ਜੇਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ” —ਹਰਦੇਵ ਮੁੱਲਾਂਪੁਰ
(ਸਮਾਜਵੀਕਲੀ)- ਮਿੰਨੀ ਸਕੱਤਰੇਤ , ਡੀ ਸੀ ਦਫਤਰ ਲੁਧਿਆਣਾ ਵਿਖੇ ਸਰਕਾਰੀ ਸਕੂਲ ਸਿੱਖਿਆ ਵਿਭਾਗ ਦੇ ਗਜ਼ਟਿਡ ਅਧਿਕਾਰੀਆਂ ਦੀ ਐਸੋਸੀਏਸ਼ਨ ਗੈਸਾ ਸਮੇਤ ਵੱਖ-ਵੱਖ ਅਧਿਆਪਕ ਸੰਗਠਨਾਂ ਅਤੇ ਸਮੁੱਚੇ ਅਧਿਆਪਕ ਭਾਈਚਾਰੇ ਨੇ ਇਕ ਅਵਾਜ਼ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਸਮਰਾ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਅਪਮਾਨ ਦਾ ਸਖ਼ਤ ਨੋਟਿਸ ਲੈਂਦਿਆਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ, ਜੋਕਿ ਸਾਰਾ ਦਿਨ ਜਾਰੀ ਰਿਹਾ। ਵੱਖ ਵੱਖ ਸੰਗਠਨਾਂ ਆਗੂਆਂ ਨੇ ਪੁਲਿਸ ਪ੍ਰਸ਼ਾਸ਼ਨ ਨਾਲ ਮੁਲਾਕਾਤ ਕੀਤੀ ਅਤੇ ਡੀ. ਈ. ਓ. ਸਮਰਾ ਨਾਲ ਗੈਰਸਮਾਜੀ ਅਨਸਰਾਂ ਵੱਲੋਂ ਕੀਤੀ ਗਈ ਅਪਰਾਧਿਕ ਬਦਸਲੂਕੀ, ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਗੈਰ ਸਮਾਜਿਕ ਗਤੀਵਿਧੀ ਨੂੰ ਅੰਜਾਮ ਦੇਣ ਦੇ ਦੋਸ਼ ਅਧੀਨ ਮੁਕੱਦਮਾਂ ਦਰਜ਼ ਕਰਨ ਦੀ ਪੁਰਜ਼ੋਰ ਮੰਗ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਸ ਉੱਤੇ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਰਜਿੰਦਰ ਕੁਮਾਰ ਘਈ ਅਤੇ ਹੋਰਾਂ ਉੱਪਰ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਅਧਿਆਪਕ ਸੰਗਠਨਾਂ ਦੇ ਚੱਲਦੇ ਸੰਘਰਸ਼ ਦੇ ਦੌਰਾਨ ਸੰਘਰਸ਼ ਦੇ ਦਬਾਓ ਅਧੀਨ ਮੁਲਜ਼ਮਾਂ ਵਿਰੁੱਧ ਦਰਜ਼ ਐਫ ਆਈ ਆਰ ਵਿੱਚ ਸੰਗੀਨ ਧਾਰਾਵਾਂ 186 ਅਤੇ 120 ਬੀ ਵੀ ਦਰਜ਼ ਕਰ ਲਈਆਂ ਗਈਆਂ ਹਨ। ਪ੍ਰੰਤੂ ਸੰਗਠਨਾਂ ਦੇ ਆਗੂਆਂ ਵੱਲੋਂ ਇਸ ਗੱਲ ਦਾ ਸਖ਼ਤ ਨੋਟਿਸ ਲਿਆ ਗਿਆ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਢਿੱਲਮੱਠ ਵਰਤੀ ਜਾ ਰਹੀ ਹੈ, ਜਿਸਦੇ ਖ਼ਿਲਾਫ਼ ਜਨਤਕ ਰੋਹ ਦੀ ਵਿਆਪਕ ਲਹਿਰ ਫੈਲ ਸਕਦੀ ਹੈ। ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸੰਤੋਖ ਸਿੰਘ, ਪ੍ਰਿੰਸੀਪਲ ਡਾ. ਦਵਿੰਦਰ ਸਿੰਘ ਛੀਨਾ, ਮਲਕੀਤ ਸਿੰਘ, ਅਸ਼ੋਕ ਭੰਡਾਰੀ, ਹਰਦੇਵ ਸਿੰਘ ਮੁੱਲਾਂਪੁਰ, ਦਲਜੀਤ ਸਮਰਾਲਾ, ਗੁਰਪ੍ਰੀਤ ਸਿੰਘ, ਚਰਨ ਸਰਾਭਾ, ਪਰਵੀਨ ਕੁਮਾਰ, ਜਸਵੀਰ ਸਿੰਘ ਅਕਾਲਗੜ੍ਹ, ਕੁਲਦੀਪ ਸਿੰਘ, ਰਮਨਦੀਪ ਸਿੰਘ, ਗੁਰਮੀਤ ਸਿੰਘ ਮਦਨੀਪੁਰ, ਪ੍ਰਿੰਸੀਪਲ ਅਨੂਪ ਪਾਸੀ, ਸੁਖਦੇਵ ਸਿੰਘ ਹਠੂਰ, ਪ੍ਰਿੰਸੀਪਲ ਸੰਦੀਪ ਥਾਪਰ, ਰਮਨਜੀਤ ਸੰਧੂ, ਹਰਜੀਤ ਸੁਧਾਰ, ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਅਤੇ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸਮਰਾ ਦਾ ਉਕਤ ਗੈਰਸਮਾਜੀ ਅਨਸਰਾਂ ਵੱਲੋਂ ਕੀਤਾ ਗਿਆ ਅਪਮਾਨ, ਕੇਵਲ ਸ਼ਖ਼ਸੀ ਕਿਰਦਾਰਕੁਸ਼ੀ ਅਤੇ ਅਪਰਾਧਿਕ ਮਾਣਹਾਨੀ ਦਾ ਮਾਮਲਾ ਹੀ ਨਹੀਂ ਹੈ; ਸਗੋਂ ਇਹ ‘ਭੀੜ ਰਾਹੀਂ ਹਿੰਸਾ’ (ਮੌਬਲਿੰਚਿੰਗ) ਦੇ ਵਧਦੇ ਅਸਮਾਜਿਕ ਰੁਝਾਨ ਤਹਿਤ ਜਨਤਕ ਵਿੱਦਿਅਕ ਸੰਸਥਾਵਾਂ ਦੇ ਅਕਸ ਨੂੰ ਢਾਹ ਲਾ ਕੇ ਨਿਜੀ ਮੁਨਾਫੇਖੋਰ ”ਸਿੱਖਿਆ ਮਾਫੀਆ” ਨੂੰ ਹਵਾ ਦੇਣ ਦੀ ਇਕ ਘਿਰਣਤ ਕਾਰਵਾਈ ਹੈ। ਇਸਨੂੰ ਉਹਨਾਂ ਦੇ ਸੰਗਠਨ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਲੁਧਿਆਣਾ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਸਮੇਤ ਪੰਜਾਬ ਸਰਕਾਰ ਨੂੰ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਲਈ 24 ਘੰਟੇ ਦਾ ਅਲਟੀਮੇਟਮ ਦਿੰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਜਾਂਦੀ ਤਾਂ ਮਿਤੀ 3 ਜਨਵਰੀ 2021 ਨੂੰ ਜ਼ਿਲ੍ਹੇ ਅਤੇ ਪੰਜਾਬ ਭਰ ਦੇ ਅਧਿਆਪਕ ਵਿਦਿਆਰਥੀ ਅਤੇ ਮਾਪੇ, ਭਰਾਤਰੀ ਕਿਸਾਨ ਮਜ਼ਦੂਰ ਮੁਲਾਜ਼ਮ ਸੰਗਠਨਾਂ ਦੀ ਭਰਵੀਂ ਹਮਾਇਤ ਨਾਲ ਲੁਧਿਆਣਾ ਦੀਆਂ ਸੜ੍ਹਕਾਂ ਉੱਤੇ ਉੱਤਰਨ ਲਈ ਮਜ਼ਬੂਰ ਹੋਣਗੇ।
ਧਰਨੇ ਤੋਂ ਬਾਅਦ ਜ਼ਿਲ੍ਹੇ ਦੀਆਂ ਸਮੁੱਚੀਆਂ ਜੱਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ 3 ਜਨਵਰੀ ਦੇ ਰੋਸ ਪ੍ਰਦਰਸ਼ਨ ਨੂੰ ਸਫ਼ਲ ਕਰਨ ਦੀ ਰਣਨੀਤੀ ਬਣਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹੁਤ ਸਾਰੇ ਸਕੂਲਾਂ ਦੇ ਪ੍ਰਿਸੀਪਲ ਵਿਸ਼ਵਕੀਰਤ ਕਾਹਲੋਂ, ਤਸਕੀਨ ਅਖ਼ਤਰ, ਬਲਵਿੰਦਰ ਸਿੰਘ ਗਰੇਵਾਲ, ਮਨੋਜ ਕੁਮਾਰ, ਵਿਸ਼ਾਲ ਵਸ਼ਿਸ਼ਟ, ਪ੍ਰਿੰਸੀਪਲ ਨਵਤੇਜ ਸ਼ਰਮਾਂ, ਗੁਰਸ਼ਰਨ ਕੌਰ ਲਾਂਬਾ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਜਸਵੀਰ ਸਿੰਘ, ਭੁਪਿੰਦਰ ਕੌਰ ਰਾਏ, ਗੁਰਮੀਤ ਕੌਰ ਛੀਨਾਂ ਅਤੇ ਸੈਂਕੜੇ ਅਧਿਆਪਕ ਆਗੂ ਅਤੇ ਕਾਰਕੂਨ ਹਾਜ਼ਰ ਸਨ।ਭਾਰਤੀ ਕਿਸਾਨਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਦਾਗਰ ਸਿੰਘ ਘੁਡਾਣੀ ਨੇ
ਡੱਟਵੀ ਹਿਮਾਇਤ ਵੀ ਕੀਤੀ ਅਤੇ ਅਧਿਆਪਕਾਂ ਲਈ ਚਾਹ ਅਤੇ
ਰੋਟੀ ਦੇ ਲੰਗਰ ਦਾ ਬਾਖੂਬੀ ਪਰਬੰਧ ਕੀਤਾ। ਅਨੂਪ ਕੁਮਾਰ
ਪਾਸੀ ਨੇ ਕਾਨੂੰਨੀ ਪੱਖੋਂ ਬਣਦੀਆਂ ਹੋਰ ਧਾਰਾਵਾਂ ਜੋੜਨ
ਲਈ ਕੇਸ ਦੀ ਸਫਲ ਪੈਰਵਾਈ ਕੀਤੀ। ਪੈਨਸ਼ਨਰਜ਼ ਆਗੂ
ਮਾਸਟਰ ਮਲਕੀਤ ਸਿੰਘ ਨੇ ਸਟੇਜ ਸੰਚਾਲਨ ਕੀਤਾ।ਧਰਨੇ ਚ ਲੇਡੀ ਟੀਚਰਾਂ ਦੀ ਵੀ ਚੰਗੀ ਹਾਜਰੀ ਸੀ।ਮਾਨਤਾ ਪ੍ਰਾਪਤ ਸਕੂਲਾਂ ਦੇ ਪ੍ਰਤੀਨਿਧ ਵੀ ਸ਼ਾਮਲ ਸਨ।ਪੁਲਸ ਪ੍ਰਸ਼ਾਸ਼ਨ ਵੱਲੋਂ ਮੁਕੱਦਮਾ ਦਰਜ਼- ਨਰਮ ਧਾਰਾਵਾਂ ਬਾਰੇ ਸੰਗਠਨਾਂ ਨੇ ਵਿਰੋਧ ਕਰਦਿਆਂ
ਧਾਰਾਵਾਂ ਵਿੱਚ ਵਾਧਾ ਅਤੇ ਗ੍ਰਿਫ਼ਤਾਰੀ ਨਾ ਹੋਣ ਦੀ ਸੂਰਤ ਵਿੱਚ ਤਿੰਨ ਜਨਵਰੀ ਨੂੰ ਵਿਸ਼ਾਲ ਰੋਸ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ ।
ਕਿਸਾਨ ਸੰਗਠਨਾਂ ਵੱਲੋਂ ਅਧਿਆਪਕ ਸੰਘਰਸ਼ ਦੀ ਪੂਰਨ ਹਮਾਇਤ ਦੇਣ ਦਾ ਭਰੋਸਾ ਵੀ ਦਿੱਤਾ ਗਿਆ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly