ਦਲਿਤ ਜੱਥੇਬੰਦੀਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਲੁਕ ਆਊਟ ਨੋਟਿਸ ਦੀ ਕੀਤੀ ਨਿਖੇਧੀ

* ਭਗਵੰਤ ਮਾਨ ਸਰਕਾਰ ਨੂੰ ਦੱਸਿਆਂ ਦਲਿਤ ਵਿਰੋਧੀ ਮਾਨਸਿਕਤਾ ਨਾਲ ਗ੍ਰਸਤ

*ਸਮਾਜ ਨੂੰ ਇਕੱਠੇ ਹੋ ਲਾਮਬੰਦ ਹੋਣ ਦਾ ਸੱਦਾ ਦਿੱਤਾ

ਫਗਵਾੜਾ (ਸਮਾਜ ਵੀਕਲੀ) ਮਾਰਚ (ਜੱਸੀ )- ਦਲਿਤ ਸਮਾਜ ਦੀਆਂ ਵੱਖ ਵੱਖ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਵਲੋਂ ਅੱਜ ਫਗਵਾੜਾ ਵਿਖੇ ਇਕ ਸਾਂਝੀ ਮੀਟਿੰਗ ਕੀਤੀ ਗਈ। ਜਿਸ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਲੁਕ ਆਊਟ ਨੋਟਿਸ ਜਾਰੀ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਲਿਤ ਵਿਰੋਧੀ ਮਾਨਸਿਕਤਾ ਨਾਲ ਗ੍ਰਸਤ ਹੈ। ਇਸੇ ਕਾਰਨ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ, ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ, ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਵਰਗੇ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਬਜਾਏ ਦਲਿਤ ਸਮਾਜ ਦੇ ਹਰਮਨ ਪਿਆਰੇ ਆਗੂ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਜੀਲੈਂਸ ਵਿਭਾਗ ਵਲੋਂ ਬਿਨਾਂ ਜਾਂਚ ਕੀਤੇ ਹੀ ਚਰਨਜੀਤ ਸਿੰਘ ਚੰਨੀ ਖਿਲਾਫ ਐਲ.ਓ.ਸੀ. ਜਾਰੀ ਕਰਨਾ ਮੰਦਭਾਗੀ ਗੱਲ ਹੈ।

ਆਗੂਆਂ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਵਿਚ ਹਿੰਮਤ ਹੈ ਤਾਂ ਪਹਿਲਾਂ ਉਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾਵੇ ਜਿਹਨਾਂ ਨੇ ਲੰਮਾ ਸਮਾਂ ਸੱਤਾ ਸੁੱਖ ਭੋਗਦੇ ਹੋਏ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਹੈ। ਉਹਨਾਂ ਸਪੱਸ਼ਟ ਕਿਹਾ ਕਿ ਖੋਟੀ ਨੀਯਤ ਦੇ ਨਾਲ ਦਲਿਤ ਆਗੂ ਨੂੰ ਦਬਾਉਣ ਦੀ ਭਗਵੰਤ ਮਾਨ ਸਰਕਾਰ ਦੀ ਮਨਸ਼ਾ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਆਮ ਆਦਮੀ ਪਾਰਟੀ ਨੂੰ ਯਾਦ ਦੁਆਇਆ ਕਿ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਦਲਿਤ ਸਮਾਜ ਦਾ ਡਿਪਟੀ ਸੀ.ਐਮ. ਬਨਾਉਣ ਦੀ ਗੱਲ ਕਹੀ ਸੀ ਪਰ ਦਲਿਤਾਂ ਦੀਆਂ ਵੋਟਾਂ ਲੈ ਕੇ ਸੱਤਾਂ ਵਿਚ ਆਉਣ ਤੋਂ ਬਾਅਦ ਡਿਪਟੀ ਸੀ.ਐਮ. ਤਾਂ ਕੀ ਬਨਾਉਣਾ ਸੀ ਬਲਕਿ 75 ਸਾਲ ਦੀ ਆਜਾਦੀ ‘ਚ ਸਿਰਫ ਤਿੰਨ ਮਹੀਨੇ ਸੀ.ਐਮ. ਰਹਿਣ ਵਾਲੇ ਚਰਨਜੀਤ ਸਿੰਘ ਚੰਨੀ ਵਰਗੇ ਦਲਿਤ ਆਗੂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।

ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਦਲਿਤਾਂ ਖ਼ਿਲਾਫ਼ ਨਫ਼ਰਤ ਭਰੀ ਸੋਚ ਨਾ ਬਦਲੀ ਤਾਂ ਇਸ ਦੇ ਨਤੀਜੇ ਗੰਭੀਰ ਹੋਣਗੇ। ਉਨ੍ਹਾਂ ਕਿਹਾ ਕਿ ਇਹ ਦਲਿਤ ਲੀਡਰਸ਼ਿਪ ਨੂੰ ਖ਼ਤਮ ਕਰਨ ਦੇ ਨਿਸ਼ਾਨੇ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਇਸ ਦੇ ਖਿਲਾਫ਼ ਵੱਡੀ ਲਾਮਬੰਦੀ ਕਰਨੀ ਚਾਹੀਦੀ ਹੈ। ਇਸ ਮੀਟਿੰਗ ਵਿੱਚ ਯਸ਼ ਬਰਨਾ ਚੇਅਰਮੈਨ ਗੁਰੂ ਰਵਿਦਾਸ ਟਾਇਗਰ ਫੋਰਸ, ਡਾ. ਗਿਆਨ, ਐਡਵੋਕੇਟ ਜਰਨੈਲ ਸਿੰਘ, ਪ੍ਰਕਾਸ਼ ਰਾਮ ਭਾਣੋਕੀ, ਸੁਖਵੀਰ ਸਲਾਰਪੁਰ, ਬੂਟਾ ਸਿੰਘ, ਰਾਮਦਾਸ ਰਹਿਮਾਨਪੁਰ, ਸਰਬਜੀਤ ਰਾਏਪੁਰ, ਇੰਦਰਜੀਤ ਸਿੰਘ ਰਾਏਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ ਨੰਗਲ, ਬਿਸ਼ਨਪਾਲ ਚਹੇੜੂ, ਸੁਖਵਿੰਦਰ ਬਿੱਲੂ ਖੇੜਾ, ਸੁਭਾਸ਼ ਚੰਦਰ, ਸੋਮ ਲਾਲ ਸਾਬਕਾ ਸਰਪੰਚ, ਬਲਦੇਵ ਕੁਮਾਰ, ਜਤਿਨ ਰਾਜਪੂਤ ਡਾ. ਬੀ.ਆਰ. ਅੰਬੇਡਕਰ ਬਲੱਡ ਡੋਨੇਸ਼ਨ ਆਰਗਨਾਈਜੇਸ਼ਨ ਆਦਿ ਹਾਜ਼ਰ ਸਨ।

 

Previous articleFrom Toshakhana sales to love child, Imran weighed down by 76 cases
Next articleਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ