ਡਾਕਾ

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਵਿਆਹ ਦਾ ਮਹੌਲ ਬੜਾ ਰੌਲ਼ੇ ਗੌਲੇ ਵਾਲ਼ਾ ਸੀ। ਹਰ ਪਾਸੇ ਖ਼ੁਸ਼ੀ ਦਾ ਵਰਤਾਰਾ ਸੀ। ਚਾਰੇ ਪਾਸੇ ਗਹਿਮਾ ਗਹਿਮੀ ਸੀ ਤੇ ਕੁੜੀਆਂ ਬਰਾਤ ਦਾ ਸਵਾਗਤ ਕਰਨ ਲਈ ਦਰਵਾਜ਼ੇ ਵਿੱਚ ਖੜ੍ਹੀਆਂ ਇੰਤਜ਼ਾਰ ਕਰ ਰਹੀਆਂ ਸਨ। ਘਰਵਾਲ਼ੇ ਬੱਸ ਇਹੀ ਦੇਖ਼ ਰਹੇ ਸਨ ਕਿ ਬਰਾਤ ਦੇ ਸਵਾਗਤ ਵਿੱਚ ਕੋਈ ਕਮੀ ਨਾ ਰਹਿ ਜਾਵੇ। ਦੁਲਹਨ ਬਣੀ ਕੁੜੀ ਆਪਣੀ ਨਵੀਂ ਜ਼ਿੰਦਗੀ ਦੀਆਂ ਕਲਪਨਾਵਾਂ ਵਿੱਚ ਗੁਆਚੀ ਹੋਈ ਸੀ।
ਕੁੜੀ ਦੀ ਮਾਂ ਵਾਰ-ਵਾਰ ਇਹ ਸੋਚ ਕੇ ਰੱਬ ਦਾ ਸ਼ੁਕਰ ਕਰ ਰਹੀ ਸੀ ਕਿ ਉਸਦੀ ਧੀ ਦਾ ਘਰ ਵਸ ਰਿਹਾ ਹੈ। ਉਸਦਾ ਬਾਪੂ ਵੀ ਧੀ ਦੀ ਸੋਹਣੀ ਜ਼ਿੰਦਗ਼ੀ ਦੇ ਸੁਪਨੇ ਬੁਣੀ ਜਾ ਰਿਹਾ ਸੀ।

ਅਚਾਨਕ ਇੱਕ ਪੁਲਿਸ ਦੀ ਜੀਪ ਉਹਨਾਂ ਦੇ ਘਰ ਅੱਗੇ ਆ ਕੇ ਰੁਕ ਗਈ।

ਹੈਂ! ਇਹ ਕੀ? ਪੁਲਿਸ ਭਲਾ ਇੱਥੇ ਕੀ ਕਰਨ ਆਈ ਹੈ? ਕੁੜੀ ਦੇ ਬਾਪੂ ਨੇ ਹੈਰਾਨ ਹੁੰਦਿਆਂ ਕਿਹਾ।

ਨਹੀਂ , ਨਹੀਂ ਜੀ, ਤੁਸੀਂ ਫ਼ਿਕਰ ਨਾ ਕਰੋ। ਇਹਨਾਂ ਨੂੰ ਕੋਈ ਭੁਲੇਖਾ ਪੈ ਗਿਆ ਹੋਊ। ਅੰਦਰੋਂ ਅੰਦਰੀ ਡਰ ਨੂੰ ਦਬਾਉਂਦਿਆਂ ਕੁੜੀ ਦੀ ਮਾਂ ਨੇ ਕਿਹਾ।

ਹਾਂ ਬਈ! ਸ਼ਮਸ਼ੇਰ ਸਿੰਘ ਕਿੱਥੇ ਆ? ਇੱਕ ਪੁਲਿਸ ਵਾਲੇ ਨੇ ਆਕੜਦਿਆਂ ਹੋਇਆਂ ਪੁੱਛਿਆਂ।

ਜੀ ਇੱਥੇ ਹੀ ਸੀ ਉਹ।ਕੋਈ ਸਮਾਨ ਲੈਣ ਗਿਆ ਹੋਊ। ਕੁੜੀ ਦੇ ਵਿਆਹ ਵਿੱਚ ਸੌ ਕੰਮ ਹੁੰਦੇ ਹਨ। ਕੁੜੀ ਦੇ ਬਾਪੂ ਨੇ ਕੰਬਦਿਆਂ ਕਿਹਾ।
ਪਰ ਗੱਲ ਕੀ ਹੈ ਸਰਕਾਰ ਜੀ? ਕੁੜੀ ਦੀ ਮਾਂ ਨੇ ਤਰਲਾ ਕਰਕੇ ਪੁੱਛਿਆ।

ਹੱਛਾ! ਥੋਨੂੰ ਪਤਾ ਈ ਨੀ ਕਿ ਥੋਡੇ ਲਾਡਲੇ ਨੇ ਬੈਂਕ ਵਿੱਚ ਡਾਕਾ ਮਾਰਿਆ ਹੈ ਤੇ ਇੱਕ ਬੈਂਕ ਕਰਮਚਾਰੀ ਨੂੰ ਵੀ ਮਾਰ ਮੁਕਾਇਆ ਹੈ। ਪੁਲਿਸ ਵਾਲੇ ਨੇ ਖਿੱਝ ਕੇ ਕਿਹਾ।

ਹੈਂ! ਹੈਂ!ਇਹ ਨਹੀਂ ਹੋ ਸਕਦਾ…. ਇਹ ਨਹੀਂ ਹੋ ਸਕਦਾ….. ਕਹਿੰਦੇ ਕਹਿੰਦੇ ਮਾਂ ਬੇਹੋਸ਼ ਹੋ ਗਈ।

ਚਲੋ ਬਈ ਚਲੋ,ਮੁੜੋ ਪਿੱਛੇ। ਬਰਾਤ ਕਦੋਂ ਆਈ ਤੇ ਕਦੋਂ ਮੁੜ ਪਈ, ਕਿਸੇ ਨੂੰ ਸੁੱਧ ਹੀ ਨਾ ਰਹੀ।

ਮਾ, ਮਾਂ ਕੀ ਹੋਇਆ? ਕੁੜੀ ਨੇ ਆ ਕੇ ਮਾਂ ਨੂੰ ਹਿਲਾਇਆ ਤਾਂ ਮਾਂ ਦੇ ਮੂੰਹੋਂ ਬੱਸ ਐਨਾ ਨਿਕਲਿਆ…. ਡਾਕਾ….!ਧੀਏ….! ਡਾਕਾ ਪੈ ਗਿਆ।

ਹੈਂ! ਡਾਕਾ…!ਕਿੱਥੇ ਡਾਕਾ ਪੈ ਗਿਆ? ਸਾਰੀ ਗੱਲ ਤੋਂ ਅਨਜਾਣ ਕੁੜੀ ਨੇ ਪੁੱਛਿਆ ਤਾਂ ਕਿਸੇ ਕੋਲ਼ ਕੋਈ ਜਵਾਬ ਨਹੀਂ ਸੀ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲੱਡ ਡੋਨਰ ਸੋਸਾਇਟੀ ਬੰਗਾ ਵਲੋਂ ਵੱਖ ਵੱਖ ਸਕੂਲਾਂ ਵਿੱਚ ਅਵੱਲ ਰਹਿਣ ਵਾਲੀਆਂ ਵਿਦਿਆਰਥਣਾਂ ਸਨਮਾਨਿਤ
Next articleਤਰਕਸ਼ੀਲਾਂ ਨੇ ਸ ਸ ਸ ਸਕੂਲ ਥਲੇਸ ਵਿਖੇ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ