(ਸਮਾਜ ਵੀਕਲੀ)
ਜਦ ਮੈਨੂੰ ਨਵੀਂ ਨਵੇਲੀ ਨੂੰ
ਚੌਂਕੇ ਸੀ ਚੜ੍ਹਾਇਆ
ਮੈਂ ਡਰੀ ਨੇ ਰਸੋਈ ‘ਚ
ਲੈਨਿਨ ਮਾਰਕਸ ਨੈਰੂਦਾ
ਏਂਗਲਜ਼ ਲੌਰਾ ਤੇ ਹੈਨਰੀ ਨੂੰ
ਡੱਬਿਆਂ ਪਿੱਛੇ ਲੁਕੇ ਹੀ ਪਾਇਆ
ਤੇ ਕੋਈ ਵੀ ਫਿਰ ਮੇਰੀ ਮਦਦ ਲਈ
ਨਹੀਂ ਸੀ ਆਇਆ
ਜਿਨ੍ਹਾਂ ਨੂੰ ਪੜ੍ਹ
ਮੈਂ ਡਿਗਰੀਆਂ ਵਾਲੀ ਦਾ
ਸਨਮਾਨ ਸੀ ਪਾਇਆ
ਇਸ ਲਈ ਮੇਰੇ ਹੱਥੋਂ ਬਣਾਏ
ਪਹਿਲੇ ਪ੍ਰਸ਼ਾਦ ‘ਚ
ਘਰਦਿਆਂ ਨੂੰ ਸਾਲਟ ਥੋੜ੍ਹਾ
ਵੱਧ ਹੀ ਨਜ਼ਰ ਆਇਆ
ਫਿਰ ਸੱਸ ਨੇ ਮੈਨੂੰ ਇਹ ਕਹਿ ਕੇ ਸੁਣਾਇਆ
ਕਿ ਤੇਰੀ ਮਾਂ ਨੇ ਤੈਨੂੰ ਕੁਝ ਨਹੀਂ ਸਿਖਾਇਆ
ਇਹ ਸੁਣ ਕੇ
ਮਰਦਾ ਹੋਇਆ ਪਾਸ਼ ਸੀ ਬਾਹਰ ਆਇਆ
ਪਰ ਬਾਪੂ ਨੇ
ਪੱਗ ਦਾ ਵਾਸਤਾ ਦੇ ਕੇ
ਉਸੇ ਚੱਕੀ ਨੂੰ ਸੀ ਫਿਰ ਹੱਥ ਪਵਾਇਆ
ਨਿਊਟਨ ਨੂੰ ਵੀ ਸਦਾ
ਦੁਸ਼ਮਣਾਂ ਵਾਲੀ ਕੈਟੇਗਰੀ ‘ਚ ਹੀ ਪਾਇਆ
ਜੋ ਸੇਬ ਨੂੰ ਥੱਲੇ ਸੁੱਟ
ਕੱਪਾਂ ਤੇ ਪਲੇਟਾਂ ਨੂੰ ਹੱਥੋਂ ਛੜਾਅ
ਵਾਧੂ ਦੇ ਝਮੇਲਿਆਂ ‘ਚ
ਸੀ ਲਿਆਇਆ
ਐਰਿਸਟੋਟਲ ਜੋ ਕਹਿੰਦਾ ਸੀ
ਕਿ ਧਰਤੀ ਗੋਲ ਹੈ ਨੂੰ ਭੁੱਲ
ਰੋਟੀਆਂ ਗੋਲ ਦਾ ਅਭਿਆਸ ਹੀ ਕਰਦੀ ਰਹੀ
ਤੇ ਅੰਦਰੋ ਅੰਦਰੀ ਡਰਦੀ ਰਹੀ
ਹਿਸਾਬ ਵਾਲੇ ਮਾਸਟਰ ਨਾਲ
ਤਾਂ ਗਰਾਰੀ ਫਸਾ ਲੈਂਦੀ
ਜੋ ਖੱਬੇ ਪਾਸੇ ਤੇ ਸੱਜੇ ਪਾਸੇ ਨੂੰ
ਅਖ਼ੀਰ ਤੇ ਆ ਝੂਠਾ ਸਾਬਿਤ ਕਰ ਦਿੰਦਾ
ਪਰ ਇੱਥੇ ਉਹ ਗਰਾਰੀ ਵੀ ਨਾ ਫਸਦੀ
ਜੇ ਫਸਾਉਂਦੀ ਤਾਂ ਬਦਤਮੀਜ਼ ਕਹਾਉਂਦੀ
ਸੋ ਮਾਂ ਦੇ ਸਿਧਾਂਤਾਂ ਨੂੰ ਹੀ ਸੀ ਅਪਣਾਇਆ
ਅੰਦਰੋਂ ਅੰਦਰੇ ਵਹਿੰਦੇ
ਦਰਿਆਵਾਂ ਦੇ ਵੇਗ ਨੂੰ
ਗੰਢੇ ਕੱਟ
ਪਰੋਪਾਈਲ ਥਾਇਓ ਅਲਕੋਹਲ ਦਾ
ਬਹਾਨਾ ਲਾ ਲਾ ਰੋ
ਆਪੇ ਨੂੰ ਆਪੇ ਨੇ
ਹੀ ਸੀ ਚੁੱਪ ਕਰਾਇਆ
ਕਿਊਰੀ ਦਾ ਰੇਡੀਅਮ ਬਣ
ਗਿੱਧੇ ਨਾਲ
ਦਲੀਲਾਂ ਨਾਲ
ਕਬੱਡੀ ਨਾਲ
ਇਲਮ ਨਾਲ
ਮਿਸ ਪੰਜਾਬਣ ਦੇ ਖਿਤਾਬ ਨਾਲ
ਜਿੱਤੇ ਕੱਪਾਂ ਨੂੰ ਵੀ ਫਿਰ
ਘਰਦਿਆਂ ਦੇ
ਜੂਠੇ ਕੱਪਾਂ ਨਾਲ ਹੀ ਧੋਤਾ ਪਾਇਆ
ਤੇ ਅਖ਼ੀਰ
ਸ਼ੈਕਸਪੀਅਰ ਦੇ ਨਾਟਕਾਂ ਦੀ ਪਾਤਰ
ਬਣਦੀ ਬਣਦੀ ਨੂੰ
ਬਾਪੂ ਅਜਮੇਰ ਔਲਖ ਨੇ ਹੀ ਸੀ
ਗਲ ਨਾਲ ਲਾਇਆ !
ਵਿਰਕ ਪੁਸ਼ਪਿੰਦਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly