਾ ਸੁਪਨਾ ਸੰਜੋਂਦੇ ਹੋਏ ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਵਲੋਂ ਅੱਜ ਕੂੜੇ ਦੇ ਡੰਪ ਨੂੰ ਸੁੰਦਰ ਪਾਰਕ ‘ਚ ਤਬਦੀਲ ਕਰਕੇ 100 ਦੇ ਕਰੀਬ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ । ਕਲੱਬ ਦੇ ਇਸ ਸੁਹਿਰਦ ਉਪਰਾਲੇ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਫਸਰਾਂ ਨੇ ਉਚੇਚੇ ਤੌਰ ‘ਤੇ ਸਹਿਯੋਗ ਕੀਤਾ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਕਿਹਾ ਕਿ ਬੇਸ਼ੱਕ ਵਾਤਾਵਰਣ ਦੇ ਤੇਜੀ ਨਾਲ ਪ੍ਰਦੂਸ਼ਿਤ ਹੋਣ ਦੇ ਬਹੁਤ ਸਾਰੇ ਕਾਰਨ ਹਨ ਪਰ ਮੁੱਖ ਕਾਰਨ ਰੁੱਖਾਂ ਦੀ ਘਟ ਰਹੀ ਗਿਣਤੀ ਹੈ। ਪੰਜਾਬੀਆਂ ਨੂੰ ਆਪਣੇ ਰੁੱਖਾਂ ਉਤੇ ਮਾਣ ਸੀ। ਇਸੇ ਕਰਕੇ ਪੰਜਾ ਪਾਣੀਆਂ ਦੀ ਇਸ ਧਰਤੀ ‘ਤੇ ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨ। ਇਥੋਂ ਦੇ ਦਰਿਆਵਾਂ ਕੰਢੇ ਰੁੱਖਾਂ ਹੇਠ ਬੈਠ ਕੇ ਮਹਾਂਪੁਰਖਾਂ ਨੇ ਭਗਤੀ ਕੀਤੀ ਤੇ ਆਪਣਾ ਸੁਨੇਹਾ ਲੋਕਾਈ ਨੂੰ ਦਿੱਤਾ। ਸਿੱਖ ਧਰਮ ਨੇ ਤਾਂ ਰੁੱਖਾਂ ਨੂੰ ਸਾਹਿਬੀ ਬਖਸ਼ੀ ਹੈ। ਬਹੁਤ ਸਾਰੇ ਗੁਰੂਘਰ ਰੁੱਖਾਂ ਦੇ ਨਾਮ ਉਤੇ ਹਨ ਜਿਵੇਂ ਜੰਡ ਸਾਹਿਬ, ਟਾਹਲੀ ਸਾਹਿਬ, ਰੀਠਾ ਸਾਹਿਬ ਆਦਿ। ਸਾਰੇ ਗੁਰੂ ਸਾਹਿਬਾਨਾਂ ਦਾ ਰੁੱਖਾਂ ਨਾਲ ਅਥਾਹ ਪਿਆਰ ਸੀ। ਇਤਿਹਾਸਕ ਤੱਥਾਂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਵਸੋਂ ਤੋਂ ਬਾਹਰ ਕਿਸੇ ਰੁੱਖ ਹੇਠਾਂ ਹੀ ਡੇਰਾ ਲਗਾਉਂਦੇ ਸਨ ਤੇ ਭਾਈ ਮਰਦਾਨੇ ਦੀ ਰਬਾਬ ਉਤੇ ਬਾਣੀ ਦਾ ਉਚਾਰਨ ਕਰਦੇ ਸਨ। ਸੋ ਸਾਨੂੰ ਰੁੱਖਾਂ ਦੀ ਸੰਭਾਲ਼ ਆਪਣੇ ਬੱਚਿਆਂ ਵਾਂਗੂੰ ਕਰਨੀ ਚਾਹੀਦੀ ਹੈ। ਇਸ ਮੌਕੇ ਕਲੋਨੀ ਦੇ ਪ੍ਰਧਾਨ ਤਰਲੋਕ ਸਿੰਘ, ਲਕਸ਼ਮੀ ਸਿੰਘ ਚੰਦੇਲ ਐਡਵੋਕੇਟ, ਸਤਵਿੰਦਰ ਸਿੰਘ ਐਚ ਆਰ ਕੁਰਾਲੀ ਰੋਡ, ਕਰਮਜੀਤ ਸਿੰਘ, ਮਦਾਨ ਸਿੰਘ, ਜਗਦੀਸ਼ ਲਾਲ ਐਸ ਡੀ ਓ, ਕੁਲਦੀਪ ਸ਼ਰਮਾ, ਕਲੱਬ ਮੈਂਬਰ ਪਰਮਜੀਤ ਸਿੰਘ, ਅਮਨਪ੍ਰੀਤ ਸਿੰਘ ਜੇਈ, ਬਲਪ੍ਰੀਤ ਸਿੰਘ, ਰੁਪਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly