ਲਾਹਨਤ ਲਾਹਨਤ ਲਾਹਨਤ…..

ਵਿਰਕ ਪੁਸ਼ਪਿੰਦਰ

(ਸਮਾਜ ਵੀਕਲੀ) ਮੈਂ ਉਸ ਦੇਸ਼ ਦੀ ਵਾਸੀ ਹਾਂ,ਜਿੱਥੇ ਔਰਤ ਨੂੰ ਦੇਵੀ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਕਮਿਆਖਿਆ ਦੇਵੀ ਦੇ ਮੰਦਿਰ ਵਿੱਚ ਮਾਤਾ ਦੇ ਮਹਾਂਮਾਰੀ ਦੇ ਦਿਨਾਂ ਵਿੱਚ ਭਗਤ ਲੋਕ ਲਾਈਨਾਂ ਵਿੱਚ ਲਗਦੇ ਨੇ। ਮਾਤਾ ਦਾ ਗੁਣ-ਗਾਣ ਕਰਦੇ ਨੇ, ਦੂਜੇ ਪਾਸੇ ਉਸੇ ਸਮਾਜ ਦੇ ਕਰੂਰ ਹੱਥ ਕਦੇ ਕਬਰਾਂ ਪੁੱਟ ਕੇ ਸੱਠ ਸਾਲ ਦੀ ਔਰਤ ਦਾ ਬਲਾਤਕਾਰ ਕਰਦੇ ਨੇ, ਕਦੇ ਦੋ ਸਾਲ ਦੀ ਬੱਚੀ ਦੀ ਫ਼ਰਾਕ ਵਿੱਚ ਹੱਥ ਪਾਉਂਦੇ ਨੇ।

 ਅੱਜ ਤੁਹਾਨੂੰ ਮੇਰੇ ਸ਼ਬਦਾਂ ਵਿੱਚ ਸਖ਼ਤੀ ਤੇ ਕਠੋਰਤਾ ਲੱਗੇਗੀ।
 ਪਰ ਕੀ ਕਰਾਂ ਕੁਝ ਦਿਨਾਂ ਪਹਿਲਾਂ ਪਾਤੜਾਂ ਵਿਖੇ ਇੱਕ ਮਾਸੂਮ ਬੱਚੀ ਦਾ ਬਲਾਤਕਾਰ ਕੀਤਾ ਤੇ ਅੱਜ ਮਣੀਪੁਰ ਵਾਲੀ ਸ਼ਰਮਸਾਰ ਕਰਨ ਵਾਲੀ ਘਟਨਾ ਨੂੰ ਇਹ ਸਮਾਜ ਮੂੰਹ ਵਿੱਚ ਉਂਗਲਾਂ ਪਾਈ ਦੇਖ ਰਿਹਾ ਹੈ।
 ਮਣੀਪੁਰ ਵਿੱਚ ਔਰਤ ਨਿਰਵਸਤਰ ਨਹੀਂ ਹੋਈ ਸਗੋਂ ਪੂਰੇ ਦੇਸ਼ ਦੀ ਨਿਪੁੰਸਕ ਸੋਚ ਨੰਗੀ ਹੋਈ ਹੈ। ਉਹ ਮਰਦ ਪ੍ਰਧਾਨ ਸਮਾਜ ਦੀ ਸੋਚ।
ਔਰਤ ਨੂੰ ਸ਼ਰਮ ਮਰਿਆਦਾ ਦਾ ਪਾਠ ਪੜ੍ਹਾਉਣ ਵਾਲਿਓ ਇੱਕ ਪਾਸੇ  ‘ਬੇਟੀ ਪੜ੍ਹਾਓ, ਬੇਟੀ ਬਚਾਓ’ ਦਾ ਰਾਗ ਰੱਟਦੇ ਹੋ ਤੇ ਦੂਜੇ ਪਾਸੇ ਆਪਣੇ ਹੀ ਛੱਡੇ ਸਰਕਾਰੀ ਸਾਨ੍ਹਾਂ ਨੂੰ ਪਲੋਸਦੇ ਹੋ।
 ਕੀ ਕੇਵਲ ਬੇਟੀ ਪੜ੍ਹਾਉਣ ਨਾਲ ਬੇਟੀ ਬਚ ਜਾਵੇਗੀ। ਇਹ ਬੇਟੀਆਂ ਜਦੋਂ ਪੜ੍ਹਨ ਲਿਖਣ ਲਈ ਘਰੋਂ ਬਾਹਰ ਜਾਂਦੀਆਂ ਨੇ ਤਾਂ ਤੁਹਾਡੇ ਦੋਗਲੇ ਸਮਾਜ ਦੇ ਅੰਗ ਅੰਗ ਉੱਤੇ ਜੀਭਾਂ ਉੱਗ ਆਉਂਦੀਆਂ ਨੇ।
ਔਰਤ ਦੀ ਸਾੜੀ ਦਾ ਪੱਲੂ ਸਰਕ ਗਿਆ,ਚੁੰਨੀ ਗਲ਼ ਨਾਲ ਲੱਗੀ ਸੀ, ਲੱਤਾਂ ਨੰਗੀਆਂ ਸੀ, ਗਲਾ ਵੱਡਾ ਸੀ। ਪਰ ਨਾ ਤਾਂ ਉਹ ਕਬਰ ਵਿੱਚ ਪਈ ਸੱਠ ਸਾਲ ਦੀ ਔਰਤ ਤੁਹਾਨੂੰ ਉਕਸਾਉਂਦੀ ਹੈ ਤੇ ਨਾ ਦੋ ਸਾਲ ਦੀ ਬੱਚੀ।
ਲੜਾਈ ਦੋ ਧਰਮਾਂ ਦੀ ਹੁੰਦੀ ਹੈ, ਦੋ ਜਾਤਾਂ ਦੀ ਹੁੰਦੀ ਹੈ,ਬਲੀ ਦਾ ਬੱਕਰਾ ਔਰਤ ਕਿਉਂ ਬਣਦੀ ਹੈ?
  ਕਿਉਂ ਨਿਰਵਸਤਰ ਕੀਤੀ ਜਾਂਦੀ ਹੈ ਔਰਤ?
ਉਹ ਖਿਡਾਰੀ ਕੁੜੀਆਂ ਚਾਰ ਮਹੀਨੇ ਆਪਣੇ ਮਾਣ-ਸਨਮਾਨ ਦੀ ਲੜਾਈ ਲੜਦੀਆਂ ਰਹੀਆਂ। ਉਹ ਤਾਂ ਪਹਿਲਵਾਨ ਸੀ ਨਾ??
 ਉਹ ਤਾਂ ਨਾ ਪਾਰਲਰ ਜਾਂਦੀਆਂ ਸੀ, ਨਾ ਬਹੁਤਾ ਮੇਕਅੱਪ ਕਰਦੀਆਂ ਸੀ!
ਉਹ ਤਾਂ ਕੁਸ਼ਤੀ ਦੇ ਮੈਦਾਨ ਵਿੱਚ ਹੱਡੀਆਂ ਤੋੜਦੀਆਂ ਸੀ, ਫਿਰ ਉਹਨਾਂ ਨੂੰ ਕਿਉਂ ਧਰਨੇ ‘ਤੇ ਬੈਠਣਾ ਪਿਆ?
 ਤੁਸੀਂ ਕਹਿੰਦੇ ਹੋ ਬੱਚੀਆਂ ਨੂੰ ਕਰਾਟੇ ਸਿਖਾਓ।
 ਕੀ ਕਰਾਟੇ ਸਿਖਾਉਣ ਨਾਲ਼ ਬਲਤਕਾਰ ਹੋਣੇ ਬੰਦ ਹੋ ਜਾਣਗੇ?
ਅੱਜ ਬਹੁਤ ਸਾਰੀਆਂ ਕੰਮ-ਕਾਜੀ ਔਰਤਾਂ ਜਿਨ੍ਹਾਂ ਦੇ ਇਹ ਦੋਗਲਾ ਸਮਾਜ ਕੰਮ ਕਰਨ ਵਿੱਚ ਰੁਕਾਵਟ ਬਣਿਆ ਹੋਇਆ ਸੀ ਤੇ ਉਹਨਾਂ ਨੇ ਆਪਣਾ ਪਹਿਰਾਵਾ ਤੇ ਆਪਣੀ ਸੋਚ ਮਰਦਾਵੀਂ ਬਣਾ ਲਈ।
 ਕੀ ਔਰਤਾਂ ਮਰਦਾਂ ਵਾਲੇ ਪਹਿਰਾਵੇ ਅਤੇ ਸੋਚ ਨਾਲ਼ ਸੁਰੱਖਿਅਤ ਨੇ?
     ਅੱਜ 10 ਵਿੱਚੋਂ ਸੱਤ ਔਰਤਾਂ ਮਾਨਸਿਕ ਜਾਂ ਸਰੀਰਕ ਸ਼ੋਸ਼ਣ ਦੀਆਂ ਸ਼ਿਕਾਰ ਨੇ।
ਕੁੜੀਆਂ ਨੂੰ ਸ਼ਰਮ ਮਰਿਆਦਾ ਦਾ ਸਬਕ ਸਿਖਾਉਂਦੇ ਹੋ ਤੇ ਮੁੰਡਿਆਂ ਦੇ ਲੱਕ ਦੀ ਤੜਾਗੀ ਮਿਣਦੇ ਹੋ? ਇਹ ਹੀ ਤੜਾਗੀ ਵਾਲੇ ਧਾਗੇ ਦਾ ਸੰਗਲ ਬਣਾ ਉਹਨਾਂ ਦੀਆਂ ਸੋਚਾਂ ਨੂੰ ਪਾਓ।
 ਗਾਲਾਂ ਕੱਢਣ ਨੂੰ ਮਨ ਕਰਦਾ ਹੈ ਅਜਿਹੇ ਕੋਝੇ ਸਮਾਜ ਨੂੰ। ਪਰ ਤੁਹਾਡੀਆਂ ਸਾਰੀਆਂ ਗਾਲਾਂ ਵੀ ਤਾਂ ਔਰਤ ਦੇ ਸਰੀਰ ਤੋਂ ਸ਼ੁਰੂ ਹੁੰਦੀਆਂ ਤੇ ਇੱਥੇ ਹੀ ਮੁੱਕ ਜਾਂਦੀਆਂ।
 ਦੋ ਦਿਨ ਮੋਮਬੱਤੀਆਂ ਜਗਾ ਕੇ ਇਨਸਾਫ਼ ਲਈ ਢੌਂਗ ਰਚਿਆ ਜਾਵੇਗਾ ਤੇ ਫਿਰ ਗੱਲ ਉਹੀ ਠੰਢੇ ਬਸਤੇ ਵਿੱਚ… ਜਿੰਨੀ ਦੇਰ ਅਗਲੀ ਕੋਈ ਅਜਿਹੀ ਕਰੂਰ ਘਟਨਾ ਨਹੀਂ ਵਾਪਰਦੀ।
  ਇਸ ਦੋਗਲੇ ਨਿਜ਼ਾਮ ਦੀ ਚਮੜੀ ਉਧੇੜ ਦੇਣੀ ਚਾਹੀਦੀ।
ਵਿਰਕ ਪੁਸ਼ਪਿੰਦਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਮੇਰਾ ਦੇਸ਼ ਮਹਾਨ 
Next articleਨੇਕਾ ਮੈਰੀਪੁਰ ਯੂ ਕੇ ਵਲੋਂ ਕੋਚ ਗੁਰਮੇਲ ਸਿੰਘ ਦਿੜਬਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ